Breaking News
Home / ਕੈਨੇਡਾ / ਭਾਸ਼ਾ ਕੇਵਲ ਸੰਚਾਰ ਦਾ ਮਾਧਿਅਮ ਹੀ ਨਹੀਂ, ਸਗੋਂ ਇਹ ਤਾਂ ਸੱਭਿਆਚਾਰਕ ਪਛਾਣ ਹੈ : ਡਾ. ਸੁਖਦੇਵ ਸਿੰਘ ਸਿਰਸਾ

ਭਾਸ਼ਾ ਕੇਵਲ ਸੰਚਾਰ ਦਾ ਮਾਧਿਅਮ ਹੀ ਨਹੀਂ, ਸਗੋਂ ਇਹ ਤਾਂ ਸੱਭਿਆਚਾਰਕ ਪਛਾਣ ਹੈ : ਡਾ. ਸੁਖਦੇਵ ਸਿੰਘ ਸਿਰਸਾ

‘ਦ ਲਿਟਰੇਰੀ ਰਿਫ਼ਲੈੱਕਸ਼ਨਜ਼’ ਵੱਲੋਂ ਡਾ. ਸਿਰਸਾ ਨਾਲ ਰਚਾਇਆ ਗਿਆ ਭਾਵਪੂਰਤ ਰੂ-ਬ-ਰੂ
ਬਰੈਂਪਟਨ/ਡਾ. ਝੰਡ : ਉੱਤਰੀ-ਅਮਰੀਕਨ ਖਿੱਤੇ ਵਿਚ 2018 ਤੋਂ ਵਿਚਰ ਰਹੀ ਸਾਹਿਤਕ ਸੰਸਥਾ ‘ਦ ਲਿਟਰੇਰੀ ਰਿਫਲੈੱਕਸ਼ਨਜ਼’ ਵੱਲੋਂ ਲੰਘੇ ਸ਼ਨੀਵਾਰ 16 ਜੁਲਾਈ ਨੂੰ ਉੱਘੇ ਵਿਦਵਾਨ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹਿਮ ਼ਪਿ” ਰਹੇ ਡਾ. ਸੁਖਦੇਵ ਸਿੰਘ ਸਿਰਸਾ ਜੋ ਅੱਜ ਕੱਲ੍ਹ ਸਰਵ-ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਹਨ, ਨਾਲ ਬਰੈਂਪਟਨ ਦੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ ਦੇ ਹਾਲ ਨੰਬਰ 3 ਵਿਚ ਮਹੱਤਵਪੂਰਨ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਡਾ. ਸਿਰਸਾ ਬਾਰੇ ਮੁੱਢਲੀ ਜਾਣਕਾਰੀ ਉਨ੍ਹਾਂ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਵਿਚ ਰਹੇ ਸਹਿਪਾਠੀ ਅਤੇ ਸਹਿਕਰਮੀ ਉੱਘੇ ਲੋਕਧਾਰਾ-ਵਿਗਿਆਨੀ ਡਾ. ਨਾਹਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਅਤੇ ਸਰੋਤਿਆਂ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਅਤੇ ਖੱਬੇ-ਪੱਖੀ ਵਿਚਾਰਧਾਰਾ ਨਾਲ ਸਬੰਧਿਤ ਸੁਆਲਾਂ ਦੇ ਜੁਆਬ ਡਾ. ਸਿਰਸਾ ਵੱਲੋਂ ਬਾਖ਼ੂਬੀ ਦਿੱਤੇ ਗਏ।
ਪ੍ਰੋਗਰਾਮ ਦਾ ਆਰੰਭ ਕਰਦਿਆਂ ਮੰਚ-ਸੰਚਾਲਕ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਡਾ. ਸੁਖਦੇਵ ਸਿੰਘ ਸਿਰਸਾ, ਡਾ. ਨਾਹਰ ਸਿੰਘ, ਪ੍ਰਿੰਸੀਪਲ ਸਰਵਣ ਸਿੰਘ, ਪੂਰਨ ਸਿੰਘ ਪਾਂਧੀ ਅਤੇ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੂੰ ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਉਪਰੰਤ, ‘ਦ ਲਿਟਰੇਰੀ ਰਿਫ਼ਲੈੱਕਸ਼ਨਜ’ ਸੰਸਥਾ ਦੀ ਡਾਇਰੈੱਕਟਰ ਕਹਾਣੀਕਾਰ ਗੁਰਮੀਤ ਪਨਾਗ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਸੰਸਥਾ ਦੀ 2018 ਵਿਚ ਹੋਈ ਸ਼ੁਰੂਆਤ ਅਤੇ ਇਸ ਦੇ ਵੱਲੋਂ ਹੁਣ ਤੱਕ ਕਰਵਾਏ ਗਏ ਵੱਖ-ਵੱਖ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ। ਡਾ. ਨਾਹਰ ਸਿੰਘ ਨੇ ਡਾ. ਸਿਰਸਾ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਸੂਫੀ-ਕਾਵਿ ਉੱਪਰ ਬੜਾ ਮਹੱਤਵਪੂਰਨ ਕੰਮ ਕੀਤਾ ਅਤੇ ਆਪਣੇ ਵਿਦਿਆਰਥੀਆਂ ਕੋਲੋਂ ਵੀ ਕਰਵਾਇਆ ਹੈ। ਉਹ ਪੰਜਾਬੀ ਭਾਸ਼ਾ ਤੋਂ ਇਲਾਵਾ ਹਿੰਦੀ ਵਿਚ ਲਿਖੇ ਗਏ ਸਾਹਿਤ ਅਤੇ ਖੱਬੇ-ਪੱਖੀ ਵਿਚਾਰਧਾਰਾ ਬਾਰੇ ਵੀ ਡੂੰਘੀ ਸਮਝ ਰੱਖਦੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਵਿਦਿਆਰਥੀ ਅਤੇ ਅਧਿਆਪਕ ਵਜੋਂ ਇਕੱਠੇ ਵਿਚਰਨ ਦੀਆਂ ਕਈ ਖ਼ੂਬਸੂਰਤ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਵਿਚ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸਟਾਫ਼-ਮੈਂਬਰਾਂ ਦੇ ਹਿੱਤਾਂ ਦੀ ਰਾਖੀ ਕਰਦਿਆਂ ਹੋਇਆਂ ਯੂਨੀਵਰਸਿਟੀ ਦੇ ਤਤਕਾਲੀ ਵਾਈਸ-ਚਾਂਸਲਰਾਂ ਨਾਲ ਹੋਈਆਂ ਕਈ ਤਲਖ਼ੀਆਂ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਉਨ੍ਹਾਂ ਡਾ. ਸਿਰਸਾ ਦੇ ਸੁਭਾਅ ਦੇ ‘ਕੱਬੇਪਨ’ ਦੀ ਗੱਲ ਵੀ ਬਾਖ਼ੂਬੀ ਕੀਤੀ।
ਡਾ. ਸੁਖਦੇਵ ਸਿੰਘ ਸਿਰਸਾ ਨੇ ਆਪਣੀ ਗੱਲ ਸਰੋਤਿਆਂ ਦੇ ਸੁਆਲਾਂ ਨਾਲ ਹੀ ਸ਼ੁਰੂ ਕੀਤੀ। ਪਿਆਰਾ ਸਿੰਘ ਕੁੱਦੋਵਾਲ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਕਾਰਗੁਜ਼ਾਰੀ ਬਾਰੇ ਪੁੱਛੇ ਗਏ ਇਕ ਸੁਆਲ ਦੇ ਜੁਆਬ ਵਿਚ ਡਾ. ਸਿਰਸਾ ਨੇ ਦੱਸਿਆ ਕਿ ਇਸ ਅਕਾਦਮੀ ਨੇ ਬੜੇ ਮਹੱਤਵਪੂਰਨ ਕੰਮ ਕੀਤੇ ਹਨ ਜਿਨ੍ਹਾਂ ਵਿਚ ਇਸ ਦੇ ਵੱਲੋਂ ਲੰਮੇਂ ਸਮੇਂ ਤੋਂ ਚਲਾਇਆ ਜਾ ਰਿਹਾ ਤ੍ਰੈ-ਮਾਸਿਕ ਪੱਤਰ ‘ਆਲੋਚਨਾ’ ਦਾ ਆਪਣਾ ਹੀ ਵੱਖਰਾ ਮੁਕਾਮ ਹੈ ਜਿਸ ਦੇ ‘ਭਾਰਤੀ ਸੂਫ਼ੀ ਪਰੰਪਰਾ’ ਵਿਸ਼ੇਸ਼ ਅੰਕ ਲਈ ਉਨ੍ਹਾਂ ਵੀ ਆਪਣਾ ਯੋਗਦਾਨ ਪਾਇਆ। ਇਸ ਅਕਾਦਮੀ ਦੀ ਕਾਰਜਕਾਰਨੀ ਦੇ ਮੈਂਬਰ ਬਣਨ ਅਤੇ ਇਸ ਦਾ ਲੋਕ-ਤੰਤਰੀ ਢਾਚਾ ਉਸਾਰਨ ਲਈ ਉਨ੍ਹਾਂ ਨੂੰ ਬੜੀ ਜੱਦੋ-ਜਹਿਦ ਕਰਨੀ ਪਈ। ਅਕਾਦਮੀ ਦੀ ਮੁੱਖ-ਇਮਾਰਤ ਅਤੇ ਲਾਇਬ੍ਰੇਰੀ ਲਈ ਸਰਕਾਰੀ ਗਰਾਂਟਾਂ ਤੇ ਗੈਰ-ਸਰਕਾਰੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਬਾਰੇ ਵੀ ਉਨ੍ਹਾਂ ਕਈ ਦਿਲਚਸਪ ਘਟਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੇ ਵਿਦਿਆਰਥੀ ਡਾ. ਚਰਨਜੀਤ ਸਿੰਘ ਪੱਡਾ ਨੇ ਉਨ੍ਹਾਂ ਦੇ ਸੁਹਿਰਦ ਅਧਿਆਪਕ ਹੋਣ ਬਾਰੇ ਆਪਣੇ ਹਾਵ-ਭਾਵ ਕਈ ਉਦਾਹਰਣਾਂ ਦੇ ਕੇ ਬਿਆਨ ਕੀਤੇ।
ਉੱਘੇ ਵਿਦਵਾਨ ਤੇ ਕਵੀ ਡਾ. ਸੁਖਪਾਲ ਵੱਲੋਂ ਅਜੋਕੀ ਪੰਜਾਬੀ ਕਵਿਤਾ ਵਿਚ ਇਕਾਗਰਤਾ ਦੀ ਕਮੀ ਬਾਰੇ ਸੁਆਲ ਦੇ ਜੁਆਬ ਵਿਚ ਡਾ. ਸਿਰਸਾ ਦਾ ਕਹਿਣਾ ਸੀ ਕਿ ਪੰਜਾਬੀ ਕਵਿਤਾ ਅੱਜਕੱਲ੍ਹ ਧੜਾਧੜ ਲਿਖੀ ਜਾ ਰਹੀ ਹੈ। ਅਜੋਕੇ ਕਵੀ ਕਵਿਤਾ ਬਾਰੇ ਮੁੱਢਲੀ ਜਾਣਕਾਰੀ ਲੈਣ ਦੀ ਖੇਚਲ ਨਹੀਂ ਕਰਦੇ ਅਤੇ ਨਾ ਹੀ ਉਹ ਸਮਰੱਥ ਕਵੀਆਂ ਦੀਆਂ ਰਚੀਆਂ ਹੋਈਆਂ ਪੁਸਤਕਾਂ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਛੰਦ-ਬੱਧ ਕਵਿਤਾ ਨਾਲੋਂ ਖੁੱਲ੍ਹੀ ਕਵਿਤਾ ਵਧੇਰੇ ਪ੍ਰਚੱਲਤ ਹੈ। ਕਵੀ ਮਲਵਿੰਦਰ ਦਾ ਸੁਆਲ ਵੀ ਅਜੋਕੀ ਕਵਿਤਾ ਦੇ ਸੰਦਰਭ ਵਿਚ ਹੀ ਸੀ, ਜਦਕਿ ਇਕ ਹੋਰ ਕਵੀ ਕੁਲਵੰਤ ਸਿੰਘ ਗਿੱਲ ਦਾ ਸੁਆਲ ਪੰਜਾਬ ਵਿਚ ਖੱਬੇ-ਪੱਖੀ ਵਿਚਾਰਧਾਰਾ ਦੀ ਲਹਿਰ ਦੇ ਵਿਕਸਤ ਨਾ ਹੋਣ ਬਾਰੇ ਸੀ ਜਿਸ ਦੇ ਜੁਆਬ ਵਿਚ ਡਾ. ਸਿਰਸਾ ਨੇ ਕਿਹਾ ਕਿ ਕਈ ਪ੍ਰਗਤੀਵਾਦੀ ਕਵੀਆਂ ਤੇ ਹੋਰ ਲੇਖਕਾਂ ਵੱਲੋਂ ਆਪਣੀਆਂ ਰਚਨਾਵਾਂ ਵੱਲੋਂ ਪੰਜਾਬ ਦੇ ਆਪਣੇ ਨਾਇਕਾਂ ਦੀ ਬਜਾਏ ਦੂਸਰੇ ਦੇਸ਼ਾਂ ਦੇ ਨਾਇਕਾਂ ਨੂੰ ਵਧੇਰੇ ਅਹਿਮੀਅਤ ਦਿੱਤੀ ਗਈ ਜੋ ਆਮ ਲੋਕਾਂ ਦੀ ਸਮਝ ਵਿਚ ਨਹੀਂ ਆ ਸਕੀ। ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ ਵੱਲੋਂ ਪੁੱਛੇ ਗਏ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਸੁਆਲ ਬਾਰੇ ਡਾ. ਸਿਰਸਾ ਨੇ ਕਿਹਾ ਕਿ ਸੰਸਾਰ ਦੀਆਂ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਾਂਗ ਪੰਜਾਬੀ ਭਾਸ਼ਾ ਉੱਪਰ ਵੀ ਭਵਿੱਖ ਵਿਚ ਖ਼ਤਮ ਹੋਣ ਦਾ ਖ਼ਤਰਾ ਮੰਡਰਾਅ ਰਿਹਾ ਹੈ ਅਤੇ ਇਸ ਦਾ ਇਕ ਕਾਰਨ ਸਾਡੇ ਭਾਰਤ ਦਾ ਸੰਵਿਧਾਨ ਵੀ ਹੈ ਜੋ ਖ਼ੇਤਰੀ ਭਾਸ਼ਾਵਾਂ ਨੂੰ ਰਾਸ਼ਟਰੀ-ਭਾਸ਼ਾਵਾਂ ਦਾ ਦਰਜਾ ਨਹੀਂ ਦਿੰਦਾ। ਪ੍ਰੋ. ਜਗੀਰ ਸਿੰਘ ਕਾਹਲੋਂ ਦੇ ਸੁਆਲ ਕਿ ਸ਼ਿਵ ਕੁਮਾਰ ਬਟਾਲਵੀ ਕੇਵਲ ਰੋਮਾਂਟਿਕ ਕਵੀ ਹੀ ਸੀ ਜਾਂ ਕੁਝ ਹੋਰ ਵੀ ਸੀ, ਦੇ ਜੁਆਬ ਵਿਚ ਡਾ. ਸਿਰਸਾ ਨੇ ਕਿਹਾ ਕਿ ਸ਼ਿਵ ਕੁਮਾਰ ਦੀ ਸਮੁੱਚੀ ਕਵਿਤਾ ਵਿਚ ਉਸ ਸਮੇਂ ਦੀ ਮੱਧ-ਵਰਗੀ ਜਮਾਤ ਦਾ ਦਰਦ ਤੇ ਪੀੜਾ ਝਲਕਦੀ ਹੈ। ਹੋਰ ਸੁਆਲ ਅਤੇ ਟਿੱਪਣੀ ਕਰਨ ਵਾਲਿਆਂ ਵਿਚ ਗੁਰਦੇਵ ਸਿੰਘ ਮਾਨ, ਡਾ. ਸੁਖਦੇਵ ਸਿੰਘ ਝੰਡ ਤੇ ਮਲੂਕ ਸਿੰਘ ਕਾਹਲੋਂ ਵੀ ਸ਼ਾਮਲ ਸਨ।
ਪ੍ਰਧਾਨਗੀ ਭਾਸ਼ਨ ਵਿਚ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਸਮਾਗ਼ਮ ਦੇ ਮੁੱਖ-ਬੁਲਾਰਿਆਂ ਡਾ. ਸੁਖਦੇਵ ਸਿੰਘ ਸਿਰਸਾ ਤੇ ਡਾ. ਨਾਹਰ ਸਿੰਘ, ਸੁਆਲ-ਕਰਤਾਵਾਂ ਅਤੇ ਸਮਾਗ਼ਮ ਵਿਚ ਹਾਜ਼ਰ ਸਮੂਹ ਸਾਹਿਤ-ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਨੇੜ-ਭਵਿੱਖ ਵਿਚ ਕਿਸੇ ਖ਼ਤਰੇ ਦੀ ਸੰਭਾਵਨਾ ਨੂੰ ਰੱਦ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ 1947 ਤੋਂ ਲੈ ਕੇ ਹੁਣ ਤੀਕ ਇਨ੍ਹਾਂ 75 ਸਾਲਾਂ ਵਿਚ ਪੰਜਾਬੀ ਭਾਸ਼ਾ ਦਾ ਕਾਫ਼ੀ ਪਸਾਰ ਹੋਇਆ ਹੈ। ਇਹ ਹੁਣ ਕੰਪਿਊਟਰ ਤੇ ਮੋਬਾਈਲ ਦੀ ਭਾਸ਼ਾ ਵੀ ਬਣ ਗਈ ਹੈ ਅਤੇ ਦੇਸ-ਵਿਦੇਸ਼ਾਂ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਬੋਲੀ ਤੇ ਲਿਖੀ ਜਾ ਰਹੀ ਹੈ। ਅਲਬੱਤਾ, ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨੀ ਪੰਜਾਬ ਦੇ ਲਾਹੌਰ ਸ਼ਹਿਰ ਦੇ ਇਕ ਕਰੋੜ ਲੋਕਾਂ ਵਿੱਚੋਂ 80-90 ਲੱਖ ਲੋਕਾਂ ਵੱਲੋਂ ਬੋਲੀ ਜਾਂਦੀ ਪੰਜਾਬੀ ਬੋਲੀ ਨੂੰ ਸਰਕਾਰੀ ਮਾਨਤਾ ਨਾ ਮਿਲਣ ‘ਤੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਵੀ ਕੀਤਾ। ਅਖ਼ੀਰ ਵਿਚ ਸੰਸਥਾ ਦੀ ਦੂਸਰੀ ਡਾਇਰੈੱਕਟਰ ਸੁਰਜੀਤ ਕੌਰ ਵੱਲੋਂ ਸਮਾਗ਼ਮ ਦੇ ਸਮੂਹ ਬੁਲਾਰਿਆਂ ਅਤੇ ਹਾਜ਼ਰੀਨ ਦਾ ਵਿਧੀਵੱਤ ਧੰਨਵਾਦ ਕੀਤਾ ਗਿਆ। ਹਾਜ਼ਰੀਨ ਵਿਚ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਹਰਿੰਦਰ ਹੁੰਦਲ, ਪ੍ਰੋ. ਹਰਭਜਨ ਸਿੰਘ ਸੇਖੋਂ, ਮਹਿੰਦਰ ਸਿੰਘ ਮੱਲ੍ਹੀ, ਅਮਨ ਸ਼ਰਮਾ, ਬਿਕਰਮ ਸਿੰਘ ਗਿੱਲ, ਅਮਰਜੀਤ ਸਿੰਘ ਬਾਈ, ਹਰਜੀਤ ਕੌਰ ਸੰਧੂ, ਸੁਰਿੰਦਰ ਕੌਰ ਮਾਨ, ਹਰਭਜਨ ਕੌਰ ਗਿੱਲ, ਸੁਖਸਾਗਰ ਰਾਮੂੰਵਾਲੀਆ ਤੇ ਸਰਬਜੀਤ ਕਾਹਲੋਂ ਸਮੇਤ ਕਈ ਹੋਰ ਵਿਅੱਕਤੀ ਸ਼ਾਮਲ ਸਨ।

 

 

Check Also

ਆਸਕਰ ਲਈ ਫਿਲਮ ‘ਲਾਪਤਾ ਲੇਡੀਜ਼’ ਦੀ ਚੋਣ

ਟੋਰਾਂਟੋ ਦੇ ਕੌਮਾਂਤਰੀ ਫਿਲਮ ਮੇਲੇ ‘ਚ ਵੀ ‘ਲਾਪਤਾ ਲੇਡੀਜ਼’ ਨੂੰ ਦਿਖਾਇਆ ਗਿਆ ਸੀ ਚੇਨਈ/ਬਿਊਰੋ ਨਿਊਜ਼ …