ਬਰੈਂਪਟਨ/ਡਾ. ਝੰਡ : ਕੈਪਟਨ ਇਕਬਾਲ ਸਿੰਘ ਵਿਰਕ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਵੱਲੋਂ ਭਾਰਤੀ ਸੈਨਾ ਦੀਆਂ ਸਾਰੀਆਂ ਸ਼ਾਖਾਵਾਂ ਏਅਰ ਫੋਰਸ, ਨੇਵੀ, ਥਲ ਸੈਨਾ, ਬੀ.ਐੱਸ.ਐੱਫ. ਤੇ ਟੈਰੀਟੋਰੀਅਲ ਆਰਮੀ ਦੇ ਸੇਵਾ-ਮੁਕਤ ਸੈਨਿਕਾਂ ਦੀ ਇਕ ਇਕੱਤਰਤਾ ਕੈਸੀਕੈਂਬਲ ਕਮਿਊਨਿਟੀ ਸੈਂਟਰ, ਬਰੈਂਪਟਨ ਦੇ ਕਮਰਾ ਨੰਬਰ 1 ਵਿਚ 5 ਜੂਨ ਦਿਨ ਐਤਵਾਰ ਨੂੰ ਸਵੇਰੇ 8.00 ਵਜੇ ਤੋਂ 11.00 ਵਜੇ ਤੱਕ ਬੁਲਾਈ ਗਈ ਗਈ ਹੈ, ਜਿਸ ਵਿਚ ਆਪੋ ਵਿਚ ਸੰਪਰਕ ਰੱਖਣ ਅਤੇ ਸਾਬਕਾ ਫੌਜੀਆਂ ਦੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਇਨ੍ਹਾਂ ਸੈਨਿਕਾਂ ਵਿੱਚੋਂ ਬਹੁਤ ਸਾਰਿਆਂ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੋਈਆਂ ਪੰਜ ਜੰਗਾਂ ਬਹਾਦਰੀ ਨਾਲ ਲੜੀਆਂ ਹੋਣਗੀਆਂ ਅਤੇ ਕਈਆਂ ਦੇ ਬਜ਼ੁਰਗਾਂ ਨੇ ਤਾਂ ਪਹਿਲੀ ਤੇ ਦੂਸਰੀ ਵਿਸ਼ਵ ਜੰਗ ਵਿਚ ਵੀ ਹਿੱਸਾ ਲਿਆ ਹੋਵੇਗਾ। ਅਫਸਰ ਰੈਂਕ ਤੋਂ ਲੈ ਕੇ ਹੇਠਲੇ ਸਮੂਹ ਰੈਂਕਾਂ ਤੱਕ ਸਾਰਿਆਂ ਨੂੰ ਕੈਪਟਨ ਵਿਰਕ ਅਤੇ ਸੇਵਾ ਸਿੰਘ ਬਡਿਆਲ ਵੱਲੋਂ ਇਸ ਮੀਟਿੰਗ ਵਿਚ ਆਉਣ ਲਈ ਸੱਦਾ ਦਿੱਤਾ ਜਾਂਦਾ ਹੈ। ਫੌਜੀ ਵਿਧਵਾਵਾਂ ਨੂੰ ਵੀ ਇਸ ਮੀਟਿੰਗ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਵਿਚਾਰ ਕੀਤੀ ਜਾ ਸਕੇ। ਆਉਣ ਜਾਣ ਦੀ ਦਿੱਕਤ ਦੀ ਹਾਲਤ ਵਿਚ ਰਾਈਡ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ।
ਕੈਪਟਨ ਵਿਰਕ ਦਾ ਕਹਿਣਾ ਹੈ ਕਿ ਮੀਟਿੰਗ ਵਿਚ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਸਮਾਂ ਦਿੱਤਾ ਜਾਏਗਾ। ਸਾਰੇ ਸਾਬਕਾ ਫੌਜੀ ਲੜੀਆਂ ਜੰਗਾਂ ਦੇ ਆਪੋ ਆਪਣੇ ਤਜਰਬੇ ਸਾਂਝੇ ਕਰਨਗੇ ਅਤੇ ਹੱਸ-ਖੇਡ ਕੇ ਇਸ ਇਕੱਤਰਤਾ ਦਾ ਅਨੰਦ ਮਾਨਣਗੇ। ਗਰਮਾ-ਗਰਮ ਚਾਹ-ਪਾਣੀ ਤੇ ਸਨੈਕਸ ਦਾ ਵਧੀਆ ਪ੍ਰਬੰਧ ਕੀਤਾ ਜਾਏਗਾ। ਇਸ ਦੇ ਲਈ ਕੋਈ ਖਰਚਾ ਨਹੀਂ ਲਿਆ ਜਾਏਗਾ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਮੈਂਬਰਸ਼ਿਪ ਹੀ ਲਈ ਜਾਏਗੀ, ਅਤੇ ਨਾ ਹੀ ਮੈਂਬਰਸਿਪ ਪੁੱਛੀ ਜਾਏਗੀ। ਅਲਬੱਤਾ! ਇਹ ਜ਼ਰੂਰ ਦੇਖਿਆ ਜਾਏਗਾ ਕਿ ਸਬੰਧਿਤ ਵਿਅੱਕਤੀ ਸਾਬਕਾ ਭਾਰਤੀ ਸੈਨਿਕ ਹੀ ਹੈ।
ਬਰੈਂਪਟਨ ਸਿਟੀ ਬੱਸ ਦੀ ਸੇਵਾ ਦਾ ਲਾਭ ਉਠਾਉਣ ਵਾਲੇ ਸਾਬਕਾ ਸੈਨਿਕ ਵੀਰਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਕੈਸੀਕੈਂਬਲ ਕਮਿਊਨਿਟੀ ਸੈਂਟਰ ਪਹੁੰਚਣ ਲਈ ਸੈਂਡਲਵੁਡ ਰੋਡ ‘ਤੇ 23 ਨੰਬਰ ਬੱਸ ਚੱਲਦੀ ਹੈ ਅਤੇ ਏਸੇ ਤਰ੍ਹਾਂ ਚਿੰਗੂਆਕੂਜ਼ੀ ਰੋਡ ‘ਤੇ 4 ਤੇ 4-ਏ ਬੱਸਾਂ ਚੱਲਦੀਆਂ ਹਨ। ਜ਼ਿਕਰਯੋਗ ਹੈ ਕਿ ਕੈਪਟਨ ਵਿਰਕ ਨੂੰ ਬਰੈਂਪਟਨ ਵਿਚ ਬਹੁਤ ਸਾਰੇ ਲੋਕ ਪਹਿਲਾਂ ਹੀ ਜਾਣਦੇ ਹਨ ਪਰ ਫਿਰ ਵੀ ਜਿਹੜੇ ਫੌਜੀ ਵੀਰ ਉਨ੍ਹਾਂ ਬਾਰੇ ਨਹੀਂ ਜਾਣਦੇ, ਉਨ੍ਹਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਹ ਓਹੀ ਇਨਸਾਨ ਹਨ ਜਿਨ੍ਹਾਂ ਨੇ ਪਹਿਲੀ ਨਵੰਬਰ 2015 ਅਤੇ 17 ਨਵੰਬਰ 2017 ਨੂੰ ਭਾਰਤੀ ਕੌਂਸਲੇਟ ਜਨਰਲ ਦਫਤਰ ਦੇ ਸਹਿਯੋਗ ਨਾਲ ਫਰੀ ਲਾਈਫ-ਸਰਟੀਫੀਕੇਟ ਕੈਂਪ ਲਗਾ ਕੇ ਬਰੈਂਪਟਨ ਵਿਚ ਇਸ ਪਰੰਪਰਾ ਦੀ ਸ਼ੁਰੂਆਤ ਕੀਤੀ ਸੀ। ਭਾਰਤੀ ਸੈਨਾ ਦੇ ਸਾਬਕਾ ਫੌਜੀ ਵੀਰਾਂ ਦੇ ਮਿਲ ਬੈਠਣ ਦੇ ਇਸ ਸਮਾਗਮ ਵਿਚ ਉਨ੍ਹਾਂ ਦੀ ਯੋਗ ਅਗਵਾਈ ਵਿਚ ਸੱਭ ਤੋਂ ਵੱਡੀ ਉਮਰ ਵਾਲੇ ਸਾਬਕਾ ਭਾਰਤੀ ਫੌਜੀ ਨੂੰ ਸਨਮਾਨਿਤ ਕੀਤਾ ਜਾਏਗਾ। ਉਨ੍ਹਾਂ ਵੱਲੋਂ ਅਤੇ ਸੇਵਾ ਸਿੰਘ ਬਡਿਆਲ ਵੱਲੋਂ ਭਾਰਤੀ ਸੈਨਾਵਾਂ ਦੇ ਸਮੂਹ ਸਾਬਕਾ ਫੌਜੀਆਂ ਨੂੰ ਇਸ ਇਕੱਤਰਤਾ ਵਿਚ ਸ਼ਿਰਕਤ ਕਰਨ ਲਈ ਇਕ ਵਾਰ ਫਿਰ ਬੇਨਤੀ ਕੀਤੀ ਜਾਂਦੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਕੈਪਟਨ ਵਿਰਕ ਨੂੰ 647-631-9445 ਜਾਂ ਸੇਵਾ ਸਿੰਘ ਬਡਿਆਲ ਨੂੰ 647-575-9279 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।