ਬਰੈਂਪਟਨ/ਡਾ. ਝੰਡ : ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ 47 ਮੈਂਬਰਾਂ ਨੇ 14 ਜੁਲਾਈ ਐਤਵਾਰ ਨੂੰ ਸੈਂਟਰ ਆਈਲੈਂਡ ਦਾ ਟੂਰ ਲਗਾਇਆ। ਉਹ ਸਵੇਰੇ 9.00 ਵਜੇ ਵਿਲੀਅਮ ਹਿਊਸਨ ਪਾਰਕ ਵਿਖੇ ਇਕੱਠ ਹੋ ਗਏ ਅਤੇ ਇਕ ਸਕੂਲ ਬੱਸ ਵਿਚ ਸਵਾਰ ਹੋ ਕੇ ਦਸ ਕੁ ਵਜੇ ਟੋਰਾਂਟੋ ਡਾਊਨ ਟਾਊਨ ਪਹੁੰਚ ਗਏ। ਉੱਥੋਂ ਫ਼ੈਰੀ ਟਰਮੀਨਲ ‘ਤੇ ਆਪਣਾ ਨੰਬਰ ਆਉਣ ਉਤੇ ਸਾਰੇ ਮੈਂਬਰ ਇਕ ਫ਼ੈਰੀ ਵਿਚ ਸਵਾਰ ਹੋ ਕੇ ਸੈਂਟਰ ਆਈਲੈਂਡ ਪਹੁੰਚੇ। ਕਈ ਥਾਵਾਂ ਵੇਖਣ ਤੋਂ ਬਾਅਦ ਇਕ ਖ਼ੂਬਸੂਰਤ ਪਾਰਕ ਵਿਚ ਬੈਠ ਕੇ ਸਾਰਿਆਂ ਨੇ ਆਪਣੇ ਨਾਲ ਲਿਆਂਦਾ ਹੋਇਆ ਭੋਜਨ ਛਕਿਆ ਅਤੇ ਚਾਹ-ਪਾਣੀ ਪੀਤਾ। ਇੱਥੇ ਹੀ ਉਸ ਦਿਨ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਵਾਲਿਆਂ ਦਾ ਪ੍ਰੋਗਰਾਮ ਵੀ ਚੱਲ ਰਿਹਾ ਸੀ। ਕਈ ਮੈਂਬਰ ਇਹ ਪ੍ਰੋਗਰਾਮ ਵੇਖਣ ਚਲੇ ਗਏ ਅਤੇ ਉੱਥੇ ਉਨ੍ਹਾਂ ਦਾ ਲੰਗਰ ਵੀ ਛਕਿਆ।
ਉਪਰੰਤ, ਸਾਰੇ ਮੈਂਬਰ ਸਮੁੰਦਰ ਦੇ ਕੰਢੇ ‘ਤੇ ਜਾ ਕੇ ਕੁਦਰਤੀ ਨਜ਼ਾਰਿਆਂ ਨੂੰ ਮਾਣਨ ਲੱਗ ਪਏ। ਕੁਦਰਤ ਦੀ ਗੋਦ ਵਿਚ ਬੈਠ ਕੇ ਸਾਰੇ ਹੀ ਬਹੁਤ ਖ਼ੁਸ਼ ਸਨ। ਉੱਥੇ ਹੀ ਕਈ ਬੀਬੀਆਂ ਨੇ ਬੋਲੀਆਂ ਪਾ ਪਾ ਕੇ ਅਤੇ ਨੱਚ ਕੇ ਸਾਰਿਆਂ ਦਾ ਖ਼ੂਬ ਮਨੋਰੰਜਨ ਕੀਤਾ। ਚਾਰ ਕੁ ਵਜੇ ਵਾਪਸੀ ਪਾ ਲਈ ਅਤੇ ਸਾਰੇ ਮੈਂਬਰ ਫੈਰੀ ਵਿਚ ਚੜ੍ਹ ਗਏ। ਲੱਗਭੱਗ ਪੰਜ ਵਜੇ ਆਪਣੀ ਸਕੂਲ ਬੱਸ ਵਿਚ ਬੈਠ ਕੇ ਉੱਥੋਂ ਘਰਾਂ ਨੂੰ ਰਵਾਨਾ ਹੋਏ। ਇਸ ਟੂਰ ਪ੍ਰੋਗਰਾਮ ਦੀ ਸਫ਼ਲਤਾ ਵਿਚ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਤੋਂ ਇਲਾਵਾ ਮਲਕੀਤ ਸਿੰਘ, ਹਰਬੰਸ ਸਿੰਘ, ਬੇਅੰਤ ਸਿੰਘ ਬਿਰਦੀ, ਜੋਗਿੰਦਰ ਸਿੰਘ ਚੇਅਰਮੈਨ, ਸੁਰਜੀਤ ਸਿੰਘ, ਬਲਜੀਤ ਕੌਰ ਗਰੇਵਾਲ, ਮਨਜੀਤ ਕੌਰ ਥਿੰਦ ਆਦਿ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …