Breaking News
Home / ਕੈਨੇਡਾ / ਬਰੈਂਪਟਨ ‘ਚ ਹੋਇਆ ਭਰਵਾਂ ਤਰਕਸ਼ੀਲ-ਸੰਵਾਦ

ਬਰੈਂਪਟਨ ‘ਚ ਹੋਇਆ ਭਰਵਾਂ ਤਰਕਸ਼ੀਲ-ਸੰਵਾਦ

Tarksheel Sanwad Pics brampton (2) copy copyਇੱਕ ਲੱਖ ਦੇ ਇਨਾਮ ਨੂੰ ਜਿੱਤਣ ਲਈ ਕੋਈ ਨਾ ਬਹੁੜਿਆ
ਬਰੈਂਪਟਨ : ਬੀਤੇ ਐਤਵਾਰ ਤਰਕਸ਼ੀਲ ਸੋਸਾਇਟੀ ਆਫ਼ ਕੈਨੇਡਾ ਵੱਲੋਂ ਬਰੈਂਪਟਨ ਦੇ ਚਾਂਦਨੀ ਬੈਂਕੁਅਟ ਹਾਲ ਵਿੱਚ ‘ਤਰਕਸ਼ੀਲ-ਸੰਵਾਦ’ ਨਾਮ ਦੀ ਕਾਨਫ਼ਰੰਸ ਕੀਤੀ ਗਈ ਜਿਸ ਵਿੱਚ ਪੰਜ ਸੌ ਦੇ ਕਰੀਬ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸੰਵਾਦ ਦਾ ਮੁੱਖ ਅਜੰਡਾ ਕੈਨੇਡਾ ਵਰਗੇ ਵਿਕਾਸਸ਼ੀਲ ਅਤੇ ਵਿਗਿਆਨਮੁਖੀ ਮੁਲਕ ਵਿੱਚ ਪੰਜਾਬੀ-ਭਾਰਤੀ ਕਮਿਊਨਿਟੀ ਨੂੰ ਵਹਿਮਾਂ-ਭਰਮਾਂ, ਟੂਣਿਆਂ ਅਤੇ ਭੂਤਾਂ-ਪ੍ਰੇਤਾਂ ਵਰਗੇ ਮੱਕੜਜਾਲ਼ਾਂ ਵਿੱਚ ਉਲਝਾਅ ਕੇ ਉਹਨਾਂ ਦੀਆਂ ਜੇਬਾਂ ਉੱਤੇ ਡਾਕੇ ਮਾਰਨ ਵਾਲ਼ੇ ਜੋਤਸ਼ੀਆਂ, ਵਸਤੂਸ਼ਾਸਤਰੀਆਂ, ਤਾਂਤਰਿਕਾਂ ਅਤੇ ਜਾਦੂ-ਟੂਣੇ ਵਾਲ਼ਿਆਂ ਨੂੰ ਚੁਣੌਤੀ ਦੇਣਾ ਸੀ। ਸਟੇਜ ਉੱਪਰ ਇਨ੍ਹਾਂ ਚਾਰਾਂ ਲਈ ਕੁਰਸੀਆਂ ਰੱਖੀਆਂ ਹੋਈਆਂ ਸਨ ਅਤੇ ਮੀਡੀਆ ਰਾਹੀਂ ਇਹਨਾਂ ਨੂੰ ਚੈਲੰਜ ਕੀਤਾ ਗਿਆ ਸੀ ਕਿ ਆਪਣੀਆਂ ਕਥਿਤ ਗ਼ੈਬੀ ਸ਼ਕਤੀਆਂ ਨਾਲ਼ ਤਰਕਸ਼ੀਲਾਂ ਵੱਲੋਂ ਦਿੱਤੇ ਸਵਾਲਾਂ ਦਾ ਜਵਾਬ ਦੇ ਸਕਣ ਤਾਂ ਉਹਨਾਂ ਨੂੰ ਇੱਕ ਲੱਖ ਡਾਲਰ ਇਨਾਮ ਦਿੱਤਾ ਜਾਵੇਗਾ। ਜਿੱਥੇ ਇਸ ਚੈਲੰਜ ਨੂੰ ਮਨਜ਼ੂਰ ਕਰਨ ਲਈ ਕੋਈ ਵੀ ਗ਼ੈਬੀ-ਸ਼ਕਤੀਆ ਨਹੀਂ ਬਹੁੜਿਆ ਓਥੇ ਡਾਕਟਰ ਭਾਨ ਗਰਗ, ਮਨੋਵਿਗਿਆਨੀ ਡਾਕਟਰ ਹੁਰੂਨ, ਡਾਕਟਰ ਹਰਦੀਪ ਸਿੰਘ ਦੇ ਨਾਲ਼ ਪ੍ਰੋਫ਼ੈਸਰ ਇਕਬਾਲ ਗਿੱਲ, ਪ੍ਰੋਫ਼ੈਸਰ ਜਗੀਰ ਸਿੰਘ ਕਾਹਲੋਂ ਅਤੇ ਬਲਵੀਰ ਸੋਹੀ ਵੱਲੋਂ ਸ਼ਿਰਕਤਕਾਰਾਂ ਵੱਲੋਂ ਪੁੱਛੇ ਸੰਜੀਦਾ, ਤਿੱਖੇ ਅਤੇ ਭਾਵਪੂਰਤ ਸਵਾਲਾਂ ਦੇ ਜਵਾਬ ਦਿੱਤੇ ਗਏ। ਗ਼ੌਰਤਲਬ ਹੈ ਕਿ ਅੰਧਵਿਸ਼ਵਾਸ਼ ਅਤੇ ਵਹਿਮ-ਭਰਮ ਦੇ ਪਰਦੇ ਹੇਠ ਜੋਤਸ਼ੀ, ਤਾਂਤਰਿਕ, ਟੂਣਾਟਾਮਣੀਏਂ, ਅਤੇ ਵਸਤੂਸ਼ਾਸਤਰੀਏ ਅਣਭੋਲ ਲੋਕਾਂ ਨੂੰ ਖ਼ਤਰਨਾਕ ਬੀਮਾਰੀਆਂ ਦੇ ਇਲਾਜ ਆਪਣੀਆਂ ਗ਼ੈਬੀ ਸ਼ਕਤੀਆਂ ਅਤੇ ਪੂਜਾ-ਪਾਠਾਂ ਨਾਲ਼ ਕਰਨ ਦਾ ਝਾਂਸਾ ਦੇ ਕੇ ਲੋਕਾਂ ਦੀਆਂ ਜ਼ਿੰਦਗੀਆਂ ਅਤੇ ਜੇਬਾਂ ਨਾਲ਼ ਖੇਡ ਰਹੇ ਹਨ। ਇਸ ਸੰਵਾਦ ਦਾ ਮੰਤਵ ਆਮ ਲੋਕਾਂ ਨੂੰ ਗ਼ੈਬੀ ਸ਼ਕਤੀ ਦਾ ਭਰਮ ਦੇਣ ਵਾਲਿਆਂ ਤੋਂ ਜਾਗਰੂਕ ਕਰਨ ਦੇ ਨਾਲ਼ ਨਾਲ਼ ਇਸ ਸੰਗੀਨ ਮੁੱਦੇ ਉੱਤੇ ਸੇਹਤਮੰਦ ਬਹਿਸ ਤੋਰਨਾ ਸੀ। ਤਰਕਸ਼ੀਲ ਸੋਸਾਇਟੀ ਦਾ ਇਹ ਮਤ ਹੈ ਕਿ ਧਾਰਮਿਕ ਵਿਸ਼ਵਾਸ਼ ਹਰ ਵਿਅਕਤੀ ਦਾ ਪਰਸਨਲ ਮਾਮਲਾ ਹੈ, ਪ੍ਰੰਤੂ ਗ਼ੈਬੀ ਸ਼ਕਤੀਆਂ ਅਤੇ ਗੈਰਵਿਗਿਆਨਕ ਵਿਸ਼ਵਾਸ਼ ਫੈਲਣ ਨਾਲ਼ ਆਮ ਜੰਤਾ ਨੌਸਰਬਾਜ਼ਾਂ ਦੇ ਝਾਂਸੇ ਵਿੱਚ ਆ ਕੇ ਮਾਇਕ ਪੱਖੋਂ ਲੁੱਟੇ ਜਾ ਰਹੇ ਹਨ ਅਤੇ ਮਾਨਸਿਕ ਰੋਗਾਂ ਵਿੱਚ ਗ੍ਰਸਤ ਹੋ ਰਹੇ ਹਨ।
ਬਹੁਗਿਣਤੀ ਸ਼ਿਰਕਤਕਾਰਾਂ ਵੱਲੋਂ ਅਜੇਹੇ ਸੰਵਾਦ ਹਰ ਸਾਲ ਕੀਤੇ ਜਾਣ ਦੀ ਮੰਗ ਕੀਤੀ। ਇਸ ਸੰਵਾਦ ਵਿੱਚ ਔਰਤਾਂ ਅਤੇ ਨਵੀਂ ਪੀੜ੍ਹੀ ਦੀ ਹਾਜ਼ਰੀ ਇਸ ਸੰਵਾਦ ਦਾ ਹਾਸਲ ਸੀਲ। ਸਟੇਜ ਦਾ ਸੰਚਾਲਣ ਨਾਮਵਰ ਬਰਾਡਕਾਸਟਰ ਚਰਨਜੀਤ ਬਰਾੜ ਨੇ ਕੁਸ਼ਲਤਾ ਨਾਲ ਨਿਭਾਇਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …