20.8 C
Toronto
Thursday, September 18, 2025
spot_img
Homeਕੈਨੇਡਾਬਰਨਾਲਾ ਫੈਮਿਲੀ ਪਿਕਨਿਕ ਪਰਿਵਾਰਾਂ ਦੇ ਮੇਲ-ਜੋਲ ਦਾ ਸਬੱਬ ਬਣੀ

ਬਰਨਾਲਾ ਫੈਮਿਲੀ ਪਿਕਨਿਕ ਪਰਿਵਾਰਾਂ ਦੇ ਮੇਲ-ਜੋਲ ਦਾ ਸਬੱਬ ਬਣੀ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਪਰਿਵਾਰਾਂ ਨੇ ਸਮਾਜਿਕ ਮੇਲ ਮਿਲਾਪ ਵਧਾਉਣ ਲਈ ਫੈਮਿਲੀ ਪਿਕਨਿਕ ਦਾ ਬਹੁਤ ਹੀ ਖੂਬਸੂਰਤ ਅਤੇ ਹਰਿਆਲੀ ਭਰਪੂਰ ਮੀਡੋਵਿਲ ਕੰਸਰਵੇਟਿਵ ਪਾਰਕ ਮਿਸੀਸਾਗਾ ਵਿੱਚ ਆਯੋਜਨ ਕੀਤਾ। ਪਿਕਨਿਕ ਵਾਲੇ ਦਿਨ ਬੱਦਲ ਆਪਣਾ ਪੂਰਾ ਤਾਣ ਲਾ ਕੇ ਵਰ੍ਹ ਰਹੇ ਸਨ। ਕੁੱਝ ਪਰਿਵਾਰ ਵਰ੍ਹਦੇ ਮੀਂਹ ਵਿੱਚ ਹੀ ਪਾਰਕ ਵਿੱਚ ਮਿਥੇ ਸਮੇਂ ‘ਤੇ ਪਹੁੰਚ ਗਏ ਤੇ ਸ਼ੈਡ ਥੱਲੇ ਪਿਕਨਿਕ ਦਾ ਪ੍ਰਬੰਧ ਕਰਨ ਲੱਗ ਪਏ, ਜਿਉਂ ਹੀ ਮੀਂਹ ਠੱਲ੍ਹਿਆ ਤਾਂ ਪਰਿਵਾਰਾਂ ਵਲੋਂ ਫੋਨ ਆਉਣ ਲੱਗ ਪਏ ਤੇ ਪ੍ਰਬੰਧਕਾਂ ਵਲੋਂ ਪ੍ਰੋਗਰਾਮ ਬਾਰੇ ਹਰੀ ਝੰਡੀ ਮਿਲਣ ਤੇ ਕਾਰਾਂ ਦੇ ਕਾਫਲੇ ਪਹੁੰਚ ਗਏ ਅਤੇ ਥੌੜ੍ਹੀ ਦੇਰ ਵਿੱਚ ਹੀ ਪੂਰੀਆਂ ਰੌਣਕਾਂ ਲੱਗ ਗਈਆਂ।
ਆਮ ਪਿਕਨਿਕਾਂ ਵਾਂਗ ਸਾਰਾ ਸਮਾਂ ਖਾਣ ਪੀਣ ਦਾ ਦੌਰ ਚਲਦਾ ਰਿਹਾ। ਇਸ ਦੌਰਾਨ ਆਏ ਹੋਏ ਪਰਿਵਾਰਾਂ ਦੀ ਜਾਣ ਪਹਿਚਾਣ ਕਰਵਾਈ ਗਈ। ਵਾਰੀ ਵਾਰੀ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੇ ਆਪਣੇ ਪਿਛਲੇ ਪਿੰਡ ਬਾਰੇ ਦਸਦੇ ਹੋਏ ਕੈਨੇਡਾ ਆ ਕੇ ਰਹਿਣ ਬਾਰੇ, ਆਪਣੇ ਪਰਿਵਾਰ ਦੇ ਮੈਂਬਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬਹੁਤ ਸਾਰੇ ਵਿਅਕਤੀ ਅਜਿਹੇ ਸਨ ਜੋ ਇੱਕ ਦੂਜੇ ਦੇ ਜਾਣੂ ਤਾਂ ਸਨ ਪਰ ਇੱਥੇ ਆਉਣ ਤੋਂ ਬਾਦ ਲੰਬੇ ਸਮੇਂ ਬਾਅਦ ਮਿਲੇ। ਇਸ ਤਰ੍ਹਾਂ ਇਹ ਪਿਕਨਿਕ ਵਿਛੜੇ ਦੋਸਤਾਂ ਦੇ ਮਿਲਣ ਦਾ ਸਬੱਬ ਬਣੀ। ਲੋਕਾਂ ਨੇ ਵੱਖ ਵੱਖ ਟੋਲੀਆਂ ਬਣਾ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਕੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਲਾਕੇ ਦੀਆਂ ਧੀਆਂ ਧਿਆਣੀਆਂ ਜੋ ਦੂਰ ਦੁਰਾਡੇ ਦੇ ਪਿੰਡਾਂ ਵਿੱਚ ਵਿਆਹੀਆਂ ਗਈਆਂ ਸਨ ਤੇ ਹੁਣ ਕੈਨੇਡਾ ਚ ਰਹਿ ਰਹੀਆਂ ਹਨ ਨੂੰ ਵੀ ਆਪਣੇ ਪੇਕੇ ਪਿੰਡ ਦੇ ਲੋਕਾਂ ਨੂੰ ਮਿਲਣ ਦਾ ਸੁਨਹਿਰੀ ਮੌਕਾ ਮਿਲਿਆ। ਇਸ ਤਰ੍ਹਾਂ ਇੱਕ ਦੂਜੇ ਨਾਲ ਮੇਲ ਦਾ ਭਾਵੁਕ ਅਤੇ ਸੰਵੇਦਨਸ਼ੀਲ ਮਾਹੋਲ ਬਣਿਆ ਰਿਹਾ। ਖਾਣ ਪੀਣ ਅਤੇ ਮੇਲ-ਜੋਲ ਦੇ ਮਾਹੋਲ ਵਿੱਚ ਮਨੋਰੰਜਨ ਲਈ ਬੱਚਿਆਂ, ਔਰਤਾਂ ਅਤੇ ਮਰਦਾਂ ਦੀਆਂ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਬਹੁਤ ਸਾਰਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਜੇਤੂਆਂ ਨੂੰ ਇਨਾਮ ਦੇ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਸਾਰਾ ਪਰੋਗਰਾਮ ਬੜੇ ਹੀ ਸਲੀਕੇ ਨਾਲ ਚਲਦਾ ਰਿਹਾ । ਬਹੁਤ ਸਾਰੇ ਲੋਕਾਂ ਨੇ ਪਰਬੰਧ ਦੀ ਤਾਰੀਫ ਕੀਤੀ। ਪਰਬੰਧਕਾਂ ਜੰਗੀਰ ਸਿੰਘ ਸੈਂਭੀ, ਹਰਪਰੀਤ ਢਿੱਲੋਂ , ਬਲਤੇਜ ਸਿੰਘ, ਸੁਰਜੀਤ ਜੰਡੂ ਅਤੇ ਪਰਮਜੀਤ ਬੜਿੰਗ ਆਦਿ ਨੇ ਬੜੀ ਜ਼ਿੰਮੇਵਾਰੀ ਨਾਲ ਪ੍ਰੋਗਰਾਮ ਨੂੰ ਸਫਲ ਕਰਨ ਲਈ ਜੀਅ ਜਾਨ ਨਾਲ ਕੰਮ ਕੀਤਾ। ਇਸ ਮੇਲੇ ਵਰਗੀ ਪਿਕਨਿਕ ਵਿੱਚ ਲੋਕਾਂ ਦੇ ਇੱਕ ਦੂਜੇ ਨਾਲ ਮਿਲਣ ਦਾ ਨਜ਼ਾਰਾ ਕੂੰਜਾਂ ਦਾ ਡਾਰ ਤੋਂ ਵਿਛੜਣ ਕੇ ਫਿਰ ਮਿਲਣ ਵਰਗਾ ਸੀ। ਲੋਕਾਂ ਨੇ ਆਪਣੇ ਸੁਝਾਵਾਂ ਵਿੱਚ ਕਿਹਾ ਕਿ ਅਗਲੀ ਵਾਰ ਨੂੰ ਇਹ ਪਿਕਨਿਕ ਦਾ ਪ੍ਰੋਗਰਾਮ ਇਸ ਤੋਂ ਵੀ ਵਧੀਆ ਹੋਣਾ ਚਾਹੀਦਾ ਹੈ । ਇਸ ਦੇ ਨਾਲ ਹੀ ਇਹ ਸੁਝਾਂਅ ਵੀ ਆਇਆ ਕਿ ਬਰੈਂਪਟਨ ਵਿੱਚ ਹੀ ਕਿਸੇ ਨੇੜੇ ਦੇ ਪਾਰਕ ਵਿੱਚ ਇਹ ਪ੍ਰੋਗਰਾਮ ਰੱਖਿਆ ਜਾਵੇ।
ਪ੍ਰਬੰਧਕਾਂ ਨੇ ਲੋਕਾਂ ਵਲੋਂ ਆਏ ਸੁਝਾਵਾਂ ਨੂੰ ਧਿਆਨ ਵਿੱਚ ਰੱਖਣ ਲਈ ਵਚਨਵੱਧਤਾ ਦੁਹਰਾਉਂਦੇ ਹੋਏ ਭਰੋਸਾ ਦਿੱਤਾ ਕਿ ਅਗਲਾ ਪ੍ਰੋਗਰਾਮ ਉਹਨਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਕੀਤਾ ਜਾਵੇਗਾ। ਪ੍ਰੋਗਰਾਮ ਦੇ ਅੰਤ ਵਿੱਚ ਬਰਨਾਲਾ ਜਿਲੇ ਨਾਲ ਸਬੰਧਤ ਪਰਿਵਾਰ ਖੁਸ਼ੀ ਖੁਸ਼ੀ ਇੱਕ ਦੂਜੇ ਤੋਂ ਵਿਦਾ ਹੋਏ।

RELATED ARTICLES
POPULAR POSTS