ਬਰੈਂਪਟਨ/ਹਰਜੀਤ ਬੇਦੀ : ਲੰਘੀ 6 ਨਵੰਬਰ 2018 ਨੂੰ ਬਰੈਂਪਟਨ ਸੀਨੀਅਰਜ਼ ਸਿਟੀਜਨਜ਼ ਕਾਊਂਸਲ ਦੇ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਚੋਣ ਕੀਤੀ ਗਈ। ਇਸ ਕਾਊਂਸਲ ਵਿੱਚ ਬਰੈਂਪਟਨ ਦੀਆ ਵੱਖ ਵਖ ਕਮਿਊਨਿਟੀਆਂ ਦੇ 90 ਤੋਂ ਵੱਧ ਰਜਿਸਟਰਡ ਕਲੱਬ ਸ਼ਾਮਲ ਹਨ। ਇਸ ਚੋਣ ਲਈ ਤਿੰਨ ਉਮੀਦਵਾਰ ਪੀਟਰ ਹੌਵਰਥ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਨਾਮਜ਼ਦ ਉਮੀਦਵਾਰ ਅਮਰੀਕ ਸਿੰਘ ਕੁਮਰੀਆ ਅਤੇ ਐਸੋਸੀਏਸ਼ਨ ਦੀ ਵਿਰੋਧੀ ਧਿਰ ਵਲੋਂ ਭੁਪਿੰਦਰ ਕੌਰ ਸੰਘੇੜਾ ਉਮੀਦਵਾਰ ਸਨ। ਐਸੋਸੀਏਸ਼ਨ ਨਾਲ ਸਬੰਧਤ ਅਤੇ ਸਮਰਥਕ ਸਾਰੇ ਕਲੱਬ ਮੀਟਿੰਗ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਹੀ ਇਸ ਚੋਣ ਮੀਟਿੰਗ ਵਿੱਚ ਪਹੁੰਚ ਗਏ ਸਨ। ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਬੜਿੰਗ ਨੇ ਕਾਊਂਸਲ ਦੀ ਪ੍ਰਧਾਨ ਨੂੰ ਚੋਣ ਨਿਰਪੱਖ ਅਤੇ ਪਾਰਦਰਸ਼ੀ ਕਰਵਾਉਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਕਲੱਬ ਦੇ ਨਿਰਧਾਰਤ ਦੋ ਮੈਬਰਾਂ ਤੋਂ ਵੱਧ ਨੂੰ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਿੱਤਾ ਜਾਵੇ ਅਤੇ ਚੋਣ ਦੇ ਨਤੀਜੇ ਦੇ ਐਲਾਨ ਸਮੇਂ ਉਮੀਦਵਾਰਾਂ ਦੁਆਰਾ ਪ੍ਰਾਪਤ ਵੋਟਾਂ ਦੀ ਗਿਣਤੀ ਘੋਸ਼ਿਤ ਕੀਤੀ ਜਾਵੇ। ਕਾਊਂਸਲ ਪ੍ਰਧਾਨ ਨੇ ਇਸੇ ਤਰ੍ਹਾਂ ਹੀ ਹੋਣ ਦੀ ਤਸੱਲੀ ਦਿੱਤੀ। ਚੋਣ ਦੇ ਐਨ ਮੌਕੇ ‘ਤੇ ਉਮੀਦਵਾਰ ਪੀਟਰ ਹੌਵਰਥ ਨੇ ਪਤਾ ਨਹੀਂ ਕਿਸ ਕਾਰਨ ਆਪਣਾ ਨਾਂ ਅਚਾਨਕ ਵਾਪਸ ਲੈ ਲਿਆ ਅਤੇ ਉਸ ਤੋਂ ਤੁਰੰਤ ਬਾਅਦ ਹੀ ਭੁਪਿੰਦਰ ਕੌਰ ਸੰਘੇੜਾ ਨੇ ਵੀ ਆਪਣਾ ਨਾਮ ਵਾਪਸ ਲੈ ਲਿਆ। ਇਸ ਤਰ੍ਹਾਂ ਅਮਰੀਕ ਸਿੰਘ ਕੁਮਰੀਆ ਨਿਰਵਿਰੋਧ ਵਾਇਸ-ਪ੍ਰੈਜੀਡੈਂਟ ਦੇ ਅਹੁਦੇ ਲਈ ਚੁਣੇ ਗਏ ਜਿਸ ਦਾ ਸਭ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਚੋਣ ਤੋਂ ਬਾਅਦ ਮੀਟਿੰਗ ਦੀ ਕਾਰਵਾਈ ਜਾਰੀ ਰਹੀ। ਮੀਟਿੰਗ ਖਤਮ ਹੋਣ ‘ਤੇ ਗਰੁੱਪ ਫੋਟੋ ਹੋਣ ਉਪਰੰਤ ਨਜਦੀਕ ਹੀ ਮੈਕਲਾਗਨ ਅਤੇ ਕੂਈਨ ‘ਤੇ ਸਥਿਤ ਟਿੱਮ ਹਾਰਟਨ ਵਿੱਚ ਕੌਫੀ ਅਤੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਜਿਸ ਦਿਨ ਤੋਂ ਐਸੋਸੀਏਸ਼ਨ ਨੇ ਆਪਣੇ ਵਲੋਂ ਅਮਰੀਕ ਸਿੰਘ ਕੁਮਰੀਆ ਨੂੰ ਉਮੀਦਵਾਰ ਐਲਾਨਿਆ ਸੀ ਉਸੇ ਦਿਨ ਤੋਂ ਹੀ ਐਸੋਸੀਏਸ਼ਨ ਨਾਲ ਸਬੰਧਤ ਅਤੇ ਸਮਰਥਕ ਕਲੱਬਾਂ ਨੇ ਕੁਮਰੀਆ ਦੀ ਜਿੱਤ ਲਈ ਯਤਨ ਸ਼ੁਰੂ ਕਰ ਦਿੱਤੇ ਅਤੇ ਉਸ ਦੇ ਨਾਲ ਹੀ ਐਸੋਸੀਏਸ਼ਨ ਦੇ ਵਿਰੋਧੀਆਂ ਨੇ ਅਸਫਲ਼ ਬਣਾਉਣ ਲਈ ਵੀ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਸਨ। ਐਸੋਸੀਏਸ਼ਨ ਵਲੋਂ ਸਾਰੇ ਮੈਂਬਰ ਅਤੇ ਸਮਰਥਕ ਕਲੱਬਾਂ ਦਾ ਧੰਨਵਾਦ ਕੀਤਾ ਗਿਆ। ਐਸੋਸੀਏਸ਼ਨ ਦੇ ਸਮੂਹ ਮੈਂਬਰ ਅਤੇ ਸਮਰਥਕ ਇਸ ਲਈ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਸਹਿਯੋਗ ਸਦਕਾ ਐਸੋਸੀਏਸ਼ਨ ਦੀ ਲੀਡਰਸ਼ਿੱਪ ਇਸ ਨੂੰ ਮਜਬੂਤੀ ਵੱਲ ਅੱਗੇ ਵੱਲ ਲੈ ਜਾ ਰਹੀ ਹੈ। ਐਸੋਸੀਸੀਏਸ਼ਨ ਆਫ ਸੀਨੀਅਰਜ਼ ਕਲੱਬ ਆਫ ਬਰੈਂਪਟਨ ਸਬੰਧੀ ਕਿਸੇ ਵੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਬਲਵਿੰਦਰ ਬਰਾੜ 647-262-4026, ਪ੍ਰੋ: ਨਿਰਮਲ ਧਾਰਨੀ 416-670-5874, ਕਰਤਾਰ ਚਾਹਲ 647-854-8746, ਦੇਵ ਸੂਦ 416-533-0722 ਜਾਂ ਪਰੀਤਮ ਸਿੰਘ ਸਰਾਂ 416-833-0567 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …