24.2 C
Toronto
Friday, August 7, 2026
spot_img
Homeਕੈਨੇਡਾਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਵਲੋਂ ਨਾਵਲਕਾਰ ਨਾਨਕ ਸਿੰਘ ਨੂੰ ਸਮਰਪਿਤ ਸਮਾਗਮ

ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਵਲੋਂ ਨਾਵਲਕਾਰ ਨਾਨਕ ਸਿੰਘ ਨੂੰ ਸਮਰਪਿਤ ਸਮਾਗਮ

ਟੋਰਾਂਟੋ/ਉਂਕਾਰਪ੍ਰੀਤ : ਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ ਦੀ ਜੁਲਾਈ 2026 ਦੀ ਮੀਟਿੰਗ ਪੰਜਾਬੀ ਨਾਵਲ ਦੇ ਪਿਤਾਮਾ ਸਰਦਾਰ ਨਾਨਕ ਸਿੰਘ ਹੁਰਾਂ ਨੂੰ ਸਮਰਪਿਤ ਰਹੀ। ਮੀਟਿੰਗ ਦੀ ਸ਼ੁਰੂਆਤ ਉੱਘੀ ਸ਼ਾਇਰਾ ਸੁਖਚਰਨਜੀਤ ਕੌਰ ਗਿੱਲ ਵਲੋਂ ਨਾਨਕ ਸਿੰਘ ਹੁਰਾਂ ਬਾਰੇ ਵਿਸ਼ੇਸ਼ ਪੇਪਰ ਨਾਲ ਹੋਈ। ਆਪਣੇ ਪੇਪਰ ਵਿੱਚ ਜਿੱਥੇ ਸੁਖਚਰਨਜੀਤ ਹੁਰਾਂ ਨੇ ਨਾਨਕ ਸਿੰਘ ਹੁਰਾਂ ਦੀ ਸਮੁੱਚੀ ਸੰਘਰਸ਼ਮਈ ਨਿੱਜੀ ਜੀਵਨੀ ਨਾਲ ਸਾਂਝ ਪੁਆਈ ਓਥੇ ਨਾਨਕ ਸਿੰਘ ਹੁਰਾਂ ਦੇ ਸਾਹਿਤਕ ਸਫ਼ਰ ਨੂੰ ਵੀ ਲੱਗਭੱਗ ਹਰ ਕੋਣ ਤੋਂ ਵਾਚਦਿਆਂ ਭਾਵਪੂਰਤ ਮੁਲਾਂਕਣ ਪੇਸ਼ ਕੀਤਾ। ਉਹਨਾਂ ਨੇ ਨਾਨਕ ਸਿੰਘ ਤੋਂ ਪਹਿਲੇ ਨਾਵਲਕਾਰ ਭਾਈ ਵੀਰ ਸਿੰਘ ਦੇ ਨਾਵਲਾਂ ਦਾ ਤੁਲਨਾਤਮਿਕ ਥੀਸਸ ਪੇਸ਼ ਕਰਦਿਆਂ ਨਾਨਕ ਸਿੰਘ ਦੇ ਨਾਵਲਾਂ ਨੂੰ ਕਹਾਣੀ ਰਸ ਨਾਲ ਭਰਪੂਰ ਅਤੇ ਹਰ ਸਮਾਜਿਕ ਗਿਰਾਵਟ ਨੂੰ ਪ੍ਰਸ਼ਨ ਹੇਠ ਲਿਆਉਣ ਦੀ ਪਹਿਲ ਵਾਲੇ ਨਾਵਲਾਂ ਵਜੋਂ ਉਭਾਰਦਿਆਂ ਉਹਨਾਂ ਦੀ ਲੋਕ ਪੱਖੀ ਪਹੁੰਚ ਨੂੰ ਨਵੇਂ ਪੰਜਾਬੀ ਨਾਵਲ ਦਾ ਮੂੰਹ ਮੁਹਾਂਦਰਾ ਘੜਨ ਅਤੇ ਉਸਾਰਨ ਵਾਲੇ ਆਖਿਆ। ਇਸ ਮੌਕੇ ਕਾਫ਼ਲੇ ਵਲੋਂ ਉਂਕਾਰਪ੍ਰੀਤ ਦਾ ਤਿਆਰ ਕੀਤਾ ਨਾਨਕ ਸਿੰਘ ਦੀ ਜੀਵਨੀ, ਸਾਹਿਤ ਕਾਰਜ ਅਤੇ ਮਹੱਤਤਾ ਨੂੰ ਉਜਾਗਰ ਕਰਦਾ ਇੱਕ ਵਿਸ਼ੇਸ਼ ਪੈਂਫਲਿਟ ਵੀ ਲੋਕ ਅਰਪਣ ਕੀਤਾ ਗਿਆ।
ਕਾਫ਼ਲਾ ਮਿਲਣੀ ਦਾ ਅਗਲਾ ਭਾਗ ਬਲਦੇਵ ਸਿੰਘ ਢੀਡਸਾ ਦੇ ਕਹਾਣੀ ਸੰਗ੍ਰਹਿ ‘ਡੁੱਬਦੇ ਸੂਰਜ’ ਉਤੇ ਗੋਸ਼ਟੀ ਸੀ। ਗੋਸ਼ਟੀ ਭਾਗ ਵਿੱਚ ਕੁਲਵਿੰਦਰ ਖਹਿਰਾ ਵਲੋਂ ‘ਡੁੱਬਦੇ ਸੂਰਜ’ ਪੁਸਤਕ ਵਿਚਲੀਆਂ ਕਹਾਣੀਆਂ ਦੇ ਵਿਸ਼ਾ ਵਸਤੂ ਅਤੇ ਕਲਾਤਮਿਕ ਪੱਖ ਨੂੰ ਵਿਚਾਰਦਾ ਵਿਸ਼ੇਸ਼ ਪਰਚਾ ਪੇਸ਼ ਕੀਤਾ ਗਿਆ। ਅਪਣੇ ਪਰਚੇ ਵਿੱਚ ਕੁਲਵਿੰਦਰ ਖ਼ਹਿਰਾ ਨੇ ਕਿਹਾ ਕਿ ਕਹਾਣੀਆਂ ਪਾਤਰ-ਮੁਖੀ ਨਾ ਹੋ ਕੇ ਵਿਸ਼ਾ-ਮੁਖੀ ਹਨ ਜਿਨ੍ਹਾਂ ਵਿੱਚ ਲੇਖਕ ਇੱਕ ਵਿਸ਼ੇ ਨੂੰ ਆਪਣਾ ਕੇਂਦਰ-ਬਿੰਦੂ ਬਣਾ ਕੇ ਇੱਕੋ ਕਹਾਣੀ ਵਿੱਚ ਨਿੱਕੀਆਂ ਨਿੱਕੀਆਂ ਘਟਨਾਵਾਂ ਦਾ ਸਮੂਹ ਪੇਸ਼ ਕਰਦਿਆਂ ਅਨੇਕਾਂ ਉਦਾਹਰਣਾਂ ਰਾਹੀਂ ਆਪਣੀ ਗੱਲ ਕਹਿਣ ਦੀ ਵਿਧੀ ਅਪਣਾਉਂਦਾ ਹੈ। ਇਨ੍ਹਾਂ ਕਹਾਣੀਆਂ ਦਾ ਮੂਲ਼ ਸਰੋਕਾਰ ਸਮਾਜੀ ਕਰੂਰਤਾ ਉਜਾਗਰ ਕਰਕੇ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨਾ ਪ੍ਰਤੀਤ ਹੁੰਦਾ ਹੈ। ਮੂਲ਼ ਰੂਪ ਵਿੱਚ ਲੇਖਕ ਨੇ ਇਨ੍ਹਾਂ ਕਹਾਣੀਆਂ ਰਾਹੀਂ ਬਦਲਦੇ ਖੇਤਰਾਂ ਅਤੇ ਬਹੁ-ਸਮਾਜੀ ਭਾਈਚਾਰਿਆਂ ਵਿੱਚ ਵਿਚਰਦਿਆਂ ਬਦਲਦੀਆਂ ਸਮਾਜੀ ਕਦਰਾਂ ਕੀਮਤਾਂ, ਪਰਿਵਾਰ ਦੀ ਆਰਥਿਕਤਾ ਵਿੱਚ ਔਰਤ ਦੀ ਸ਼ਮੂਲੀਅਤ, ਔਰਤ ਪ੍ਰਤੀ ਮਰਦ ਦੀ ਕਮਜ਼ੋਰੀ, ਧਾਰਮਿਕ ਅਤੇ ਵਿਚਾਰਧਾਰਕ ਪਾਖੰਡਾਂ ਆਦਿ ਬਾਰੇ ਚਰਚਾ ਕੀਤੀ ਹੈ।
ਇਹ ਸ਼ਾਇਦ ਲੇਖਕ ਦਾ ਆਪਣੇ ਸਿਆਸੀ ਪਿਛੋਕੜ ਦਾ ਅਸਰ ਹੈ ਕਿ ਉਸਦੀਆਂ ਕਈ ਕਹਾਣੀਆਂ ਦੇ ਪਾਤਰ ਨਕਸਲੀ ਦੌਰ ਨਾਲ਼ ਸਬੰਧਤ ਹਨ ਪਰ ਇਹ ਨਿਰਣਾ ਕਰਨਾ ਮੁਸ਼ਕਲ ਹੈ ਕਿ ਅੱਜ ਲੇਖਕ ਦੀ ਉਸ ਦੌਰ ਬਾਰੇ ਸੋਚ ਕੀ ਹੈ? ਉਹਨਾਂ ‘ਡੁੱਬਦੇ ਸੂਰਜ’ ਦੇ ਪਾਤਰਾਂ ਦੀ ਮਾਨਸਿਕਤਾ ਦੀ ਉਸਾਰੀ ਸਬੰਧੀ ਗੱਲ ਕਰਦਿਆਂ ਇਹ ਅਹਿਮ ਨੁਕਤਾ ਵੀ ਉਭਾਰਿਆ। ਕੁੱਲ ਮਿਲ਼ਾ ਕੇ ਬਲਦੇਵ ਸਿੰਘ ਢੀਂਡਸਾ ਦੀ ਇਹ ਕਿਤਾਬ ਸਾਡੇ ਸਮਾਜ ਦੀਆਂ ਕਰੂਰ ਤਹਿਆਂ ਨੂੰ ਫਰੋਲਦੀਆਂ ਕਹਾਣੀਆਂ ਦਾ ਗੁਲਦਸਤਾ ਹੈ ਜੋ ਸਾਨੂੰ ਆਪਣੇ ਅੰਦਰੀਂ ਝਾਤ ਮਾਰਨ ਲਈ ਅਤੇ ਆਪਣੀ ਕਹਿਣੀ ਅਤੇ ਕਰਨੀ ਦੇ ਫਾਸਲੇ ਨੂੰ ਨਾਪਣ ਲਈ ਮਜਬੂਰ ਕਰਦਾ ਹੈ।
ਕੁਲਵਿੰਦਰ ਖਹਿਰਾ ਦੇ ਪਰਚੇ ਉਪਰੰਤ ਕਹਾਣੀਕਾਰ ਜਰਨੈਲ ਸਿੰਘ ਨੇ ‘ਡੁੱਬਦੇ ਸੂਰਜ’ ਵਿਚਲੀਆਂ ਕਹਾਣੀਆਂ ਦੇ ਪ੍ਰਮੁੱਖ ਗੁਣਾ ਅਤੇ ਇਹਨਾਂ ਵਿਚਲੀ ਹੋਰ ਪਰਪੱਕਤਾ ਦੀ ਸੰਭਾਵਨਾ ਨੂੰ ਰੌਸ਼ਨੀ ਵਿਚ ਲਿਆਂਦਾ। ਉਹਨਾਂ ਨੇ ਜਿੱਥੇ ਇਹਨਾਂ ਕਹਾਣੀਆਂ ਵਿਚਲੇ ਵਿਸ਼ਾ ਵਸਤੂ, ਲੇਖਕ ਦੇ ਵਿਸ਼ਿਆਂ ਬਾਰੇ ਗਿਆਨ, ਯਥਾਰਥਿਕ ਪੇਸ਼ਕਾਰੀ, ਸ਼ਬਦ ਭੰਡਾਰ, ਕਥਾ ਰੌਚਕਤਾ ਦੀ ਸਰਾਹਨਾ ਕੀਤੀ ਓਥੇ ਕਹਾਣੀਆਂ ਵਿੱਚ ਰਹਿ ਗਈਆਂ ਪਾਤਰ ੳਸਾਰੀ ਦੀਆਂ ਕੁਝ ਊਣਤਾਵਾਂ ਨੂੰ ਵੀ ਨੋਟ ਕੀਤਾ। ਉਪਰੰਤ ਕਹਾਣੀਕਾਰ ਬਲਦੇਵ ਢੀਂਡਸਾ ਹੁਰਾਂ ਨੇ ਜਿੱਥੇ ਪਰਚਾਕਾਰਾਂ ਅਤੇ ਕਹਾਣੀਆਂ ਬਾਰੇ ਪੇਸ਼ ਵਿਚਾਰਾਂ ਦਾ ਸਵਾਗਤ ਤੇ ਧੰਨਵਾਦ ਕੀਤਾ ਓਥੇ ਕਾਫਲੇ ਵਲੋਂ ਊਹਨਾਂ ਦੀ ਕਿਤਾਬ ਤੇ ਗੋਸ਼ਟੀ ਲਈ ਵੀ ਖਾਸ ਤੌਰ ‘ਤੇ ਧੰਨਵਾਦ ਕੀਤਾ।
ਇਸ ਕਾਫਲਾ ਮਿਲਣੀ ਦੇ ਅਗਲੇ ਭਾਗ ਵਿੱਚ ਦੌ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਜਿਹਨਾਂ ਵਿਚ ਉਂਕਾਰਪ੍ਰੀਤ ਦੀ ਵਾਰਤਕ ਪੁਸਤਕ, ‘ਕਣ-ਕਣ ਕਥਾ’ ਅਤੇ ਗੁਰਮਿੰਦਰ ਕੈਂਡੋਵਾਲ ਦੇ ਗੀਤਾਂ ਦੀ ਪੁਸਤਕ ‘ਸਾਡੀ ਜਾਨ ਤੇ ਬਣੀ ਏ’ ਸ਼ਾਮਲ ਸਨ। ‘ਸਾਡੀ ਜਾਨ ਤੇ ਬਣੀ ਏ’ ਪੁਸਤਕ ਬਾਰੇ ਜਿੱਥੈ ਇਸਦੇ ਲੇਖਕ ਗੁਰਮਿੰਦਰ ਕੈਂਡੋਵਾਲ ਦਾ ਵੀਡੀਓ ਸੁਨੇਹਾ ਹਾਜ਼ਰੀਨ ਨਾਲ ਸਾਂਝਾ ਕੀਤਾ ਗਿਆ ਅਤੇ ਉੱਘੇ ਮੀਡੀਆਕਾਰ ਡਾਕਟਰ ਬਲਵਿੰਦਰ ਹੁਰਾਂ ਵਲੋਂ ਇਸ ਬਾਰੇ ਸਵਾਗਤੀ ਸ਼ਬਦ ਕਹੇ ਗਏ ਓਥੇ ਪੁਸਤਕ ‘ਕਣ-ਕਣ ਕਥਾ’ ਬਾਰੇ ਉਂਕਾਰਪ੍ਰੀਤ ਵਲੋਂ ਇਸ ਬਾਰੇ ਮੁੱਢਲੀ ਜਾਣ-ਪਛਾਣ ਦੀ ਸਾਂਝ ਪਾਈ ਗਈ।
ਕਾਫ਼ਲੇ ਦੀ ਇਸ ਭਾਵਪੂਰਤ ਸਾਹਿਤਕ ਮਿਲਣੀ ‘ਚ ਉੱਘੀ ਕਵਿੱਤਰੀ ਸੁਰਿੰਦਰ ਗਿੱਲ ਜੈਪਾਲ ਅਤੇ ਨਾਮਵਰ ਕਹਾਣੀਕਾਰ ਜਤਿੰਦਰ ਹਾਂਸ ਦੀ ਵੀ ਮਾਣਮੱਤੀ ਹਾਜ਼ਰੀ ਰਹੀ। ਮੈਡਮ ਜੈਪਾਲ ਨੇ ਜਿੱਥੇ ਅਪਣੀਆਂ ਚੋਣਵੀਆਂ ਨਜ਼ਮਾਂ ਸਾਂਝੀਆਂ ਕੀਤੀਆਂ ਓਥੇ ਉਹਨਾਂ ਦੀ ਕਾਵਿ/ਨਿਬੰਧ ਪੁਸਤਕ ‘ਪੌਣਾ ਮੀਲ ਸਰਹੱਦ’ ਬਾਰੇ ਪਿਆਰਾ ਸਿੰਘ ਕੁੱਦੋਵਾਲ ਹੁਰਾਂ ਨੇ ਆਪਣੇ ਕੁੰਜੀਵਤ ਵਿਚਾਰ ਪੇਸ਼ ਕੀਤੇ। ਕਹਾਣੀਕਾਰ ਜਤਿੰਦਰ ਹਾਂਸ ਬਾਰੇ ਮੁੱਢਲੇ ਸਵਾਗਤੀ ਸ਼ਬਦ ਅਤੇ ਉਹਨਾਂ ਦੀ ਪੰਜਾਬੀ ਕਹਾਣੀਕਾਰ ਵਜੋਂ ਮਹੱਤਤਾ ਉਜਾਗਰ ਕਰਦੇ ਸੰਖੇਪ ਸ਼ਬਦ ਉੱਘੀ ਕਵਿੱਤਰੀ ਪਰਮਜੀਤ ਦਿਓਲ ਅਤੇ ਉੱਘੇ ਕਹਾਣੀਕਾਰ ਜਰਨੈਲ ਸਿੰਘ ਹੁਰਾਂ ਵਲੋਂ ਪੇਸ਼ ਕੀਤੇ ਗਏ। ਉਪਰੰਤ ਜਤਿੰਦਰ ਹਾਂਸ ਹੁਰੀਂ ਵੀ ਹਾਜ਼ਰੀਨ ਦੇ ਰੂ-ਬ-ਰੂ ਹੋਏ ਅਤੇ ਕਾਫ਼ਲੇ ਦਾ ਧੰਨਵਾਦ ਕੀਤਾ।
ਇਸ ਸਮਾਗਮ ਦਾ ਕਵਿਤਾ ਭਾਗ ਹਾਲ ਹੀ ਵਿੱਚ ਵਿਛੋੜਾ ਦੇ ਗਏ ਕਾਫ਼ਲੇ ਦੇ ਪੁਰਾਣੇ ਮੈਂਬਰ ਅਤੇ ਸੰਜੀਦਾ ਕਵੀ ਗੁਰਬਚਨ ਚਿੰਤਕ ਹੁਰਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸੀ। ਕਵੀ ਦਰਬਾਰ ਵਿੱਚ ਭਾਗ ਲੈਣ ਵਾਲੇ ਸ਼ਾਇਰਾਂ ਵਿੱਚ ਪਿਆਰਾ ਸਿੰਘ ਕੁੱਦੋਵਾਲ, ਪ੍ਰਤੀਕ ਆਰਟਿਸਟ, ਸੰਦੀਪ ਧਨੋਆ, ਸੁਰਿੰਦਰਜੀਤ ਕੌਰ, ਮਲਵਿੰਦਰ, ਸੁਖਚਰਨਜੀਤ ਕੌਰ ਗਿੱਲ, ਲਖਵੀਰ ਸਿੰਘ ਕਾਹਲੋਂ, ਹਰਦਿਆਲ ਝੀਤਾ, ਪਰਮਜੀਤ ਦਿਓਲ, ਕਿਰਪਾਲ ਕੰਵਲ, ਪਰਮਜੀਤ ਢਿੱਲੋਂ ਅਤੇ ਪ੍ਰਭਜੋਤ ਰਾਠੌਰ ਨੇ ਆਪਣੀਆਂ ਰਚਨਾਵਾਂ ਨਾਲ ਸਮੁੱਚੇ ਮਾਹੌਲ ਨੂੰ ਕਾਵਿਕ ਬਣਾ ਦਿੱਤਾ।
ਤਕਰੀਬਨ ਚਾਰ ਘੰਟੇ ਚੱਲੀ ਇਸ ਭਾਵਪੂਰਤ ਕਾਫ਼ਲਾ ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਸ਼ਾਮਿਲ ਲੇਖਕਾਂ, ਪਾਠਕਾਂ ਅਤੇ ਬੁੱਧੀਜੀਵੀਆਂ ਨੇ ਜਿੱਥੇ ਇਸ ਸਾਹਿਤਕ ਸਮਾਗਮ ਨੂੰ ਮਾਣਿਆ ਓਥੇ ਅਪਣੀ ਭਰਵੀਂ ਸ਼ਮੂਲੀਅਤ ਨਾਲ ਇਸਨੂੰ ਸਾਹਿਤਕਤਾ ਨਾਲ ਹੋਰ ਵੀ ਓਤਪੋਤ ਕਰ ਦਿੱਤਾ।
ਇਸ ਸਮਾਗਮ ਦੀ ਰਿਫਰੈਸ਼ਮੈਂਟ ਸੇਵਾ ਇਸ ਵਾਰ ‘ਰੂਹ ਪੰਜਾਬ ਦੀ’ ਕਲਾਤਮਿਕ ਗਰੁੱਪ ਦੇ ਸਾਥੀਆਂ ਵਲੋਂ ਨਿਭਾਈ ਗਈ। ਸਮੁੱਚੇ ਸਮਾਗਮ ਨੂੰ ਭੁਪਿੰਦਰ ਦੁਲੇ ਹੁਰਾਂ ਵਲੋਂ ਬਾਖੂਬੀ ਸੂਤਰਬੱਧ ਤੇ ਸੰਚਾਲਿਤ ਕੀਤਾ ਗਿਆ। ਕਾਫਲੇ ਦੀ ਇਹ ਮਿਲਣੀ ਅਗਸਤ ਵਿੱਚ 29 ਤਰੀਕ ਨੂੰ ਮੁੜ ਮਿਲਣ ਦੇ ਖੂਬਸੂਰਤ ਇਕਰਾਰ ਨਾਲ ਅਪਣੇ ਸਿਖਰ ‘ਤੇ ਪਹੁੰਚੀ।

RELATED ARTICLES
POPULAR POSTS