ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਆਪਣੀ ਰਾਈਡਿੰਗ ਵਿਚ ਬਰੈਂਪਟਨ ਸਿਟੀ ਹਾਲ ਵਿਚ ਹੋਏ ‘ਸਮਾਰਟ ਸਿਟੀਜ਼ ਹੈਕੈਥਨ’ ਵਿਚ ਸ਼ਿਰਕਤ ਕੀਤੀ। 200 ਤੋਂ ਵਧੀਕ ਕੰਪਿਊਟਰ ਤਕਨਾਲੌਜੀ ਮਾਹਿਰਾਂ ਨੇ ਇਸ ਮੁਕਾਬਲੇ ਵਿਚ ਭਾਗ ਲਿਆ ਜੋ ਕਿ ਬਰੈਂਪਟਨ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਇਸ ਮੌਕੇ ਬੋਲਦਿਆਂ ਸੋਨੀਆ ਨੇ ਕਿਹਾ, ”ਸਾਡੀ ਸਰਕਾਰ ਨੇ ਸਮਾਰਟ ਸਿਟੀਜ਼ ਚੈਲਿੰਜ ਸ਼ੁਰੂ ਕੀਤਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਦੇਸ-ਭਰ ਵਿਚ ਲੋਕ ਨਵੀਨਤਮ ਖੋਜ-ਭਰਪੂਰ ਆਧੁਨਿਕ ਵਿਚਾਰਾਂ ਨਾਲ ਲੈਸ ਹਨ ਅਤੇ ਉਹ ਨਵੀਆਂ ਖੋਜਾਂ ਲਈ ਇਨ੍ਹਾਂ ਵਿਚਾਰਾਂ ਦੀ ਸੁਯੋਗ ਵਰਤੋਂ ਕਰ ਰਹੇ ਹਨ। ਬਰੈਂਪਟਨ-ਵਾਸੀਆਂ ਨੇ ਅੱਜ ਇਹ ਵਿਖਾ ਦਿੱਤਾ ਹੈ ਕਿ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਹਨ। ਸਾਡੇ ਖਿੱਤੇ ਦੇ ਸੱਭ ਤੋਂ ਜ਼ਹੀਨ ਤੇ ਲਾਇਕ ਨੌਜੁਆਨ ਇੱਥੇ ਬਰੈਂਪਟਨ ਵਿਚ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲੱਭਣ ਲਈ ਇਕੱਠੇ ਹੋਏ ਹਨ ਅਤੇ ਅਸੀਂ ਸਮਝਦੇ ਹਾਂ ਕਿ ਇਨ੍ਹਾਂ ਦੀ ਬਦੌਲਤ ਬਰੈਂਪਟਨ ਦਾ ਭਵਿੱਖ ਉੱਜਲਾ ਹੈ।”
ਕੰਪਿਊਟਰ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਤਕਨਾਲੌਜੀਆਂ ਨਾਲ ਸਬੰਧਿਤ ਇਹ ‘ਹੈਕੈਥਨ’ ਸਵੈ-ਰੋਜ਼ਗਾਰਾਂ, ਬਿਜ਼ਨੈੱਸ ਅਦਾਰਿਆਂ ਅਤੇ ਨੌਜੁਆਨਾਂ ਨੂੰ ਸਾਂਝੇ ਮੰਚ ‘ਤੇ ਇਕੱਠਿਆਂ ਕਰਨ, ਆਪਸੀ ਵਿਚਾਰ-ਵਟਾਂਦਰਾ ਕਰਨ ਅਤੇ ਨੌਜੁਆਨਾਂ ਨੂੰ ਸਮਾਰਟ ਟੈਕਨਾਲੌਜੀ ਨਾਲ ਜੁੜੇ ਪ੍ਰੋਫ਼ੈਸਨਲਾਂ ਨਾਲ ਮਿਲਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਹਈ ਹੈ ਤਾਂ ਜੋ ਉਹ ਉਨ੍ਹਾਂ ਦੇ ਤਕਨੀਕੀ ਗਿਆਨ ਅਤੇ ਤਜਰਬੇ ਤੋਂ ਲਾਭ ਉਠਾ ਸਕਣ। ਇਸ ਦੌਰਾਨ ਸੋਨੀਆ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਕਈ ਨੌਜੁਆਨਾਂ ਨੂੰ ਮਿਲੇ ਜੋ 3-ਡੀ ਪ੍ਰਿੰਟਿੰਗ, ਮੋਬਾਈਲ ਟੈਕਨਾਲੌਜੀਆਂ ਅਤੇ ਐਪਸ ਦੇ ਵਿਕਸਤ ਹੋਣ ਨਾਲ ਅਜੋਕੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਇਹ ਵਰਨਣਯੋਗ ਹੈ ਕਿ ‘ਇਨਫ਼ਰਾਸਟਰੱਕਚਰ ਕੈਨੇਡਾ’ ਵੱਲੋਂ ਸੱਭ ਤੋਂ ਨਵੇਂ ਖੋਜ-ਭਰਪੂਰ ਵਿਚਾਰਾਂ ਦਾ 50 ਮਿਲੀਅਨ ਡਾਲਰ ਦੇ ਇਨਾਮ ਨਾਲ ਸਨਮਾਨ ਕੀਤਾ ਜਾਏਗਾ। ਇਹ ਬੜੀ ਖ਼ੁਸੀ ਵਾਲੀ ਗੱਲ ਹੈ ਕਿ ਇਹ ਇਨਾਮ ਜਿੱਤਣ ਲਈ ਬਰੈਂਪਟਨ ਨੇ ਵੀ ਆਪਣਾ ਨਾਂ ਦਰਜ ਕਰਵਾਇਆ ਹੈ। ‘ਸਮਾਰਟ ਸਿਟੀਜ਼ ਚੈਲਿੰਜ’ ਦੇਸ਼-ਭਰ ਵਿਚ ਕਮਿਊਨਿਟੀਆਂ ਲਈ ਪੈਨ-ਕੈਨੇਡੀਅਨ ਕੰਪੀਟੀਸ਼ਨ ਹੈ ਜਿਸ ਦਾ ਉਦੇਸ਼ ਵੱਖ-ਵੱਖ ਖੋਜਾਂ, ਡਾਟਾ ਅਤੇ ਹੋਰ ਸਬੰਧਿਤ ਤਕਨਾਲੌਜੀਆਂ ਰਾਹੀਂ ਲੋਕਾਂ ਦੇ ਜੀਵਨ-ਪੱਧਰ ਵਿਚ ਸੁਧਾਰ ਕਰਨਾ ਹੈ। ‘ਸਮਾਰਟ ਆਈਡੀਆਜ਼’ ਵਿਚ ਇਹ ਵੇਖਿਆ ਜਾਏਗਾ ਕਿ ਲੋਕ ਆਮ ਜੀਵਨ ਵਿਚ ਕਿਵੇਂ ਵਿਚਰ ਰਹੇ ਹਨ, ਉਹ ਕਿਵੇਂ ਰਹਿੰਦੇ ਹਨ, ਕਿਵੇਂ ਖੇਡਦੇ-ਮੱਲਦੇ ਹਨ, ਕਿਵੇਂ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਸਮਾਜ ਵਿਚ ਆਪਣਾ ਯੋਗਦਾਨ ਕਿਵੇਂ ਪਾਉਂਦੇ ਹਨ।
50 ਮਿਲੀਅਨ ਡਾਲਰ ਇਨਾਮੀ-ਮੁਕਾਬਲੇ ਵਾਲੇ ‘ਸਮਾਰਟ ਸਿਟੀਜ਼ ਹੈਕੈਥਨ’ ਵਿਚ ਸੋਨੀਆ ਸਿੱਧੂ ਹੋਏ ਸ਼ਾਮਲ
RELATED ARTICLES

