Breaking News
Home / ਕੈਨੇਡਾ / ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦਿੱਲੀ ਕਿਸਾਨ ਮੋਰਚੇ ਦੀ ਤਾਜ਼ਾ ਸਥਿਤੀ ਅਤੇ ਅਗਲੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ

ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦਿੱਲੀ ਕਿਸਾਨ ਮੋਰਚੇ ਦੀ ਤਾਜ਼ਾ ਸਥਿਤੀ ਅਤੇ ਅਗਲੇ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ

ਫ਼ਾਰਮਰਜ਼ ਸੁਪੋਰਟ ਗਰੁੱਪ ਬਰੈਂਪਟਨ ਤੇ ਨਾਰਥ ਅਮੈਰੀਕਨ ਜਮਹੂਰੀ ਕਿਸਾਨ ਸਭਾ ਵੱਲੋਂ ਕਰਵਾਈ ਗਈ ਵਿਚਾਰ-ਚਰਚਾ
ਬਰੈਂਪਟਨ/ਡਾ. ਝੰਡ : ਲੰਘੇ ਸਨੀਵਾਰ 15 ਮਈ ਨੂੰ ਬਰੈਂਪਟਨ ਦੇ ਫ਼ਾਰਮਰਜ਼ ਸੁਪੋਰਟ ਗਰੁੱਪ ਅਤੇ ਨਾਰਥ ਅਮੈਰੇਕਨ ਜਮਹੂਰੀ ਕਿਸਾਨ ਸਭਾ ਵੱਲੋਂ ਕਰਵਾਏ ਗਏ ਜ਼ੂਮ-ਸਮਾਗ਼ਮ ਵਿਚ ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨਾਲ ਵਿਚਾਰ-ਚਰਚਾ ਕੀਤੀ ਗਈ । ਡਾ. ਅਜਨਾਲਾ ਇਸ ਸਮੇਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਹਨ ਜੋ ਦਿੱਲੀ ਵਿਚ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੀਆਂ 32 ਕਿਸਾਨ ਜੱਥੇਬੰਦੀਆਂ ਵਿਚ ਸ਼ਾਮਲ ਹੋ ਕੇ ਆਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ। ਸਮਾਗ਼ਮ ਦੇ ਸੰਚਾਲਕ ਹਰਿੰਦਰ ਹੁੰਦਲ ਵੱਲੋਂ ਡਾ. ਅਜਨਾਲਾ ਬਾਰੇ ਸੰਖੇਪ ਵਿਚ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਪਹਿਲਾਂ ਉਹ ਆਪਣੀ ਸਰਵਿਸ ਦੌਰਾਨ ਪੰਜਾਬ ਸਰਕਾਰ ਦੇ ਖੇਤੀਬਾੜੀ ਟੈਕਨੋਕਰੇਟਸ ਦੀ ਜੱਥੇਬੰਦੀ ਦੇ ਪ੍ਰਧਾਨ ਰਹੇ ਹਨ ਅਤੇ ਹੁਣ ਪੰਜਾਬ ਜਮਹੂਰੀ ਕਿਸਾਨ ਜੱਥੇਬੰਦੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਪਰੰਤ, ਉਨ੍ਹਾਂ ਨੂੰ ਦਿੱਲੀ ਵਿਚ ਪਿਛਲੇ ਸਾਢੇ ਪੰਜ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਮੋਰਚੇ ਦੀ ਤਾਜ਼ਾ ਅਤੇ ਇਸ ਦੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇਣ ਲਈ ਬੇਨਤੀ ਕੀਤੀ ਗਈ। ਆਪਣੇ ਸੰਬੋਧਨ ਵਿਚ ਡਾ. ਅਜਨਾਲਾ ਨੇ ਕਿਸਾਨ ਅੰਦੋਲਨ ਦੇ ਆਰੰਭ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਦੀ ਬਿਜਲੀ ਨਾਲ ਸਬੰਧਿਤ ਕਾਰਪੋਰੇਸ਼ਨ ‘ਪਾਵਰਕਾਮ’ ਵੱਲੋਂ 8 ਮਈ 2020 ਨੂੰ ਟਿਊਬਵੈੱਲਾਂ ਦੀ ਬਿਜਲੀ ਦੇ ਬਿੱਲਾਂ ਦੀ ਮੁੜ ਸ਼ੁਰਆਤ ਕਰਨ ਸਬੰਧੀ ਪੰਜਾਬ ਅਸੈਂਬਲੀ ਵਿਚ ਬਿੱਲ ਲਿਆਉਣ ‘ਤੇ ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕਰਨ ਲਈ 17 ਮਈ ਤੋਂ ਵੱਖ-ਵੱਖ ਥਾਵਾਂ ‘ਤੇ ਧਰਨੇ ਲਗਾਉਣ ਦਾ ਪ੍ਰੋਗਰਾਮ ਆਰੰਭ ਹੋ ਗਿਆ। 5 ਜੂਨ ਨੂੰ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਤਿੰਨ ਕਾਲੇ ਬਿੱਲ ਪਾਰਲੀਮੈਂਟ ਵਿਚ ਪੇਸ਼ ਕਰਨ ‘ਤੇ ਕਿਸਾਨਾਂ ਦਾ ਇਹ ਘੋਲ ਹੋਰ ਤੇਜ਼ ਹੋ ਗਿਆ। ਉਨ੍ਹਾਂ ਵੱਲੋਂ ਰੇਲ-ਪਟੜੀਆਂ ਤੇ ਰੇਲਵੇ ਸਟੇਸ਼ਨਾਂ ਦੇ ਪਲੇਟਫ਼ਾਰਮਾਂ ਉੱਪਰ ਧਰਨੇ ਦਿੱਤੇ ਗਏ ਅਤੇ 26 ਨਵੰਬਰ ਨੂੰ ਕਿਸਾਨ ਮੋਰਚਾ ਦਿੱਲੀ ਦੀਆਂ ਬਰੂਹਾਂ ‘ਤੇ ਪਹੁੰਚ ਗਿਆ ਜਿਸ ਨੂੰ 26 ਮਈ ਨੂੰ ਛੇ ਮਹੀਨੇ ਪੂਰੇ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉੱਪਰ ਯੂ.ਐੱ.ਓ. ਦੀਆਂਾਂ ਸੰਸਥਾਵਾਂ ਡਬਲਿਊ.ਟੀ.ਓ. ਅਤੇ ਆਈ.ਐੱਮ.ਐੱਫ਼ ਦਾ ਦਬਾਓ ਹੈ ਜਿਸ ਕਾਰਨ ਕੇਂਦਰ ਸਰਕਾਰ ਇਹ ਕਾਲ਼ੇ ਬਿੱਲ ਵਾਪਸ ਨਹੀਂ ਲੈ ਰਹੀ। ਉਨ੍ਹਾਂ ਹੋਰ ਦੱਸਿਆ ਕਿ 26 ਮਈ ਨੂੰ ਕਿਸਾਨ ਮੋਰਚੇ ਦੇ ਛੇ ਮਹੀਨੇ ਹੋ ਜਾਣ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਦੇ ਸੱਤ ਸਾਲ ਪੂਰੇ ਹੋ ਜਾਣ ‘ਤੇ ਪੂਰੇ ਭਾਰਤ ਵਿਚ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫ਼ੂਕੇ ਜਾਣਗੇ। ਸੁਆਲ-ਜੁਆਬ ਸੈਸ਼ਨ ਵਿਚ ਕੈਮਲੂਪਸ (ਬੀ.ਸੀ.) ਤੋਂ ਡਾ. ਸੁਰਿੰਦਰ ਧੰਜਲ, ਬਰੈਂਪਟਨ ਤੋਂ ਡਾ. ਸੁਖਦੇਵ ਸਿੰਘ ਝੰਡ, ਪ੍ਰੋ. ਜਗੀਰ ਸਿੰਘ ਕਾਹਲੋਂ, ਹਰਬੰਸ ਸਿੰਘ ਮੱਲ੍ਹੀ, ਪ੍ਰਦੀਪ ਯੋਧਾਂ ਅਤੇ ਦਵਿੰਦਰ ਤੂਰ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਡਾ.ਅਜਨਾਲਾ ਵੱਲੋਂ ਬੜੇ ਹੀ ਠਰੰਮੇ ਨਾਲ ਤਸੱਲੀ-ਪੂਰਵਕ ਦਿੱਤੇ ਗਏ। ਅਖ਼ੀਰ ਵਿਚ ਪ੍ਰਦੀਪ ਯੋਧਾਂ ਵੱਲੋਂ ਡਾ. ਸਤਨਾਮ ਸਿੰਘ ਅਜਨਾਲਾ ਅਤੇ ਸਮਾਗ਼ਮ ਵਿਚ ਸ਼ਾਮਲ ਹੋਣ ਵਾਲੇ ਸਮੂਹ ਹਾਜ਼ਰੀਨ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …