ਬਰੈਂਪਟਨ : ਪਿਛਲੇ ਸਨਿਚਰਵਾਰ ਨੂੰ ਟੋਰਾਂਟੋ ਤੇ ਨਾਲ ਲਗਦੇ ਏਰੀਏ ਵਿੱਚ ਰਹਿ ਰਹੇ ਮੋਹੀ ਪਿੰਡ ਵਾਸੀਆਂ ਨੇ ਮੀਡੋਵੇਲ ਕਨਜਰਵੇਸ਼ਨ ਏਰੀਆ ਓਲਡ ਡੈਰੀ ਰੋਡ ਮਿਸੀਸਾਗਾ ਵਿਖੇ ਭਾਰੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਸ਼ਾਨਦਾਰ ਪਿਕਨਿਕ ਦਾ ਅਨੰਦ ਮਾਣਿਆ। ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਿਤ ਸੀ ਜਿਨਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਲਈ 20 ਸਾਲ ਅੰਡੇਮਾਨ ਤੇ ਨਿੱਕੋਬਾਰ ਦੀ ਤਸੀਹੇ ਭਰੀ ਜੇਲ ਕੱਟੀ। ਮੋਹੀ ਪਿਕਨਿਕ ਵਿੱਚ ਸ਼ਾਮਲ ਹੋਣ ਦੀ ਖਿੱਚ ਵੈਨਕੂਵਰ ਤੋ ਪਰਿਵਾਰਾਂ ਨੂੰ ਉਡਾ ਕੇ ਲੈ ਆਈ ਤੇ ਓਟਾਵਾ ਤੇ ਓਸ਼ਵਾ ਤੋਂ ਤੇ ਅਮਰੀਕਾ ਵਿੱਚੋਂ ਸੈਨਸਨਾਈਟੀ ਤੇ ਡਿਟਰਾਇਟ ਤੋਂ ਵੀ ਲੌਂਗ ਡਰਾਈਵ ਤੇ ਪਾ ਲਿਆਈ। ਇਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ। ਮੋਹੀ ਪਿੰਡ ਦੀਆਂ ਜੰਮਪਲ ਲੜਕੀਆਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਪਹੁੰਚੀਆਂ ਜਿਨਾਂ ਦਾ ਧੰਨਵਾਦ ਕੀਤਾ ਗਿਆ। ਦੋ ਵਾਲੀਬਾਲ ਦੀਆਂ ਗਰਾਊਂਡਾਂ ਤੇ ਸਾਰਾ ਸਮਾਂ ਫਸਵੇਂ ਮੁਕਾਬਲੇ ਹੁੰਦੇ ਰਹੇ। ਬੱਚਿਆਂ ਦੀਆਂ ਦੌੜਾਂ ਕਰਵਾਕੇ ਇਨਾਮ ਵੰਡੇ ਗਏ ।ਵਧੀਆ ਸੁਹਾਵਣੇ ਮੌਸਮ ਤੇ ਹਰੇ ਭਰੇ ਉੱਚੇ ਲੰਮੇ ਰੁੱਖਾਂ ਦੀ ਛਾਂ ਥੱਲੇ ਲੇਡੀਜ਼ ਵਲੋਂ ਪਾਏ ਗਿੱਧੇ ਤੇ ਬੋਲੀਆਂ ਨੇ ਪੁਰਾਣੇ ਸਮੇਂ ਪਿੰਡ ਵਿੱਚ ਲੱਗਦੀਆਂ ਤੀਆਂ ਦੀ ਯਾਦ ਤਾਜ਼ਾ ਕਰਾ ਦਿੱਤੀ । ਲੇਡੀਜ਼ ਦੀ ਮਿਊਜ਼ਿਕ ਚੇਅਰ ਰੇਸ ਬਹੁਤ ਦਿਲਚਸਪ ਰਹੀ। ਮੋਹੀ ਦੇ ਸਟੂਡੈਂਟ ਦੇ ਤੌਰ ‘ਤੇ ਆਇਆਂ ਦਾ ਸਨਮਾਨ ਕੀਤਾ ਗਿਆ ਤੇ ਉਹਨਾਂ ਦੀ ਹਰ ਕਿਸਮ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਗਿਆ। ਸੀਨੀਅਰਜ਼ ਪਿੰਡਾਂ ਵਿੱਚ ਬਤੀਤ ਕੀਤੇ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਜਜ਼ਬਾਤੀ ਹੋ ਗਏ। ਪੁਰਾਣੇ ਸਮੇਂ ਵਿਚ ਖੂਹ ਟੋਭੇ ਜੀਵਨ ਸਰੋਤ ਸਨ, ਜਿਨਾਂ ਦੁਆਲੇ ਪਿੰਡਾਂ ਦਾ ਜੀਵਨ ਧੜਕਦਾ ਸੀ ਤੇ ਖੂਹਾਂ ਦੇ ਨਾਂ ਰੱਖੇ ਹੁੰਦੇ ਸਨ। ਅਵਤਾਰ ਸਿੰਘ ਤੇ ਹਰਦਿਆਲ ਸਿੰਘ ਨੇ ਪਿੰਡ ਦੇ ਦੁਆਲੇ 60 ਸਾਲ ਪਹਿਲਾਂ ਦੇ ਵੀਹ ਖੂਹਾਂ ਦੇ ਨਾਂ ਦੱਸ ਕੇ ਪੁਰਾਣੇ ਵਿਰਸੇ ਦੀ ਯਾਦ ਤਾਜ਼ਾ ਕਰ ਦਿੱਤੀ । ਸਾਰਾ ਸਮਾਂ ਖਾਣ ਪੀਣ ਦਾ ਸਿਲਸਿਲਾ ਚਲਦਾ ਰਿਹਾ। ਇਸ ਵੱਡੇ ਮੇਲੇ ਵਾਰਗੀ, ਮੋਹੀ ਵਾਲਿਆਂ ਦੀ ਪਿਕਨਿਕ ਨੂੰ ਕਾਮਯਾਬ ਕਰਨ ਵਿੱਚ ਮਹਿੰਦਰ ਸਿੰਘ ਮੋਹੀ, ਜਰਨੈਲ ਸਿੰਘ ਗਿੱਲ, ਬਲਰਾਜ ਸਿੰਘ ਰਾਜੂ, ਕੈਪਟਨ ਕੁਲਵਿੰਦਰ ਸਿੰਘ, ਹਰਪ੍ਰੀਤ ਬੰਟੀ, ਦਲਜੀਤ ਗਰੇਵਾਲ, ਜੱਸੀ ਮੋਹੀ, ਰਣਜੀਤ ਸਿੰਘ ਮੋਹੀ, ਗੁਰਿੰਦਰ ਗਿੱਲ, ਹਰਜੀਤ ਥਿੰਦ ਤੇ ਪਿੰਡ ਦੇ ਨੌਜਵਾਨਾਂ ਦਾ ਮੁੱਖ ਯੋਗਦਾਨ ਰਿਹਾ।