ਬਰੈਂਪਟਨ/ਬਿਊਰੋ ਨਿਊਜ਼ : ਨਾਰਥ ਅਮੈਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਲੋਕ ਕਲਾ ਮੰਚ ਮੁਲਾਂਪੁਰ ਦੇ ਸਹਿਯੋਗ ਨਾਲ ਬਹੁ-ਚਰਚਿਤ ਫਿਲਮ ‘ਚੰਮ’ ਦਾ ਸ਼ੋਅ 10 ਜੂਨ ਦਿਨ ਐਤਵਾਰ 6915 ਡਿਕਸੀ ਰੋਡ ਯੂਨਿਟ ਨੰਬਰ 20 ਗਰੈਂਡ ਤਾਜ ਬੈਂਕੂਅਟ ਹਾਲ ਵਿੱਚ ਕੀਤਾ ਜਾਵੇਗਾ। ਇਸ ਮੌਕੇ ਲੋਕ ਕਲਾਮੰਚ ਦੇ ਪ੍ਰਬੰਧਕ ਅਤੇ ਫਿਲਮ ‘ਚੰਮ’ ਦੇ ਮੁੱਖ ਕਲਾਕਾਰ ਸੁਰਿੰਦਰ ਸ਼ਰਮਾ ਦਰਸ਼ਕਾਂ ਦੇ ਰ ੂਬ ਰੂ ਹੋਣਗੇ।
ਰਾਜੀਵ ਸ਼ਰਮਾ ਦੀ ਨਿਰਦੇਸ਼ਨਾ ਹੇਠ ਬਣੀ ਇਸ ਫਿਲਮ ਵਿੱਚ ਸੁਰਿੰਦਰ ਸ਼ਰਮਾ ਦੇ ਨਾਲ ਹਰਿਆਣਵੀ ਫਿਲਮ ‘ਪਗੜੀ’ ਦੀ ਨੈਸ਼ਨਲ ਐਵਾਰਡ ਜੇਤੂ ਕਲਾਕਾਰ ਬਲਜਿੰਦਰ ਕੌਰ, ‘ਨਾਬਰ’ ਫਿਲਮ ਫੇਮ ਹਰਦੀਪ ਗਿੱਲ, ਮਹਰੀਨ ਕਾਲਕੇ ਅਤੇ ਰਾਜ ਧਲੀਵਾਲ ਵਰਗੇ ਕਲਾਕਾਰਾਂ ਨੇ ਇਸ ਫਿਲਮ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।
ਨਿਵੇਕਲੀ ਤਰ੍ਹਾਂ ਦੀ ਇਸ ਫਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਇੱਕ ਦਲਿਤ ਪਰਿਵਾਰ ਦੁਆਲੇ ਘੁੰਮਦੀ ਹੈ ਜੋ ਗਰੀਬ ਹੁੰਦੇ ਹੋਏ ਵੀ ਭਾਈਚਾਰੇ ਵਿੱਚ ਸਨਮਾਨ ਦਾ ਪਾਤਰ ਹੈ। ਇਸ ਫਿਲਮ ਵਿੱਚ ਦਲਿਤਾਂ ਤੇ ਹੁੰਦੇ ਅੱਤਿਆਚਾਰ, ਉਹਨਾਂ ਨਾਲ ਹੋ ਰਿਹਾ ਅਣਮਨੁੱਖੀ ਵਿਹਾਰ ਅਤੇ ਵੋਟਾਂ ਸਮੇਂ ਕੀਤਾ ਜਾਂਦਾ ਸ਼ੋਸ਼ਣ ਬਾਖੂਬੀ ਦਰਸਾਇਆ ਗਿਆ ਹੈ। ਗਰੀਬ ਲੋਕਾਂ ਦੀ ਹਸਪਤਾਲਾਂ ਵਿੱਚ ਹੁੰਦੀ ਦੁਰਦਸ਼ਾ ਇੱਥੋਂ ਤੱਕ ਕਿ ਛੋਟੇ ਬੱਚਿਆਂ ਦੀ ਇਲਾਜ ਖੁਣੋਂ ਹੁੰਦੀ ਮੌਤ ਦੇ ਦ੍ਰਿਸ਼ ਦਰਸ਼ਕਾਂ ਨੂੰ ਬਹੁਤ ਹੀ ਭਾਵੁਕ ਕਰ ਜਾਂਦੇ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਰਾਜਸੀ ਲੋਕਾਂ ਦੀ ਸਰਪ੍ਰਸਤੀ ਹੇਠ ਚੱਲ ਰਹੀ ਨਸ਼ਿਆਂ ਦੀ ਹਨ੍ਹੇਰੀ ਦਾ ਚਿਤਰਨ ਕੀਤਾ ਗਿਆ ਹੈ। ਸਰਪੰਚ ਦੁਆਰਾ ਦਲਿਤਾਂ ਦੇ ਹਿੱਸੇ ਦੀ ਸ਼ਾਮਲਾਟ ਆਪਣੇ ਚਹੇਤੇ ਗੈਰ ਦਲਿਤ ਲੋਕਾਂ ਨੂੰ ਠੇਕੇ ਤੇ ਦੇਣ ਦਾ ਯਤਨ ਕਰਨਾ ਅਤੇ ਦਲਿਤ ਅਤੇ ਗੈਰ ਦਲਿਤਾਂ ਦੁਆਰਾ ਇਕੱਠੇ ਹੋ ਕੇ ਵਿਰੋਧ ਕਰਨਾ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਲੋਕਾਂ ਨੂੰ ਜਾਤਾਂ ਦੇ ਨਾਂ ਤੇ ਹੋਰ ਬਹੁਤ ਦੇਰ ਤੱਕ ਵੰਡਿਆ ਨਹੀਂ ਜਾ ਸਕਦਾ। ਇਸ ਫਿਲਮ ਦੀ ਪਾਤਰ ਡਾਕਟਰ ਦੇ ਲੋਕਾਂ ਦੇ ਪੱਖ ਵਿੱਚ ਖੜੋਣਾ ਸਰਪੰਚ ਵਰਗੇ ਲੋਕ ਦੋਖੀ ਬੰਦਿਆਂ ਨੂੰ ਰਾਸ ਨਹਂਿ ਆਉਦਾ ਤੇ ਉਸ ਦੀ ਪਿੰਡੋਂ ਬਦਲੀ ਕਰਵਾ ਦਿੱਤੀ ਜਾਂਦੀ ਹੈ। ਇਸ ਫਿਲਮ ਦਾ ਇਹ ਸੰਦੇਸ ਹੈ ਕਿ ਅਜੋਕੇ ਸਮੇਂ ਵਿੱਚ ਜਾਤੀ ਲੜਾਈ ਲਈ ਕੋਈ ਥਾਂ ਨਹੀਂ ਸਗੋਂ ਜਮਾਤੀ ਸੰਘਰਸ਼ ਹੀ ਆਮ ਲੋਕਾਂ ਦੀ ਮੁਕਤੀ ਦਾ ਸਾਧਨ ਬਣ ਸਕਦਾ ਹੈ।
ਇਸ ਫਿਲਮ ਦੇ ਸ਼ੋਅ ਪੰਜਾਬ ਦੇ ਦੋ ਸੌ ਤੋਂ ਵੱਧ ਪਿੰਡਾਂ ਵਿੱਚ ਹੋ ਚੁੱਕੇ ਹਨ ਕਿਉਂਕਿ ਫਿਲਮ ਦੀ ਟੀਮ ਇਸ ਫਿਲਮ ਨੂੰ ਉਨ੍ਹਾਂ ਲੋਕਾਂ ਦੇ ਘਰਾਂ ਤੱਕ ਲਿਜਾ ਕੇ ਦਿਖਾਉਣਾ ਚਾਹੁੰਦੀ ਹੈ ਜਿਨ੍ਹਾਂ ਨਾਲ ਇਹ ਫਿਲਮ ਸਬੰਧਤ ਹੈ। ਦਲਿਤ ਅਤੇ ਗੈਰ-ਦਲਿਤ ਕਿਸਾਨ ਅਤੇ ਕਿਰਤੀ ਲੋਕਾਂ ਵਲੋਂ ਇਸ ਫਿਲਮ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪ੍ਰਬੰਧਕਾਂ ਵਲੋਂ ਗਰੇਟਰ ਟੋਰਾਂਟੋ ਏਰੀਆ ਦੇ ਸਮੂਹ ਲੋਕਾਂ ਨੂੰ ਇਹ ਫਿਲਮ ਦੇਖਣ ਲਈ ਖੁੱਲ੍ਹਾ ਸੱਦਾ ਹੈ। ਕਿਸੇ ਵੀ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਤਰਕਸੀਲ਼ ਸੁਸਾਇਟੀ ਦੇ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450, ਨਛੱਤਰ ਬਦੇਸ਼ਾ 647-267-3397 ਜਾਂ ਬਲਜਿੰਦਰ ਸੇਖੌਂ 905-781-1197 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …