ਔਟਵਾ/ਬਿਊਰੋ ਨਿਊਜ਼ : ਸ੍ਰੀ ਦਰਬਾਰ ਸਾਹਿਬ ਉਪਰ ਭਾਰਤ ਦੀ ਸਰਕਾਰ ਵਲੋਂ ਕੀਤੇ ਫੌਜੀ ਹਮਲੇ ਦੇ 34ਵੇਂ ਵਰ੍ਹੇ ਮੌਕੇ ਕੈਨੇਡਾ ਦੀ ਸੰਗਤ ਵਲੋਂ ਕੈਨੇਡੀਅਨ ਪਾਰਲੀਮੈਂਟ ਹਿੱਲ ਤੇ ”84 ਰੀਮੈਂਬਰੈਂਸ ਡੇਅ ਫਾਰ ਸਾਵਰਨਟੀ” ਸਿਰਲੇਖ ਹੇਠ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਯਾਦਗਾਰੀ ਇਕੱਠ ਵਿੱਚ ਟੋਰਾਂਟੋ ਅਤੇ ਮਾਂਟਰੀਅਲ ਤੋਂ ਵੱਡੀ ਤਾਦਾਦ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ।
ਔਟਵਾ ਸਿੱਖ ਸੁਸਾਇਟੀ ਤਰਫੋਂ ਸਾਬਕਾ ਪ੍ਰਧਾਨ ਬਲਰਾਜ ਸਿੰਘ ਢਿਲੋਂ ਨੇ ਸ਼ੁਰੂਆਤੀ ਵਿਚਾਰ ਦਿੱਤੇ ਜਿਸ ਵਿੱਚ ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਭਾਰਤ ਸਰਕਾਰ ਨੇ ਕਈ ਵੱਖ ਵੱਖ ਫਿਰਕੇ ਖੜੇ ਕਰ ਦਿੱਤੇ ਸਨ ਤਾਂ ਕਿ ਸਿੱਖਾਂ ਦੀ ਤਾਕਤ ਨੂੰ ਖੇਰੂੰ ਖੇਰੂੰ ਕੀਤਾ ਜਾ ਸਕੇ।
ਬੀਬੀ ਮਲਕੀਤ ਸਿੰਘ ਅਤੇ ਸਾਥਣ ਬੀਬੀ ਜੀ ਨੇ ਇੱਕ ਭਾਵਨਾਤਮਿਕ ਕਵਿਤਾ ”ਜ਼ਖਮ ਚੌਰਾਸੀ ਵਾਲੇ ਦਿੱਲੀਏ ਕਿਵੇਂ ਭੁਲਾਈਏ ਨੀਂ” ਸਾਂਝੀ ਕਰਕੇ ਸਮੂਹ ਲੋਕਾਂ ਨੂੰ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਕਹਿਰ ਨਾਲ ਜੋੜ ਦਿੱਤਾ। ਗੁਰੁ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਮਾਂਟਰੀਅਲ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਖੇਲਾ ਨੇ ਬੜੀ ਜਜ਼ਬਾਤੀ ਤਕਰੀਰ ਦਿੰਦਿਆਂ ਕਿਹਾ ਕਿ ਸਾਲ ਵਿੱਚ ਇੱਕ ਵਾਰ ਸ਼ਹੀਦਾਂ ਨੂੰ ਯਾਦ ਕਰਨ ਨਾਲ ਗੱਲ ਨਹੀਂ ਬਣਨੀ। ਸਾਨੂੰ ਸ਼ਹੀਦਾਂ ਦੀ ਸੋਚ ਤੇ ਕ੍ਰਿਆਵਾਦੀ ਬਣ ਕੇ ਪਹਿਰਾ ਦੇਣਾ ਪਵੇਗਾ।
ਸ੍ਰ. ਸੁਖਮਿੰਦਰ ਸਿੰਘ ਹੰਸਰਾ ਨੇ ਇਸ ਮੌਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਮਹਾਂਵਾਕ ”ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” ਗਾਇਣ ਕਰਦਿਆਂ ਕਿਹਾ ਕਿ ਸੰਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਭਾਰਤ ਸਰਕਾਰ ਵਲੋਂ ਕੀਤੇ ਹਮਲੇ ਨੇ ਹਰ ਸਿੱਖ ਨੂੰ ਇਹੀ ਅਹਿਸਾਸ ਕਰਵਾਇਆ ਸੀ ਕਿ ਹੁਣ ਸਿੱਖ ਦੀ ਪੱਤ ਵਿੱਚ ਰਹਿ ਹੀ ਕੀ ਗਿਆ ਹੈ।
ਅੱਜ ਦੇ ਇਸ ਯਾਦਗਾਰੀ ਇਕੱਠ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਈ ਸ਼ਹੀਦ ਭਾਈ ਰਛਪਾਲ ਸਿੰਘ (ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੀ ਏ ਦੀ ਸੁਪਤਨੀ ਅਤੇ ਸ਼ਹੀਦ ਭਾਈ ਮਨਪ੍ਰੀਤ ਸਿੰਘ ਉਮਰ 18 ਦਿਨ, ਦੇ ਮਾਤਾ ਜੀ) ਬੀਬੀ ਪ੍ਰੀਤਮ ਕੌਰ ਨੇ ਕਿਹਾ ਕਿ ਜਿਸ ਦਿਨ ਮੇਰਾ ਆਨੰਦ ਕਾਰਜ ਭਾਈ ਰਛਪਾਲ ਸਿੰਘ ਨਾਲ ਹੋਇਆ ਸੀ ਮੈਨੂੰ ਉਸ ਵਕਤ ਹੀ ਉਨ੍ਹਾਂ ਕਹਿ ਦਿੱਤਾ ਸੀ ਕਿ ਮੇਰੀ ਜ਼ਿੰਦਗੀ ਬਹੁਤ ਛੋਟੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਦਿਨ ਮੇਰਾ ਬੇਟਾ ਮਨਪ੍ਰੀਤ ਸਿੰਘ ਪੈਦਾ ਹੋਇਆ ਸੀ ਮੈਨੂੰ ਉਸ ਵਕਤ ਹੀ ਪਤਾ ਸੀ ਕਿ ਇਸ ਬੱਚੇ ਨੇ ਬਹੁਤਾ ਚਿਰ ਨਹੀਂ ਜਿਉਣਾ। ਬੀਬੀ ਪ੍ਰੀਤਮ ਕੌਰ ਨੇ ਉਸ ਵਕਤ ਸਾਰੀ ਸੰਗਤ ਭਾਵੁਕ ਕਰ ਦਿੱਤੀ ਜਦੋਂ ਉਨ੍ਹਾਂ ਦੱਸਿਆ ਕਿ ਸੰਤ ਜੀ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਦੋਂ ਅਸੀਂ ਸ਼ਹੀਦ ਹੋਈਏ ਤਾਂ ਤੁਸੀਂ 5 ਜੈਕਾਰੇ ਬੁਲਾਉਣੇ। ਦਰਅਸਲ ਗੱਲ ਜੈਕਾਰਿਆਂ ਦੀ ਨਹੀਂ ਸੀ ਕਿਉਂਕਿ ਮੈਂ ਉਸੇ ਵਕਤ ਹੀ ਸੰਤ ਜੀ ਨੂੰ ਕਹਿ ਦਿੱਤਾ ਸੀ ਕਿ ਮੇਰੇ ਤੋਂ ਇਹ ਨਹੀਂ ਕਰ ਹੋਣਾ, ਪਰ ਇਹ ਤਾਂ ਸੰਤ ਜੀ ਦਾ ਮੈਨੂੰ ਸੰਕੇਤਕ ਇਸ਼ਾਰਾ ਸੀ ਕਿ ਮੈਂ ਇਸ ਹਮਲੇ ਦੌਰਾਨ ਸ਼ਹੀਦ ਨਹੀਂ ਹੋਣਾ। ਮੈਂ ਕੌਮ ਦਾ ਅਜੇ ਹੋਰ ਕੰਮ ਕਰਨਾ ਹੈ। ਇਸ ਤੋਂ ਇਲਾਵਾ ਬੀਬੀ ਜੀ ਨੇ ਗੁਰਸਿੱਖੀ ਧਾਰਨ ਕਰਨ ਤੇ ਜ਼ੋਰ ਦਿੱਤਾ।
ਹੋਰਨਾਂ ਤੋਂ ਇਲਾਵਾ ਭਾਈ ਹਰਭਜਨ ਸਿੰਘ ਨੰਗਲੀਆ, ਭਾਈ ਸੁਖਦੇਵ ਸਿੰਘ ਅੱਜ ਦੀ ਆਵਾਜ਼ ਅਤੇ ਭਾਈ ਕਰਨੈਲ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਨਟਾਰੀਓ ਕੈਨੇਡਾ ਅਤੇ ਪ੍ਰਭਸਰਵਣ ਸਿੰਘ ਨੇ ਸੰਗਤ ਨੂੰ ਸੰਬੋਧਨ ਕੀਤਾ। ਅਖੀਰ ਵਿੱਚ ਸ੍ਰ. ਅਵਤਾਰ ਸਿੰਘ ਪੂਨੀਆ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਅਗਲੇ ਸਾਲ ਇਸੇ ਤਰ੍ਹਾਂ ਵੱਡੀ ਤਾਦਾਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …