ਦਲਵੀਰ ਸਿੰਘ ਲੁਧਿਆਣਵੀ
ਸਾਇੰਸਦਾਨ ਹੁਣ ਇਹ ਖੋਜ ਕਰ ਰਹੇ ਹਨ ਕਿ ਸੰਸਾਰ ਦੀ ਹਰ ਵਸਤੂ, ਭਾਵੇਂ ਉਹ ਨਿੱਕੀ ਤੋਂ ਨਿੱਕੀ ਹੋਵੇ ਜਾਂ ਵੱਡੀ ਤੋਂ ਵੱਡੀ, ਵਿਚ ਇਕੋ ਜਿਹੇ ਅਸੂਲ ਕੰਮ ਕਰਦੇ ਹਨ, ਜਦਕਿ ਸਤਿਗੁਰੂ ਨਾਨਕ ਦੇਵ ਜੀ ਇਹ ਗੱਲ ਹਜ਼ਾਰਾਂ ਸਾਲ ਪਹਿਲਾਂ ਕਹਿ ਗਏ ਸਨ ਕਿ ਇਸ ਬ੍ਰਹਿਮੰਡ ਨੂੰ ਚਲਦੇ ਰੱਖਣ ਵਿਚ ਹਰ ਸ਼ੈਅ ਆਪੋ-ਆਪਣਾ ਯੋਗਦਾਨ ਪਾਉਂਦੀ ਹੈ। ਕੁਦਰਤ ਦੀ ਹਰ ਚੀਜ਼ ਕਿਰਿਆਸ਼ੀਲ ਹੈ ਅਤੇ ਸਾਰਾ ਬ੍ਰਹਿਮੰਡ ਹੀ ਵਿਕਾਸ ਵੱਲ ਵਧ ਰਿਹਾ ਹੈ। ਇਥੋਂ ਤੱਕ ਕਿ ਇਕ ਨਿੱਕਾ ਜਿਹਾ ਬੂਟਾ ਵੀ ਫੁੱਲ-ਫਲ ਤੱਕ ਅਪੜਨ ਦੀ ਕੋਸ਼ਿਸ਼ ਕਰਦਾ ਹੈ, ਬੀਜ ਪੁੰਗਰਦਾ ਹੈ, ਬੂਟਾ ਬਣਦਾ ਹੈ, ਫੁੱਲ ਖਿੜਦਾ ਹੈ ਅਤੇ ਬ੍ਰਹਿਮੰਡ ਵਿਚ ਸੁਹੱਪਣ, ਖੇੜਾ, ਮਹਿਕ ਅਤੇ ਖੁਸ਼ੀਆਂ ਦੀ ਵਰਖਾ ਕਰਦਾ ਹੈ।’ਗੁਰੂ ਜੀ ਤਾਂ ਇਥੋਂ ਤੱਕ ਵੀ ਕਹਿ ਗਏ ਸਨ ਕਿ ਜੋ ਅਸੂਲ ਬ੍ਰਹਿਮੰਡ ਵਿਚ ਕੰਮ ਕਰ ਰਿਹਾ ਹੈ, ਉਹੀ ਮਨੁੱਖੀ ਸਰੀਰ ਵਿਚ। ‘ਜੋ ਬ੍ਰਹਮੰਡਿ ਖੰਡਿ ਸੋ ਜਾਣਹੁ॥’ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1041)। ਗੱਲ ਕੀ, ਸਤਿਗੁਰੂ ਨਾਨਕ ਦੇਵ ਜੀ ਸੰਸਾਰ ਦੇ ਪਹਿਲੇ ਮਹਾਨ ਦਾਰਸ਼ਨਿਕ ਗੁਰੂ ਹੋਏ ਹਨ, ਜਿਨ÷ ਾਂ ਨੇ ਕੁਦਰਤ ਦੇ ਸਹਿਯੋਗ ਤੇ ਸਹਿ-ਵਿਚਰਨ ਦੀ ਕਲਾ ਦਾ ਭੇਦ ਖੋਲਿ÷ ਆ।
ਸਤਿਗੁਰੂ ਨਾਨਕ ਦੇਵ ਜੀ ਰੱਬੀ ਨੂਰ, ਗਿਆਨ ਦੇ ਸਾਗਰ, ਉਚਕੋਟੀ ਦੇ ਵਿਦਵਾਨ, ਸ਼ਾਇਰ, ਸਮਾਜ ਸੁਧਾਰਕ, ਸਿੱਖ ਧਰਮ ਦੇ ਬਾਨੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ। ਭਾਈ ਗੁਰਦਾਸ ਜੀ ਗੁਰੂ ਜੀ ਦੇ ਆਗਮਨ ਦਿਵਸ ਬਾਰੇ ਇਉਂ ਫ਼ਰਮਾਉਂਦੇ ਹਨ :
ਸਤਿਗੁਰੂ ਨਾਨਕ ਪ੍ਰਗਟਿਆ। ਮਿਟੀ ਧੁੰਦ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ। ਤਾਰੈ ਛਪੈ ਅੰਧੇਰ ਪਲੋਆ॥
(ਵਾਰ 1, ਪਉੜੀ 27)
ਜਦੋਂ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 1469 ਈ: ਨੂੰ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ), ਜ਼ਿਲਾ ਸ਼ੇਖੂਪੁਰਾ (ਪਾਕਿਸਤਾਨ) ਵਿਚ ਮਾਤਾ ਤ੍ਰਿਪਤਾ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਹੋਇਆ ਤਾਂ ਉਦੋਂ ਦੇ ਹਾਲਾਤ ਵੀ ਕਾਫ਼ੀ ਹੱਦ ਤੱਕ ਅਜੋਕੇ ਹਾਲਾਤ ਨਾਲ ਮੇਲ ਖਾਂਦੇ ਸਨ। ਬੰਦਾ, ਬੰਦੇ ਨੂੰ ਨਹੀਂ ਸੀ ਪਛਾਣਦਾ ਅਤੇ ਥਾਂ-ਥਾਂ ਲੁੱਟ-ਖਸੁੱਟ, ਚੋਰ-ਬਾਜ਼ਾਰੀ, ਠੱਗੀ-ਠੋਰੀ ਆਦਿ ਆਮ ਹੋ ਰਹੀ ਸੀ। ਚਾਰੇ ਪਾਸੇ ਪੈਸੇ ਦਾ ਬੋਲਬਾਲਾ ਸੀ। ਲੋਕ ਵਹਿਮਾਂ-ਭਰਮਾਂ, ਜਾਦੂ-ਟੂਣਿਆਂ ਤੇ ਹੇਰਾਫੇਰੀਆ ਵਿਚ ਬੁਰੀ ਤਰ÷ ਾਂ ਫਸੇ ਹੋਏ ਸਨ। ‘ਤਕੜੇ ਦਾ ਸੱਤੀਂ ਵੀਹਵੀਂ ਸੌ’ ਵਾਲੀ ਗੱਲ ਸੀ।
ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਹਰ ਪਹਿਲੂ ਨੂੰ ਛੂਹਿਆ ਅਤੇ ਲੋਕਾਈ ਨੂੰ ਸਿੱਧੇ ਰਸਤੇ ਪਾਇਆ। ਮਲਿਕ ਭਾਗੋ ਨੂੰ ਭਾਈ ਲਾਲੋ ਦੀ ਸੱਚੀ-ਸੁੱਚੀ ਕਿਰਤ ਦੀ ਉਦਾਹਰਨ ਦੇ ਕੇ ਹੱਕ-ਹਲਾਲ ਦੀ ਕਮਾਈ ਕਰਨ ਵੱਲ ਲਾਇਆ। ਪੰਡਿਤਾਂ-ਯੋਗੀਆਂ ਨੂੰ ਝੂਠੇ ਕਰਮ-ਕਾਂਡਾਂ ਤੇ ਭੇਖਾਂ, ਸਮਾਧੀਆਂ, ਸਰੀਰ ਨੂੰ ਕਸ਼ਟ ਦੇਣ ਵਾਲੇ ਤਰੀਕਿਆਂ ਨੂੰ ਤਿਆਗਣ ਅਤੇ ਸੱਚੀ ਭਗਤੀ ਕਰਨ ਦਾ ਉਪਦੇਸ਼ ਦਿੱਤਾ।
ਐਮਨਾਬਾਦ ਵਿਖੇ ਪੰਡਿਤ ਦੁਨੀ ਚੰਦ ਨੂੰ ਪਿਤਰ ਪੂਜਾ ਦੀ ਅਸਲੀਅਤ ਦੱਸਦਿਆਂ ਉਸ ਨੂੰ ਗਿਆਨ ਕਰਵਾਇਆ ਕਿ ਪਿਤਰ ਪੂਜਾ ਵਿਅਰਥ ਹੈ। ਪਾਕਪਟਨ ਵਿਖੇ ਸ਼ੇਖ ਇਬਰਾਹਿਮ ਨੂੰ ਇਹ ਦੱਸਿਆ ਕਿ ਸਾਰੇ ਮਨੁੱਖ ਇਕੋ ਜਿਹੇ ਹਨ ਅਤੇ ਨਸਲ ਦੇ ਆਧਾਰ ‘ਤੇ ਕੋਈ ਵੱਡਾ-ਛੋਟਾ ਨਹੀਂ ਹੈ। ਇਸੇ ਤਰ÷ ੍ਹਾਂ ਹੀ ਸੱਜਣ ਠੱਗ ਨੂੰ ਠੱਗੀਆਂ ਛੱਡ ਕੇ ਸਮੁੱਚੇ ਸਮਾਜ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ।
ਆਪਣੀਆਂ ਚਾਰ ਉਦਾਸੀਆਂ ਦੌਰਾਨ ਗੁਰੂ ਜੀ ਹਰਿਦੁਆਰ, ਇਲਾਹਾਬਾਦ, ਬਨਾਰਸ, ਗਇਆ, ਜਗਨ ਨਾਥਪੁਰੀ, ਮਥਰਾ ਆਦਿ ਤੀਰਥਾਂ ‘ਤੇ ਗਏ ਤੇ ਲੋਕਾਈ ਨੂੰ ਸੱਚੇ ਰੱਬ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਸੁਮੇਰ ਪਰਬਤ ‘ਤੇ ਰਹਿ ਰਹੇ ਸਿੱਧ-ਯੋਗੀਆਂ ਨੂੰ ਗ੍ਰਹਿਸਥੀ ਜੀਵਨ ਦੀ ਮਹਾਨਤਾ ਦੱਸੀ ਕਿ ਕਿਵੇਂ ਮਿਹਨਤ ਦੇ ਨਾਲ-ਨਾਲ ਹੀ ਰੱਬ ਨੂੰ ਯਾਦ ਕੀਤਾ ਜਾ ਸਕਦਾ ਹੈ। ਕਸ਼ਮੀਰ ਵਿਖੇ ਪੰਡਿਤ ਬ੍ਰਹਮ ਦੱਤ ਨੂੰ ਸਮਝਾਇਆ ਕਿ ਕੇਵਲ ਕਿਤਾਬੀ ਗਿਆਨ ਨਾਲ ਹੀ ਪ੍ਰਭੂ ਖੁਸ਼ ਨਹੀਂ ਹੁੰਦਾ, ਉਹ ਤਾਂ ਸੱਚੀ-ਸੁੱਚੀ ਭਗਤੀ ‘ਤੇ ਹੀ ਖੁਸ਼ ਹੁੰਦਾ ਹੈ। ਮੱਕੇ ਵਿਚ ਜਾ ਕੇ ਕਾਜ਼ੀਆਂ ਨੂੰ ਦੱਸਿਆ ਕਿ ਅਕਾਲ ਪੁਰਖ ਦੀ ਹੋਂਦ ਹਰ ਪਾਸੇ ਹੈ। ਗੁਰੂ ਜੀ ਨੇ ਸਮਕਾਲੀ ਬਾਦਸ਼ਾਹਾਂ ਵਿਚ ਬਹਿਲੋਲ ਲੋਧੀ, ਸਿਕੰਦਰ ਲੋਧੀ, ਇਬਰਾਹੀਮ ਲੋਧੀ, ਬਾਬਰ ਅਤੇ ਹਮਾਯੂੰ ਨੂੰ ਵੀ ਸਿੱਧੇ ਰਸਤੇ ਪਾਇਆ, ਜੋ ਲੋਕਾਂ ‘ਤੇ ਕਹਿਰ ਕਮਾ ਰਹੇ ਸਨ।
ਜਦੋਂ ਗੁਰੂ ਜੀ ਸੁਲਤਾਨਪੁਰ (ਪੰਜਾਬ) ਵਿਖੇ ਵੇਈਂ ਨਦੀ ਤੋਂ ਤੀਸਰੇ ਦਿਨ ਬਾਹਰ ਆਏ ਤਾਂ ਇਹੀ ਨਾਅਰਾ ਦਿੱਤਾ ਸੀ, ‘ਨਾ ਕੋਈ ਹਿੰਦੂ, ਨਾ ਮੁਸਲਮਾਨ।’ ਸਾਰੀ ਸ੍ਰਿਸ਼ਟੀ ਇਕ ਹੀ ਅਕਾਲ ਪੁਰਖ ਦੀ ਰਚਨਾ ਹੈ। ਸਭ ਮਨੁੱਖ ਬਰਾਬਰ ਹਨ। ਇਥੇ ਹੀ ਗੁਰੂ ਜੀ ਨੇ ਸ਼ਾਹੀ ਮਸਜਿਦ ਵਿਚ ਜਾ ਕੇ ਸੱਚੀ ਭਗਤੀ ਦਾ ਉਪਦੇਸ਼ ਦਿੰਦਿਆਂ ਕਾਜ਼ੀ-ਮੁੱਲਾਂ ਸਮੇਤ ਸਾਰਿਆਂ ਨੂੰ ਸਮਝਾਇਆ, ‘ਜੇ ਮਨ ਭਗਤੀ ਵਿਚ ਨਹੀਂ ਜੁੜਿਆ ਤਾਂ ਭਗਤੀ ਕਰਨ ਦਾ ਕੋਈ ਫ਼ਾਇਦਾ ਨਹੀਂ।’
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 974 ਪਦੇ ਤੇ ਸਲੋਕ ਦਰਜ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿਚ ਦਰਜ ਹੈ ਤੇ ਇਨ÷ ਾਂ ਬਾਣੀਆਂ ਦਾ ਨਿਤਨੇਮ ਵੀ ਕੀਤਾ ਜਾਂਦਾ ਹੈ। ਗੁਰੂ ਜੀ ਦੁਆਰਾ ਉਚਾਰੀ ਗਈ ਬਾਣੀ ਅਜੋਕੇ ਜ਼ਮਾਨੇ ਵਿਚ ਵੀ ਲੋਕਾਈ ਦਾ ਮਾਰਗ-ਦਰਸ਼ਕ ਕਰ ਰਹੀ ਹੈ।
ਸ੍ਰੀ ਜਪੁਜੀ ਸਾਹਿਬ ਜੀ ਦੇ ਸਮਾਪਤੀ ਵਾਲੇ ਸਲੋਕ ਵਿਚ ਗੁਰੂ ਜੀ ਵਾਤਾਵਰਨ ਨੂੰ ਸੰਭਾਲਣ ਦਾ ਉਪਦੇਸ਼ ਦਿੰਦੇ ਹਨ :
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ : 8)
ਹਵਾ (ਪਵਣੁ) ਨੂੰ ਗੁਰੂ ਦਾ, ਪਾਣੀ ਨੂੰ ਪਿਤਾ ਦਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦੇ ਕੇ ਸਤਿਕਾਰਿਆ ਗਿਆ ਹੈ। ਪਰ ਅੱਜ ਦੇਖੋ, ਕੀ ਹੋ ਰਿਹਾ?
ਸਤਿਗੁਰੂ ਜੀ ਇਹ ਸਚਾਈ ਪਹਿਲਾਂ ਹੀ ਪ੍ਰਗਟ ਕਰ ਚੁੱਕੇ ਹਨ, ਜਦ ਕਿ ਵਿਗਿਆਨੀਆਂ ਨੇ ਆਪਣੀ ਵਿਕਾਸ ਥਿਊਰੀ ਰਾਹੀਂ ਹੁਣ ਸਵੀਕਾਰ ਕੀਤਾ ਹੈ ਕਿ ਸਭ ਤੋਂ ਪਹਿਲਾਂ ਜੀਵ ਦੀ ਉਤਪਤੀ ਪਾਣੀ ਵਿਚ ਹੋਈ ਅਤੇ ਇਸੇ ਕਾਰਨ ਹੀ ਸੰਸਾਰ ਦਾ ਕੋਈ ਵੀ ਜੀਵ-ਜੰਤੂ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ।
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ : 472)
ਗੁਰਬਾਣੀ ਵਿਚ ਵੀ ਔਰਤ ਨੂੰ ਬਹੁਤ ਆਦਰ ਮਾਣ ਦਿੱਤਾ ਗਿਆ ਹੈ ਅਤੇ ਮਰਦ ਦੇ ਬਰਾਬਰ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ। ਸਤਿਗੁਰੂ ਜੀ ਫ਼ਰਮਾਉਂਦੇ ਹਨ :
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 473)
ਇਥੋਂ ਤੱਕ ਕਿ ਸਭ ਗੁਰੂਆਂ-ਪੀਰਾਂ ਨੇ ਔਰਤ ਨੂੰ ਗੌਰਵਮਈ ਦਰਜਾ ਦਿੱਤਾ ਹੈ। ਅੱਜ ਦੀ ਔਰਤ ਕਿਸੇ ਵੀ ਖੇਤਰ ਵਿਚ ਮਰਦ ਨਾਲੋਂ ਪਿੱਛੇ ਨਹੀਂ ਹੈ। ਬੀਬੀ ਭਾਨੀ ਦਾ ਨਾਂਅ ਗੁਰੂ ਪਤਨੀ ਅਤੇ ਗੁਰੂ ਮਾਤਾ ਦੇ ਰੂਪ ਵਿਚ ਸਨਮਾਨਯੋਗ ਹੈ। ਇਸ ਤੋਂ ਇਲਾਵਾ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਭਾਗੋ ਜੀ ਆਦਿ ਜਿਨ÷ ਾਂ ਨੇ ਸਮਾਜ ਦੀ ਰੂਪ-ਰੇਖਾ ਹੀ ਬਦਲ ਦਿੱਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਬਾਬਰ ਨੂੰ ਮਿਲੇ ਤਾਂ ਬਾਬਰ ਨੇ ਅੱਗੋਂ ਕਿਹਾ :
‘ਮੈਥੋਂ ਕੁਝ ਮੰਗ ਲਉ।’
ਸਤਿਗੁਰੂ ਜੀ ਨੇ ਉੱਤਰ ਦਿੱਤਾ :
‘ਹੇ ਬਾਬਰ! ਜਿਸ ਤੋਂ ਤੂੰ ਮੰਗਦਾ ਹੈਂ, ਅਸੀਂ ਵੀ ਉਸ ਤੋਂ ਮੰਗ ਲਵਾਂਗੇ। ਜਿਸ ਨੇ ਇਹ ਸਰੀਰ ਬਖ਼ਸ਼ਿਆ, ਹੋਰ ਉਸ ਤੋਂ ਕੀ ਮੰਗੀਏ।’
ਗੁਰੂ ਨਾਨਕ ਦੇਵ ਜੀ ‘ਆਸਾ ਦੀ ਵਾਰ’ ਵਿਚ ਫ਼ਰਮਾਨ ਕਰਦੇ ਹਨ ਕਿ ਸੂਤਕ, ਸਰਾਧ, ਜੰਞੂ ਪਾਉਣ ਦੀ ਰੀਤ ਆਦਿ ਸਭ ਵਿਅਰਥ ਹਨ। ਸਭ ਰਿਸ਼ੀਆਂ-ਮੁਨੀਆਂ, ਗੁਰੂਆਂ-ਪੈਗ਼ੰਬਰਾਂ ਨੇ ਇਹੀ ਸੰਦੇਸ਼ ਦਿੱਤਾ ਹੈ ਕਿ ਸਾਨੂੰ ਪਰਮਾਤਮਾ ਦੁਆਰਾ ਬਖ਼ਸ਼ੀ ਹੋਈ ਦਾਤ ਦਾ ਸ਼ੁਕਰ ਕਰਨਾ ਚਾਹੀਦਾ ਹੈ ਅਤੇ ਸਬਰ-ਸੰਤੋਖ ਦੀ ਜ਼ਿੰਦਗੀ ਜਿਊਣੀ ਚਾਹੀਦੀ ਹੈ।
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ॥
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ : 471)
ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ, ‘ਮਨੁੱਖ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਪਰਮਾਤਮਾ ਨੇ ਹਰੇਕ ਜੀਵ-ਜੰਤੂ ਦੀ ਰੋਜ਼ੀ-ਰੋਟੀ ਦਾ ਪ੍ਰਬੰਧ ਕੀਤਾ ਹੋਇਆ ਹੈ।’
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ : 955)
ਸਾਨੂੰ ਸਭ ਨੂੰ ਪਰਮਾਤਮਾ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ। ਸੰਜਮ ਤੇ ਸੰਤੋਖ ਭਰਿਆ ਜੀਵਨ ਹੀ ਆਤਮਿਕ ਸ਼ਾਂਤੀ ਬਖਸ਼ਦਾ ਹੈ। ਜੇ ਜ਼ਿੰਦਗੀ ਵਿਚ ਭਟਕਣਾ ਖ਼ਤਮ ਹੋ ਜਾਵੇ, ਫਿਰ ਤਾਂ ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਹੋਵੇਗੀ ਅਤੇ ਮਨ ਟਿਕਾਓ ਵਿਚ ਆ ਜਾਵੇਗਾ, ਅਸੀਂ ਆਪਣੇ ਦੇਸ਼, ਕੌਮ ਤੇ ਸਮਾਜ ਨੂੰ ਬੁਲੰਦੀਆਂ ‘ਤੇ ਪਹੁੰਚਾ ਸਕਦੇ ਹਾਂ।
***