Breaking News
Home / ਕੈਨੇਡਾ / ਉੱਘੇ ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਦਾ ਦਿਹਾਂਤ

ਉੱਘੇ ਸਾਹਿਤਕਾਰ ਗੁਰਦਿਆਲ ਸਿੰਘ ਕੰਵਲ ਦਾ ਦਿਹਾਂਤ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਦੇ ਝੰਡਾ ਬਰਦਾਰ ਅਤੇ ਵਿਦੇਸ਼ਾਂ ਵਿੱਚ ਪੰਜਾਬੀ ਪੱਤਰਕਾਰੀ ਦੇ ਮੋਢੀ ਵੱਜੋਂ ਜਾਣੇ ਜਾਂਦੇ ਉੱਘੇ ਲੇਖਕ ਗੁਰਦਿਆਲ ਸਿੰਘ ਕੰਵਲ ਦਾ ਲੰਘੇ ਦਿਨ 70 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਜਿਹਨਾਂ ਬਰੈਂਪਟਨ ਦੇ ਬਰੈਂਪਟਨ ਸੀਵਿਕ ਹਸਪਤਾਲ ਵਿੱਚ ਆਖਰੀ ਸਾਹ ਲਿਆ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਉੱਥੇ ਜ਼ੇਰੇ ਇਲਾਜ਼ ਸਨ।

ਗੁਰਦਿਆਲ ਸਿੰਘ ਕੰਵਲ ਪਿੱਛੇ ਪਤਨੀ ਨਰਿੰਦਰ ਕੌਰ ਤੋਂ ਇਲਾਵਾ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ। 6 ਮਾਰਚ 1947 ਨੂੰ ਜਲੰਧਰ (ਹੁਣ ਨਵਾਂ ਸ਼ਹਿਰ) ਦੇ ਪਿੰਡ ਜਗਤਪੁਰ ਦੇ ਜੰਮਪਲ ਗੁਰਦਿਆਲ ਸਿੰਘ ਕੰਵਲ ਨੇ ਮੁਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕਰਨ ਉਪਰੰਤ ਗਿਆਨੀ ਜਲੰਧਰ ਤੋਂ ਕੀਤੀ ਅਤੇ ਬਚਪਨ ਤੋਂ ਹੀ ਪੰਜਾਬੀ ਸਾਹਿਤ ਨਾਲ ਲਗਾਅ ਅਤੇ ਲਿਖਣ ਦੇ ਸ਼ੌਂਕ ਕਾਰਨ ਉਹਨਾਂ ਦੀ ਉੱਠਣੀ-ਬੈਠਣੀ ਵੱਡੇ ਸਾਹਿਤਕਾਰਾਂ ਨਾਲ ਹੋਣ ਲੱਗ ਪਈ ਅਤੇ ਫਿਰ ਸੱਤਰਵਿਆਂ ਦੇ ਸ਼ੁਰੂਆਤ ਵਿੱਚ ਹੀ ਕੈਨੇਡਾ ਆ ਗਏ ਜਿੱਥੇ ”ਨਵੀ ਧਰਤੀ” ਮਾਸਕ ਰਸਾਲਾ ਸ਼ੁਰੂ ਕਰਕੇ ਪੱਤਰਕਾਰਤਾ ਵਿੱਚ ਵੱਡੀਆਂ ਮੱਲਾਂ ਮਾਰੀਆਂ ਅਤੇ 1978 ਨੂੰ ਕੈਨੇਡਾ ਵਿੱਚ ਪੰਜਾਬੀ ਸਾਹਿਤ ਦੀ ਸਿਰਮੌਰ ਸੰਸਥਾ ”ਕਨੇਡੀਅਨ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕਾਦਮੀ” (ਸਿਪਸਾ) ਦੀ ਸਥਾਪਨਾ ਕੀਤੀ ਜਿਸਦੇ ਹੁਣ ਤੱਕ ਸੰਚਾਲਕ ਰਹੇ। ਉਹਨਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਅਨੇਕਾਂ ਹੀ ਪੁਸਤਕਾਂ ਵੀ ਲਿਖੀਆਂ ਜਿਹਨਾਂ ਵਿੱਚ ਪਹਿਲੀ ਕਿਤਾਬ ਵਿੱਚ ‘ਸੱਜਰੇ ਸੁਫਨੇ’ (1970), ਮੀਲ ਪੱਥਰ (1978), ਕੱਚ ਕੰਕਰਾਂ (1981), ਮੂੰਹ ਬੋਲਦਾ ਸੂਰਜ਼ (2004), ਪੱਛਮ ਵੱਲ ਖੁੱਲ੍ਹਦਾ ਬੂਹਾ ਅਤੇ ਡੋਰ ਟੂ ਦਾ ਵੂਸਟ (2005), ਸ਼ਬਦ ਮੰਥਨ (2006) ਵਿੱਚ ਪ੍ਰਕਾਸ਼ਿਤ ਹੋਈਆਂ। ਉਹਨਾਂ ਨੂੰ ਕੈਨੇਡਾ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਵਿੱਚ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਵੱਡੇ ਯੋਗਦਾਨ ਲਈ ਅਨੇਕਾਂ ਵਾਰ ਮਾਣ ਸਨਮਾਨ ਵੀ ਮਿਲੇ ਇਸਤੋਂ ਇਲਾਵਾ ਕੈਨੇਡਾ ਵਿਚਲੇ ਘਰ ਦੀ ਬਗੀਚੀ ਵਿੱਚ ਦੁਨੀਆ ਦਾ ਸੱਭ ਤੋਂ ਵੱਡਾ ਘੀਆ (ਬੱਡ) ਪੈਦਾ ਕਰਕੇ ਗਿੰਨੀਜ਼ ਬੁੱਕ ਆਫ ਵਰਲਡ ਵਿੱਚ ਨਾਂ ਦਰਜ਼ ਕਰਾਉਣ ਵਾਲੇ ਵਿਸ਼ਵ ਦੇ ਪਹਿਲੇ ਪ੍ਰਵਾਸੀ ਪੰਜਾਬੀ ਹੋਣ ਦਾ ਮਾਣ ਵੀ ਹਾਸਲ ਹੋਇਆ। ਗੁਰਦਿਆਲ ਸਿੰਘ ਕੰਵਲ ਦੀ ਮੌਤ ‘ਤੇ ਉੱਘੇ ਲੇਖਕ/ਨਾਟਕਕਾਰ ਰਵਿੰਦਰ ਰਵੀ, ਪ੍ਰੋ. ਆਸ਼ਕ ਰਹੀਲ, ਸਾਬਕਾ ਐਮ ਪੀ ਗੁਰਬਖ਼ਸ਼ ਸਿੰਘ ਮੱਲ੍ਹੀ, ਪੱਤਰਕਾਰ ਸਤਪਾਲ ਸਿੰਘ ਜੌਹਲ, ਅਮਰ ਸਿੰਘ ਭੁੱਲਰ, ਮੇਜਰ ਸਿੰਘ ਨਾਗਰਾ, ਲੇਖਕ ਪੂਰਨ ਸਿੰਘ ਪਾਂਧੀ, ਸੁਖਿੰਦਰ, ਸਮਾਜ ਸੇਵੀ ਗੁਰਦੇਵ ਸਿੰਘ ਮਾਨ ਨੇ ਡਾਢੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ। ਗੁਰਦਿਆਲ ਸਿੰਘ ਕੰਵਲ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ 30 ਬਰੈਮ੍ਹਵਿਨ ਕੋਰਟ ਬਰੈਂਪਟਨ ਵਿਖੇ ਫਿਊਨਰਲ ਹੋਮ ਵਿੱਚ 20 ਜਨਵਰੀ ਸਨਿੱਚਰਵਾਰ ਨੂੰ ਸਵੇਰੇ 9 ਵਜੇ ਤੋਂ 10 ਵਜੇ ਤੱਕ ਅਤੇ ਅੰਤਿਮ ਸੰਸਕਾਰ ਸਵੇਰੇ 10 ਵਜੇ ਤੋਂ 10: 30 ਤੱਕ ਹੋਵੇਗਾ ਜਦੋਂ ਕਿ ਅੰਤਿਮ ਅਰਦਾਸ ਸਿੱਖ ਹੈਰੀਟੇਜ਼ ਗੁਰੂਦੁਆਰਾ ਸਾਹਿਬ ਬਰੈਂਪਟਨ 11796 ਏਅਰਪੋਰਟ ਰੋਡ(ਨੇੜੇ ਏਅਰਪੋਰਟ ਰੋਡ ਐਂਡ ਮੇਅਫੀਲਡ ਰੋਡ ਬਰੈਂਪਟਨ) ਵਿਖੇ ਹੋਵੇਗੀ।ਵਧੇਰੇ ਜਾਣਕਾਰੀ ਲਈ 416 357 6350-647 991 2163 ਜਾਂ 905 267 0046 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …