Breaking News
Home / Special Story / ਬੀਬੀਆਂ ਨੇ ਵੀ ‘ਕਿਸਾਨ ਸੰਸਦ’ ਦੀ ਸੰਭਾਲੀ ਕਮਾਨ

ਬੀਬੀਆਂ ਨੇ ਵੀ ‘ਕਿਸਾਨ ਸੰਸਦ’ ਦੀ ਸੰਭਾਲੀ ਕਮਾਨ

ਮਹਿਲਾਵਾਂ ਵੀ ਸੰਭਾਲ ਸਕਦੀਆਂ ਹਨ ਦੇਸ਼ ਦੀ ਵਾਗਡੋਰ : ਕਿਸਾਨ ਆਗੂ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਸਦ ਦੇ ਮੌਨਸੂਨ ਇਜਲਾਸ ਦੀ ਤਰਜ਼ ‘ਤੇ ਜੰਤਰ-ਮੰਤਰ ‘ਤੇ ਚਲਾਈ ਜਾ ਰਹੀ ਕਿਸਾਨ ਸੰਸਦ ‘ਚ 26 ਜੁਲਾਈ ਨੂੰ ਬੀਬੀਆਂ ਨੇ ਕਮਾਨ ਸੰਭਾਲਦਿਆਂ ਮੋਦੀ ਸਰਕਾਰ ਨੂੰ ਤਾਕਤ ਦਿਖਾਉਂਦਿਆਂ ਸੁਨੇਹਾ ਦਿੱਤਾ ਕਿ ਜੇਕਰ ਉਹ ਖੇਤੀ ਦੇ ਕੰਮ ਕਰ ਸਕਦੀਆਂ ਹਨ ਤਾਂ ਮੁਲਕ ਨੂੰ ਵੀ ਚਲਾ ਸਕਦੀਆਂ ਹਨ। ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਕਿਸਾਨ ਸੰਸਦ ‘ਚ ਸੋਮਵਾਰ ਨੂੰ ਕਾਰਵਾਈ 200 ਕਿਸਾਨ ਬੀਬੀਆਂ ਨੇ ਚਲਾਈ। ਕਿਸਾਨ ਮਹਿਲਾ ਸੰਸਦ ਦੇ ਤਿੰਨ ਸੈਸ਼ਨ ਵੀ ਹੋਏ। ਪਹਿਲੇ ਸੈਸ਼ਨ ਦੌਰਾਨ ਸੁਭਾਸ਼ਨੀ ਅਲੀ ਨੇ ਸਪੀਕਰ ਵਜੋਂ ਭੂਮਿਕਾ ਨਿਭਾਈ ਜਦਕਿ ਸੁਮਨ ਹੁੱਡਾ ਚੌਧਰੀ ਅਤੇ ਰਵਿੰਦਰ ਪਾਲ ਕੌਰ ਡਿਪਟੀ ਸਪੀਕਰ ਸਨ। ਦੂਜੇ ਸੈਸ਼ਨ ‘ਚ ਸਪੀਕਰ ਐਨੀ ਰਾਜਾ ਸਨ ਜਦਕਿ ਹਰਿੰਦਰ ਕੌਰ ਬਿੰਦੂ ਅਤੇ ਜਗਮਤੀ ਸਾਂਗਵਾਨ ਨੇ ਡਿਪਟੀ ਸਪੀਕਰ ਸਨ।
ਸੁਰਿੰਦਰ ਜੈਪਾਲ ਨੇ ਖੇਤੀ ਮੰਤਰੀ ਦੀ ਭੂਮਿਕਾ ਨਿਭਾਈ ਅਤੇ ਮਹਿਲਾ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਤੀਜੇ ਸੈਸ਼ਨ ਦੀ ਸਪੀਕਰ ਮੇਧਾ ਪਾਟੇਕਰ ਸਨ ਜਦਕਿ ਡਾ. ਕੰਵਲਜੀਤ ਢਿੱਲੋਂ ਅਤੇ ਅਨੁਰਾਧਾ ਬੇਨੀਵਾਲ ਨੇ ਡਿਪਟੀ ਸਪੀਕਰ ਵਜੋਂ ਭੂਮਿਕਾ ਨਿਭਾਈ। ਇਸ ਸੈਸ਼ਨ ‘ਚ ਨਿਸ਼ਾ ਸਿੱਧੂ ਨੇ ਖੇਤੀ ਮੰਤਰੀ ਵਜੋਂ ਖੇਤੀ ਕਾਨੂੰਨਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਨ੍ਹਾਂ ਤੋਂ ਇਲਾਵਾ ਨਵਸ਼ਰਨ, ਨਵਕਿਰਨ ਨੱਤ, ਜਸਵਿੰਦਰ ਕੌਰ ਅਤੇ ਹੋਰ ਸੂਬਿਆਂ ਦੀਆਂ ਮੈਂਬਰਾਂ ਨੇ ਵੀ ਮਹਿਲਾ ਕਿਸਾਨ ਸੰਸਦ ਚਲਾਉਣ ‘ਚ ਆਪਣਾ ਯੋਗਦਾਨ ਪਾਇਆ।
ਇਨ੍ਹਾਂ ਸੈਸ਼ਨਾਂ ‘ਚ 110 ਮਹਿਲਾਵਾਂ ਨੇ ਬਹਿਸ ‘ਚ ਹਿੱਸਾ ਲਿਆ ਅਤੇ ਖੇਤੀ ਮੁੱਦਿਆਂ ਬਾਰੇ ਸੁਆਲ ਪੁੱਛੇ। ਬੀਬੀਆਂ ਵੱਲੋਂ ਕਿਸਾਨ ਸੰਸਦ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ। ਇਸ ਮਗਰੋਂ ਦੋ ਮਿੰਟ ਦਾ ਮੌਨ ਧਾਰ ਕੇ ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ ਅੱਠ ਮਹੀਨਿਆਂ ਦੇ ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਰਾਜਸੀ ਆਗੂ ਅਤੇ ਸਮਾਜਿਕ ਕਾਰਕੁਨ ਸੁਭਾਸ਼ਨੀ ਅਲੀ ਨੇ ਕਿਸਾਨ ਸੰਸਦ ਦੀ ਸ਼ੁਰੂਆਤ ਕਰਦਿਆਂ ਕਿਹਾ, ”ਇਹ ‘ਸੰਸਦ’ ਮਹਿਲਾਵਾਂ ਦੀ ਤਾਕਤ ਦਾ ਪ੍ਰਦਰਸ਼ਨ ਕਰੇਗੀ।
ਜੇਕਰ ਬੀਬੀਆਂ ਖੇਤੀ ਦਾ ਕੰਮ ਕਰ ਸਕਦੀਆਂ ਹਨ ਤਾਂ ਉਹ ਦੇਸ਼ ਵੀ ਚਲਾ ਸਕਦੀਆਂ ਹਨ। ਕਿਸਾਨਾਂ ਵੱਲੋਂ ਤਿੰਨੋਂ ਕਾਲੇ ਕਾਨੂੰਨ ਰੱਦ ਹੋਣ ਅਤੇ ਐੱਮਐੱਸਪੀ ਦੀ ਮੰਗ ਮੰਨੇ ਜਾਣ ਤੱਕ ਅੰਦੋਲਨ ਜਾਰੀ ਰੱਖਣ ਦਾ ਅਹਿਦ ਲਿਆ। ਕਿਸਾਨ ਆਗੂ ਨੀਤੂ ਖੰਨਾ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਬਦਸਲੂਕੀ ਸ਼ਰਮਨਾਕ ਹੈ ਜਦਕਿ ਕਿਸਾਨਾਂ ਦੇ ਸਿਰ ‘ਤੇ ਹੀ ਮੁਲਕ ਅੱਜ ਜਿਉਂਦਾ ਹੈ। ਉਨ੍ਹਾਂ ਐੱਮਐੱਸਪੀ ਲਈ ਕਾਨੂੰਨੀ ਗਾਰੰਟੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਫ਼ਸਲਾਂ ਦੀ ਵਿਕਰੀ ਐੱਮਐੱਸਪੀ ‘ਤੇ ਨਾ ਹੋਈ ਤਾਂ ਆਮ ਆਦਮੀ ਨੂੰ ਇਸ ਦਾ ਨੁਕਸਾਨ ਝਲਣਾ ਪਵੇਗਾ। ਬੀਬੀਆਂ ਦੀ ਸੰਸਦ ‘ਚ ਸ਼ਮੂਲੀਅਤ ਕਰਨ ਵਾਲੀ ਨਵ ਕਿਰਨ ਨੇ ਜ਼ਰੂਰੀ ਵਸਤਾਂ ਬਾਰੇ (ਸੋਧ) ਐਕਟ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਇਹ ਦਾਅਵਾ ਕੀਤਾ ਕਿ ਇਹ ਔਰਤ ਵਿਰੋਧੀ, ਗਰੀਬ ਵਿਰੋਧੀ ਤੇ ਆਮ ਆਦਮੀ ਵਿਰੋਧੀ ਹੈ। ਕਿਸਾਨ ਸੰਸਦ ‘ਚ ਸ਼ਮੂਲੀਅਤ ਕਰਨ ਵਾਲੀ ਅਦਾਕਾਰਾ ਗੁਲ ਪਨਾਗ ਨੇ ਕਿਹਾ ਕਿ ਸਰਕਾਰ ਨੇ 1955 ਦੇ ਮੂਲ ਕਾਨੂੰਨ ਨੂੰ ਖੁੰਢਾ ਕਰ ਦਿੱਤਾ ਹੈ। ‘ਨਵਾਂ ਕਾਨੂੰਨ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਨੂੰ ਵਧਾਏਗਾ। ਲੋਕ ਇਹ ਗੱਲ ਨਹੀਂ ਸਮਝ ਰਹੇ ਹਨ ਕਿ ਨਵਾਂ ਕਾਨੂੰਨ ਕਿਸਾਨਾਂ ‘ਤੇ ਨਹੀਂ ਸਗੋਂ ਮੱਧ ਵਰਗ ਨੂੰ ਵੀ ਪ੍ਰਭਾਵਿਤ ਕਰੇਗਾ। ਇਸ ਲਈ ਇਹ ਕਾਨੂੰਨ ਤੁਰੰਤ ਰੱਦ ਕੀਤਾ ਜਾਵੇ।’
ਬੀਬੀਆਂ ਦੀ ‘ਸੰਸਦ’ ਵਿੱਚ ਪਾਸ ਕੀਤੇ ਗਏ ਮਤੇ
ੲ ਕਿਸਾਨ ਮੋਰਚੇ ਦੌਰਾਨ ਸ਼ਹੀਦ ਔਰਤਾਂ ਤੇ ਮਰਦਾਂ ਨੂੰ ਸ਼ਰਧਾਂਜਲੀ ਦਿੱਤੀ।
ੲ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ੲ ਔਰਤਾਂ ਲਈ ਸੰਸਦ ਵਿਚ 33 ਫ਼ੀਸਦੀ ਰਾਖਵੇਂਕਰਨ ਦੀ ਮੰਗ ਕੀਤੀ ਗਈ।
ੲ ਭਾਜਪਾ ਆਗੂਆਂ ਦੇ ਕਿਸਾਨ ਅੰਦੋਲਨ ਬਾਰੇ ਮੰਦਾ ਬੋਲਣ ਬਾਰੇ ਨਿੰਦਾ ਪ੍ਰਸਤਾਵ ਪਾਸ।
ੲ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੀਆਂ ਪਤਨੀਆਂ ਦੇ ਹੱਕਾਂ ਬਾਰੇ ਮਤਾ ਪਾਸ।
ੲ ਕਿਸਾਨ ਔਰਤਾਂ ਦੀ ਕਿਸਾਨ ਵਜੋਂ ਅੰਦੋਲਨ ਵਿਚ ਭਾਗੀਦਾਰੀ ਨੂੰ ਅੰਕਿਤ ਕਰਨ ਦਾ ਮਤਾ ਪਾਸ।
ਸੰਸਦ ਤਾਂ ਇਕ ਹੀ ਹੁੰਦੀ ਹੈ : ਤੋਮਰ
ਨਵੀਂ ਦਿੱਲੀ : ਦਿੱਲੀ ਦੇ ਜੰਤਰ-ਮੰਤਰ ‘ਤੇ ਜੁੜੀ ‘ਕਿਸਾਨ ਸੰਸਦ’ ਦੇ ਸੰਦਰਭ ਵਿਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ‘ਸੰਸਦ ਤਾਂ ਇਕ ਹੀ ਹੁੰਦੀ ਹੈ ਜਿਸ ਨੂੰ ਜਨਤਾ ਚੁਣ ਕੇ ਭੇਜਦੀ ਹੈ।’ ਉਨ੍ਹਾਂ ਇਕ ਵਾਰ ਮੁੜ ਕਿਹਾ ਕਿ ਕਿਸਾਨਾਂ ਨੂੰ ਅੰਦੋਲਨ ਦਾ ਰਾਹ ਛੱਡ ਕੇ ਗੱਲਬਾਤ ਦਾ ਰਾਹ ਫੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਵਿਅਕਤੀ ‘ਕਿਸਾਨ ਸੰਸਦ’ ਲਾ ਰਹੇ ਹਨ, ਉਸ ਦਾ ਕੋਈ ਅਰਥ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਕਿਸਾਨਾਂ ਨੂੰ ਸਰਕਾਰ ਗੱਲਬਾਤ ਦੀ ਅਪੀਲ ਕਰ ਚੁੱਕੀ ਹੈ।
ਕਿਸਾਨ ਅੰਦੋਲਨ ‘ਚ ਮਹਿਲਾਵਾਂ ਦੇ ਯੋਗਦਾਨ ਦੀ ਸ਼ਲਾਘਾ
ਸੰਯੁਕਤ ਕਿਸਾਨ ਮੋਰਚੇ ਨੇ ਸੰਘਰਸ਼ ਨੂੰ ਸੁਚੱਜੀ ਅਗਵਾਈ ਦਿੱਤੀ: ਕਿਸਾਨ ਆਗੂ
ਚੰਡੀਗੜ੍ਹ : ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਉਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਸਣੇ ਸਵਾ ਸੌ ਤੋਂ ਵੱਧ ਥਾਵਾਂ ‘ਤੇ ਧਰਨੇ ਜਾਰੀ ਹਨ।
ਇਸ ਦੌਰਾਨ ਕਿਸਾਨ ਆਗੂਆਂ ਨੇ ਨਵੀਂ ਦਿੱਲੀ ਵਿੱਚ ਮਹਿਲਾ ਸੰਸਦ ਵੱਲੋਂ ਪੂਰੀ ਦੁਨੀਆਂ ਦਾ ਧਿਆਨ ਖਿੱਚੇ ਜਾਣ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਕਿਹਾ ਕਿ ਕੌਮੀ ਰਾਜਧਾਨੀ ‘ਚ ਲੱਗਿਆ ਮੋਰਚਾ ਜਿੱਤ ਦੇ ਨੇੜੇ ਪੁੱਜ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਕਿਸਾਨ ਅੰਦੋਲਨ ਨੂੰ ਵਧੀਆ ਅਗਵਾਈ ਦੇ ਰਿਹਾ ਹੈ। ਕਿਸਾਨ ਬੁਲਾਰਿਆਂ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਘੇਰਨ ਲਈ ਘੜੀ ਜਾ ਰਹੀ ਰਣਨੀਤੀ ਦੀ ਵੀ ਹਮਾਇਤ ਕੀਤੀ ਅਤੇ ਕਿਹਾ ਕਿ ਪੰਜਾਬ ਤੋਂ ਉੱਠਿਆ ਕਿਸਾਨ ਅੰਦੋਲਨ ਭਾਜਪਾ ਦਾ ਪੂਰੇ ਮੁਲਕ ਵਿੱਚ ਬਿਸਤਰਾ ਗੋਲ ਕਰ ਕੇ ਰੱਖ ਦੇਵੇਗਾ।
ਬੁਲਾਰਿਆਂ ਨੇ ਮਹਿਲਾ ਸੰਸਦ ਵਿੱਚ ਹੋਈ ਉਸਾਰੂ ਬਹਿਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਔਰਤਾਂ ਦੀ ਸਿਆਸੀ ਸੂਝ-ਬੂਝ ਅਤੇ ਖੇਤੀ ਕਾਨੂੰਨਾਂ ਬਾਰੇ ਸਮਝ ਨੇ ਹਰ ਪੜ੍ਹਨ ਸੁਣਨ ਵਾਲੇ ਨੂੰ ਪ੍ਰਭਾਵਿਤ ਕੀਤਾ ਹੈ। ਇਸ ਲਈ ਹੁਣ ਸਰਕਾਰ ਨੂੰ ਵੀ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਇਸ ਕੋਲ ਹੋਰ ਕੋਈ ਚਾਰਾ ਨਹੀਂ ਹੈ।ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਧਰਨਿਆਂ ‘ਚ ਮਜ਼ਦੂਰਾਂ ਅਤੇ ਸ਼ਹਿਰੀ ਗ਼ਰੀਬ ਵਰਗ ਦੀ ਮੁਕਾਬਲਤਨ ਘੱਟ ਸ਼ਮੂਲੀਅਤ, ਧਰਨਿਆਂ ਦਾ ਕਮਜ਼ੋਰ ਪੱਖ ਰਿਹਾ ਹੈ ਪਰ ਆਉਂਦੇ ਦਿਨਾਂ ਵਿੱਚ ਇਸ ਕਮਜ਼ੋਰੀ ਨੂੰ ਦੂਰ ਕਰਨ ਦਾ ਅਹਿਦ ਲਿਆ ਗਿਆ ਹੈ।
ਕਿਸਾਨਾਂ ਦੇ ਵਿਰੋਧ ਕਾਰਨ ਮੀਟਿੰਗ ਵਿਚ ਨਾ ਪੁੱਜੇ ਸੋਮ ਪ੍ਰਕਾਸ਼ ਤੇ ਅਸ਼ਵਨੀ ਸ਼ਰਮਾ
ਮੁਕੇਰੀਆਂ ‘ਚ ਕਿਸਾਨਾਂ ਤੇ ਭਾਜਪਾ ਆਗੂਆਂ ਨੇ ਇੱਕ-ਦੂਜੇ ਖਿਲਾਫ ਲਾਏ ਨਾਅਰੇ
ਮੁਕੇਰੀਆਂ : ਮੁਕੇਰੀਆਂ ਦੇ ਮੌਨਸਰ ਮੰਦਰ ਵਿਚਲੇ ਹਾਲ ਵਿੱਚ ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਦਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵਿਰੋਧ ਕੀਤਾ। ਦੂਜੇ ਪਾਸੇ ਗੇਟ ਦੇ ਬਾਹਰ ਵਿਰੋਧ ਕਰ ਰਹੇ ਕਿਸਾਨਾਂ ਖਿਲਾਫ ਚੁਣੌਤੀ ਭਰੇ ਨਾਅਰੇ ਮਾਰਦੇ ਭਾਜਪਾ ਆਗੂ ਪੁਲਿਸ ਸੁਰੱਖਿਆ ਹੇਠ ਮਾਰਚ ਕਰਦਿਆਂ ਮੰਦਰ ਹਾਲ ਤੋਂ ਬਾਹਰ ਆਏ ਤੇ ਘਰਾਂ ਨੂੰ ਚਲੇ ਗਏ। ਭਾਜਪਾ ਨੇ ਇਸ ਮੀਟਿੰਗ ਵਿੱਚ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਦੇ ਆਉਣ ਦਾ ਦਾਅਵਾ ਕੀਤਾ ਸੀ, ਪਰ ਕਿਸਾਨਾਂ ਦੇ ਵਿਰੋਧ ਕਾਰਨ ਉਹ ਨਹੀਂ ਆਏ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸਤਨਾਮ ਸਿੰਘ ਬਾਗੜੀਆਂ, ਸੁਰਜੀਤ ਸਿੰਘ ਬਿੱਲਾ, ਅਵਤਾਰ ਸਿੰਘ ਬੌਬੀ, ਧਰਮਿੰਦਰ ਸਿੰਬਲੀ ਦੀ ਅਗਵਾਈ ਹੇਠ ਕਿਸਾਨਾਂ ਨੇ ਭਾਜਪਾ ਦੀ ਮੀਟਿੰਗ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਸੀ।
ਮੌਨਸਰ ਮੰਦਰ ਹਾਲ ਵਿੱਚ ਕੀਤੀ ਜਾ ਰਹੀ ਮੀਟਿੰਗ ਬਾਰੇ ਜਦੋਂ ਕਿਸਾਨ ਆਗੂਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਮਾਰਚ ਕਰਦਿਆਂ ਮੰਦਰ ਹਾਲ ਵੱਲ ਕੂਚ ਕਰ ਦਿੱਤਾ। ਇਸੇ ਦੌਰਾਨ ਪੁਲਿਸ ਵੱਲੋਂ ਮੰਦਰ ਨੂੰ ਜਾਂਦੇ ਰਸਤੇ ਦੇ ਮੋੜ ‘ਤੇ ਐੱਸਪੀ ਦਿਲਬਾਗ ਸਿੰਘ, ਡੀਐੱਸਪੀ ਰਵਿੰਦਰ ਸਿੰਘ, ਡੀਐੱਸਪੀ ਮੁਨੀਸ਼ ਕੁਮਾਰ, ਡੀਐੱਸਪੀ ਸਤਿੰਦਰ ਚੱਢਾ ਦੀ ਅਗਵਾਈ ਹੇਠ ਲਗਾਏ ਨਾਕੇ ‘ਤੇ ਕਿਸਾਨਾਂ ਨਾਲ ਝੜਪ ਹੋਈ। ਕਿਸਾਨ ਬੈਰੀਕੇਡ ਹਟਾ ਕੇ ਮੰਦਰ ਹਾਲ ਦੇ ਗੇਟ ਤੱਕ ਪੁੱਜ ਗਏ, ਜਿੱਥੇ ਪੁਲਿਸ ਦੀ ਕਰੀਬ 7 ਪਰਤੀ ਟੀਮ ਨੇ ਉਨ੍ਹਾਂ ਨੂੰ ਰੋਕ ਲਿਆ। ਕਿਸਾਨ ਗੇਟ ਦੇ ਬਾਹਰ ਭਾਜਪਾ ਤੇ ਪੁਲਿਸ ਵਿਰੋਧੀ ਨਾਅਰੇਬਾਜ਼ੀ ਕਰਦੇ ਰਹੇ ਅਤੇ ਅੰਦਰ ਭਾਜਪਾਈ ਮੀਟਿੰਗ ਕਰਦੇ ਰਹੇ। ਪੁਲਿਸ ਅਧਿਕਾਰੀਆਂ ਨੇ ਭਾਜਪਾ ਆਗੂਆਂ ਨੂੰ ਮੀਟਿੰਗ ਜਲਦ ਖਤਮ ਕਰ ਕੇ ਪਿਛਲੇ ਗੇਟ ਰਾਹੀਂ ਜਾਣ ਦੀਆਂ ਅਪੀਲਾਂ ਕੀਤੀਆਂ, ਪਰ ਕਿਸੇ ਭਾਜਪਾ ਆਗੂ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਭਾਜਪਾ ਆਗੂਆਂ ਦੀ ਕਰੀਬ 10 ਵਜੇ ਸ਼ੁਰੂ ਹੋਈ ਮੀਟਿੰਗ ਦੋ ਘੰਟੇ ਚੱਲੀ। ਮਗਰੋਂ ਭਾਜਪਾ ਆਗੂ ਮਾਰਚ ਕਰਦੇ ਹੋਏ ਨਾਅਰੇਬਾਜ਼ੀ ਕਰਦਿਆਂ ਬਾਹਰ ਨਿਕਲੇ।
ਕਿਸਾਨ ਮੋਰਚੇ ਦੇ ਆਗੂਆਂ ਨੇ ਆਰੋਪ ਲਾਇਆ ਕਿ ਭਾਜਪਾ ਦੀ ਮੀਟਿੰਗ ਨੂੰ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਵਾਈ ਅਤੇ ਗ਼ਲਤ ਰੰਗਤ ਦੇਣ ਦੇ ਮਨਸ਼ੇ ਨਾਲ ਭਾਜਪਾ ਨੂੰ ਮੰਦਰ ਅੰਦਰ ਮੀਟਿੰਗ ਕਰਨ ਦੀ ਇਜਾਜ਼ਤ ਦਿੱਤੀ।
ਚਡੂਨੀ ਵੱਲੋਂ ਚੰਡੀਗੜ੍ਹ ਇਕਾਈ ਦਾ ਗਠਨ
ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਚੰਡੀਗੜ੍ਹ ਦੇ ਸੈਕਟਰ-36 ਸਥਿਤ ਗੁਰਦੁਆਰਾ ਸਾਹਿਬ ਵਿੱਚ ਚੰਡੀਗੜ੍ਹ ਇਕਾਈ ਦਾ ਗਠਨ ਕੀਤਾ। ਇਸ ਮੌਕੇ ਕ੍ਰਿਪਾਲ ਸਿੰਘ ਨੂੰ ਭਾਰਤੀ ਕਿਸਾਨ ਯੂਨੀਅਨ ਚਡੂਨੀ ਦੀ ਚੰਡੀਗੜ੍ਹ ਇਕਾਈ ਦਾ ਪ੍ਰਧਾਨ, ਪਰਜਿੰਦਰ ਸਿੰਘ ਨੂੰ ਜਨਰਲ ਸਕੱਤਰ, ਲਾਡੀ ਪੰਨੂ ਨੂੰ ਮੀਤ ਪ੍ਰਧਾਨ ਐਲਾਨਿਆ ਗਿਆ। ਇਸੇ ਦੌਰਾਨ ਸਰਬੰਸ ਪ੍ਰਤੀਕ ਮਾਨ ਨੂੰ ਰਾਸ਼ਟਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ। ਗੁਰਨਾਮ ਸਿੰਘ ਚਡੂਨੀ ਨੇ ਚੰਡੀਗੜ੍ਹ ਇਕਾਈ ਦੇ ਆਗੂਆਂ ਨੂੰ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਸ਼ਰਾਰਤੀ ਅਨਸਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਇਸ ਲਈ ਕਿਸਾਨਾਂ ਦਾ ਹਰ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਜਾਵੇ।
ਖੇਤੀ ਕਾਨੂੰਨਾਂ ਖਿਲਾਫ ਇਕ ਸੁਰ ਹੋ ਕੇ ਡਟਣ ਵਿਰੋਧੀ ਧਿਰਾਂ : ਭਗਵੰਤ ਮਾਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਕਿਸਾਨ ਲੰਮੇ ਸਮੇਂ ਤੋਂ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਲਈ ਸੰਸਦ ਵਿੱਚ ਸਿਰਫ਼ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਹੀ ਚਰਚਾ ਕੀਤੀ ਜਾਵੇ।
ਭਗਵੰਤ ਮਾਨ ਨੇ ਰਾਹੁਲ ਗਾਂਧੀ ‘ਤੇ ਟਿੱਪਣੀ ਕਰਦਿਆਂ ਕਿਹਾ, ‘ਰਾਹੁਲ ਗਾਂਧੀ ਕਹਿ ਰਹੇ ਹਨ ਕਿ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਟਰੈਕਟਰ ਚਲਾ ਕੇ ਮੋਦੀ ਸਰਕਾਰ ਨੂੰ ਕਿਸਾਨਾਂ ਦਾ ਸੁਨੇਹਾ ਦਿੱਤਾ ਹੈ। ਇੱਕ ਦਿਨ ਦੇ ਦਿਖਾਵੇ ਪ੍ਰਦਰਸ਼ਨ ਨਾਲ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੋਣੇ। ਜਦੋਂ ਸਾਰੀਆਂ ਵਿਰੋਧੀ ਧਿਰਾਂ ਕਿਸਾਨਾਂ ਦੀ ਹਮਾਇਤ ਵਿੱਚ ਆਵਾਜ਼ ਬੁਲੰਦ ਕਰਨਗੀਆਂ ਤਾਂ ਹੀ ਕਾਲੇ ਕਾਨੂੰਨ ਰੱਦ ਹੋਣਗੇ।’ ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕਿਸਾਨਾਂ ਦੇ ਨਾਂ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ।
ਖੇਤੀ ਕਾਨੂੰਨ ਹਨ ਬੇਤੁਕੇ : ਭਗਵੰਤ ਮਾਨ
ਚੰਡੀਗੜ੍ਹ :ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਕਿਸਾਨੀ ਅੰਦੋਲਨ ਅਤੇ ਕਿਸਾਨ ਸੰਸਦ ਨੂੰ ਬੇਤੁਕਾ ਆਖੇ ਜਾਣ ‘ਤੇ ਸਖ਼ਤ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਖੇਤੀ ਸੁਧਾਰਾਂ ਦੇ ਨਾਂ ‘ਤੇ ਥੋਪੇ ਜਾ ਰਹੇ ਖੇਤੀ ਵਿਰੋਧੀ ਕਾਲੇ ਕਾਨੂੰਨ ਹੀ ਬੇਤੁਕੇ ਹਨ, ਜੋ ਕਿਸਾਨਾਂ ਨੇ ਮੰਗੇ ਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਣਾਏ ਗਏ ਕਿਸਾਨ ਮਾਰੂ ਕਾਨੂੰਨਾਂ ਨੂੰ ਜਦੋਂ ਜ਼ੋਰ-ਜ਼ਬਰਦਸਤੀ ਅੰਨਦਾਤੇ ‘ਤੇ ਥੋਪਿਆ ਜਾਵੇਗਾ ਤਾਂ ਕਿਸਾਨਾਂ-ਮਜ਼ਦੂਰਾਂ ਸਮੇਤ ਖੇਤੀਬਾੜੀ ‘ਤੇ ਨਿਰਭਰ ਸਾਰੇ ਵਰਗਾਂ ਵੱਲੋਂ ਉਸ ਦਾ ਵਿਰੋਧ ਸੁਭਾਵਿਕ ਹੈ।
ਚੌਟਾਲਾ ਨੂੰ ਕਿਸਾਨਾਂ ਨੇ ਸੁੱਚੇ ਮੂੰਹ ਹੀ ਵਾਪਸ ਮੋੜਿਆ
ਖਟਕੜ ਟੌਲ ਪਲਾਜ਼ਾ ‘ਤੇ ਕਿਸਾਨਾਂ ਨੇ ਸਾਬਕਾ ਮੁੱਖ ਮੰਤਰੀ ਨੂੰ ਮਾਈਕ ਦੇਣ ਤੋਂ ਵੀ ਇਨਕਾਰ ਕੀਤਾ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਦੇ ਬਹੁ-ਚਰਚਿਤ ਅਧਿਆਪਕ ਭਰਤੀ ਘੁਟਾਲੇ ਵਿੱਚੋਂ ਰਿਹਾਅ ਹੋਣ ਮਗਰੋਂ ਸਿਆਸਤ ਦੀ ਦੂਜੀ ਪਾਰੀ ਸ਼ੁਰੂ ਕਰਨ ਲਈ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਦਾ ਕਿਸਾਨ ਹਿਤੈਸ਼ੀ ਬਣਨ ਵਾਲਾ ਸਿਆਸੀ ਦਾਅ ਪੁੱਠਾ ਪੈਣਾ ਸ਼ੁਰੂ ਹੋ ਗਿਆ ਹੈ। ਜੀਂਦ ਦੇ ਖਟਕੜ ਟੌਲ ਪਲਾਜ਼ਾ ‘ਤੇ ਧਰਨੇ ਵਿੱਚ ਕਿਸਾਨ ਆਗੂਆਂ ਨੇ ਨਾ ਤਾਂ ਉਨ੍ਹਾਂ ਨੂੰ ਸਟੇਜ ‘ਤੇ ਚੜ੍ਹਨ ਦਿੱਤਾ ਅਤੇ ਨਾ ਹੀ ਮਾਈਕ ‘ਤੇ ਬੋਲਣ ਦਿੱਤਾ। ਕਿਸਾਨ ਜਥੇਬੰਦੀ ਨੇ ਸਾਬਕਾ ਮੁੱਖ ਮੰਤਰੀ ਚੌਟਾਲਾ ਨੂੰ ਸੁੱਚੇ ਮੂੰਹ ਹੀ ਵਾਪਸ ਮੋੜ ਦਿੱਤਾ। ਧਿਆਨ ਰਹੇ ਕਿ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਪਿਛਲੇ ਦਿਨੀਂ ਪਲਵਲ ਵਿੱਚ ਕਿਸਾਨ ਧਰਨੇ ‘ਚ ਗਏ ਸਨ, ਜਿੱਥੇ ਕਿਸਾਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਇਸੇ ਦੌਰਾਨ ਚੌਟਾਲਾ ਨੇ ਖ਼ੁਦ ਨੂੰ ਚੌਧਰੀ ਦੇਵੀ ਲਾਲ ਦਾ ਵਾਰਿਸ ਦੱਸਦਿਆਂ ਕਿਸਾਨਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਕੀਤੀ। ਉਸ ਮਗਰੋਂ ਓਮ ਪ੍ਰਕਾਸ਼ ਚੌਟਾਲਾ ਗਾਜ਼ੀਪੁਰ ਹੱਦ ‘ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੂੰ ਮਿਲ ਕੇ ਆਏ ਸਨ। ਫਿਰ ਉਨ੍ਹਾਂ ਜੀਂਦ ਵਿੱਚ ਪੈਂਦੇ ਖਟਕੜ ਟੌਲ ਪਲਾਜ਼ਾ ‘ਤੇ ਚੱਲ ਰਹੇ ਅੰਦੋਲਨ ਵਿੱਚ ਜਾਣਾ ਸੀ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਚੌਟਾਲਾ ਦਾ ਬਤੌਰ ਕਿਸਾਨ ਸਵਾਗਤ ਕਰਦੇ ਹਨ ਪਰ ਧਰਨੇ ਦੌਰਾਨ ਸਟੇਜ ‘ਤੇ ਨਹੀਂ ਆਉਣ ਦਿੱਤਾ ਜਾਵੇਗਾ ਅਤੇ ਨਾ ਹੀ ਧਰਨੇ ਵਿੱਚ ਮਾਈਕ ‘ਤੇ ਸੰਬੋਧਨ ਕਰਨ ਦਿੱਤਾ ਜਾਵੇਗਾ।
ਇਸੇ ਦੌਰਾਨ ਸਾਥੀਆਂ ਸਣੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਖਟਕੜ ਟੌਲ ਪਲਾਜ਼ਾ ‘ਤੇ ਪੁੱਜੇ ਅਤੇ ਕਿਸਾਨਾਂ ਦੇ ਧਰਨੇ ਵਿੱਚ ਜਾ ਕੇ ਬੈਠ ਗਏ। ਉਨ੍ਹਾਂ ਦੇ ਖੱਬੇ ਹੱਥ ‘ਤੇ ਸੱਟ ਲੱਗੀ ਹੋਈ ਸੀ। ਕੁਝ ਸਮੇਂ ਬਾਅਦ ਚੌਟਾਲਾ ਨੇ ਧਰਨੇ ਨੂੰ ਸੰਬੋਧਨ ਕਰਨ ਲਈ ਮਾਈਕ ਮੰਗਿਆ ਤਾਂ ਕਿਸਾਨ ਜਥੇਬੰਦੀਆਂ ਨੇ ਮਾਈਕ ਦੇਣ ਤੋਂ ਇਨਕਾਰ ਕਰ ਦਿੱਤਾ। ਚੌਟਾਲਾ ਨੇ ਲੋਕਾਂ ਦੀ ਸਲਾਹ ਲੈਣ ਦੀ ਗੱਲ ਆਖੀ। ਕਿਸਾਨ ਆਗੂ ਸਤਬੀਰ ਪਹਿਲਵਾਨ ਨੇ ਕਿਹਾ ਕਿ ਇਹ ਫ਼ੈਸਲਾ ਸਾਰੇ ਕਿਸਾਨਾਂ ਵੱਲੋਂ ਸਾਂਝੇ ਤੌਰ ‘ਤੇ ਲਿਆ ਗਿਆ ਹੈ, ਜਿਸ ਮਗਰੋਂ ਚੌਟਾਲਾ ਗੁੱਸੇ ਵਿੱਚ ਉੱਥੋਂ ਚਲੇ ਗਏ। ਸਤਬੀਰ ਪਹਿਲਵਾਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਾ ਫ਼ੈਸਲਾ ਹੈ ਕਿ ਕਿਸਾਨ ਧਰਨਿਆਂ ਦੀ ਸਟੇਜ ‘ਤੇ ਕਿਸੇ ਰਾਜਸੀ ਆਗੂ ਨੂੰ ਨਹੀਂ ਚੜ੍ਹਨ ਦਿੱਤਾ ਜਾਵੇਗਾ। ਉਸੇ ਤਹਿਤ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਓਮ ਪ੍ਰਕਾਸ਼ ਚੌਟਾਲਾ ਖਟਕੜ ਟੌਲ ਪਲਾਜ਼ਾ ‘ਤੇ ਆਉਂਦੇ ਹਨ ਤਾਂ ਮਾਈਕ ਨਹੀਂ ਦਿੱਤਾ ਜਾਵੇਗਾ।
ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਦਾ ਪ੍ਰੋਗਰਾਮ ਵਿਚਾਲੇ ਲਟਕਿਆ
ਫਿਰੋਜ਼ਪੁਰ ‘ਚ ਪੁਲਿਸ ਅਤੇ ਕਿਸਾਨਾਂ ਦਰਮਿਆਨ ਤਿੱਖੀ ਬਹਿਸ
ਫਿਰੋਜ਼ਪੁਰ : ਫਿਰੋਜ਼ਪੁਰ ਸ਼ਹਿਰ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਦੇ ਘਰ ਅੱਗੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਤਿੱਖੀ ਬਹਿਸ ਮਗਰੋਂ ਝੜਪ ਵੀ ਹੋਈ। ਕਿਸਾਨ ਇੱਥੇ ਭਾਜਪਾ ਪ੍ਰਧਾਨ ਦੇ ਘਰ ਹੋਣ ਵਾਲੀ ਭਾਜਪਾ ਆਗੂਆਂ ਦੀ ਮੀਟਿੰਗ ਨੂੰ ਰੋਕਣ ਵਾਸਤੇ ਇਕੱਠੇ ਹੋਏ ਸਨ। ਇੱਥੇ ਭਾਜਪਾ ਆਗੂ ਵਜੋਂ ਸੇਵਾਵਾਂ ਨਿਭਾਅ ਰਹੇ ਫ਼ਿਰੋਜ਼ਪੁਰ ਦੇ ਸਾਬਕਾ ਡੀਆਈਜੀ ਆਰਪੀ ਮਿੱਤਲ ਨੇ ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਪੁੱਜਣਾ ਸੀ ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਮੀਟਿੰਗ ਦੀ ਸੂਹ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਕਿਸਾਨ ਗੁਰੂ ਨਗਰ ਇਲਾਕੇ ਦੇ ਬਾਹਰ ਇਕੱਠੇ ਹੋ ਗਏ। ਸਥਾਨਕ ਪੁਲਿਸ ਨੇ ਇਥੇ ਪਹਿਲਾਂ ਤੋਂ ਹੀ ਬੈਰੀਕੇਡ ਲਾਏ ਹੋਏ ਸਨ। ਪੁਲਿਸ ਨੇ ਕਿਸਾਨਾਂ ਨੂੰ ਜਦੋਂ ਬੈਰੀਕੇਡ ਤੋਂ ਪਿੱਛੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਭੜਕ ਗਏ। ਇਸ ਦੌਰਾਨ ਪੁਲਿਸ ਅਤੇ ਕਿਸਾਨਾਂ ਦਰਮਿਆਨ ਤਿੱਖੀ ਬਹਿਸ ਮਗਰੋਂ ਜਬਰਦਸਤ ਝੜਪ ਵੀ ਹੋਈ। ਪੁਲਿਸ ਨਾਲ ਧੱਕਾ-ਮੁੱਕੀ ਦੌਰਾਨ ਕਿਸਾਨ ਬੈਰੀਕੇਡ ਹਟਾ ਕੇ ਕਲੋਨੀ ਦੇ ਗੇਟ ਤੱਕ ਪਹੁੰਚ ਗਏ। ਇਸ ਗੇਟ ਨੂੰ ਵੀ ਪੁਲਿਸ ਨੇ ਰੱਸੇ ਬੰਨ੍ਹ ਕੇ ਬੰਦ ਕੀਤਾ ਹੋਇਆ ਸੀ, ਜਿਸ ਕਰਕੇ ਕਿਸਾਨ ਇਸ ਗੇਟ ਤੋਂ ਅੱਗੇ ਨਹੀਂ ਜਾ ਸਕੇ ਤੇ ਕਿਸਾਨਾਂ ਨੇ ਇਥੇ ਰੁਕ ਕੇ ਹੀ ਪ੍ਰਦਰਸ਼ਨ ਸ਼ੁਰੂ ਕੀਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਫ਼ਿਰੋਜ਼ਪੁਰ ਦੇ ਜ਼ੋਨ ਪ੍ਰਧਾਨ ਸ਼ਿੰਗਾਰਾ ਸਿੰਘ ਪੰਨੂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੂਰੇ ਦੇਸ਼ ਦੇ ਕਿਸਾਨ ਇੱਕਜੁਟ ਹੋ ਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ, ਦੂਜੇ ਪਾਸੇ ਭਾਜਪਾ ਦੇ ਆਗੂ ਘਰਾਂ ਵਿੱਚ ਮੀਟਿੰਗਾਂ ਕਰ ਰਹੇ ਹਨ। ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਭਾਜਪਾ ਆਗੂਆਂ ਨੂੰ ਕੋਈ ਮੀਟਿੰਗ ਜਾਂ ਸਮਾਗਮ ਨਹੀਂ ਕਰਨ ਦਿੱਤਾ ਜਾਵੇਗਾ।
ਭਾਜਪਾ ਆਗੂ ਨੇ ਪ੍ਰਦਰਸ਼ਨ ਨੂੰ ਲੋਕਤੰਤਰ ਦਾ ਘਾਣ ਦੱਸਿਆ
ਭਾਜਪਾ ਆਗੂ ਸੁਰਿੰਦਰ ਸਿੰਘ ਨੇ ਕਿਸਾਨਾਂ ਦੇ ਇਸ ਰੋਸ ਪ੍ਰਦਰਸ਼ਨ ਨੂੰ ਲੋਕਤੰਤਰ ਦਾ ਘਾਣ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਨੂੰ ਤਿਆਰ ਹੈ ਤੇ ਕਿਸਾਨ ਆਗੂਆਂ ਨੂੰ ਕੇਂਦਰ ਸਰਕਾਰ ਨਾਲ ਬੈਠ ਕੇ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ।

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …