25.5 C
Toronto
Friday, August 7, 2026
spot_img
Homeਕੈਨੇਡਾਕੈਨੇਡਾ ਦੀ ਵਿਸ਼ਵ ਪੱਧਰੀ ਆਰਥਿਕ ਤਾਕਤ ਨੂੰ ਹੁਲਾਰਾ ਦੇਣ ਲਈ ਨਵੇਂ ਰਣਨੀਤਿਕ...

ਕੈਨੇਡਾ ਦੀ ਵਿਸ਼ਵ ਪੱਧਰੀ ਆਰਥਿਕ ਤਾਕਤ ਨੂੰ ਹੁਲਾਰਾ ਦੇਣ ਲਈ ਨਵੇਂ ਰਣਨੀਤਿਕ ਨਿਰਯਾਤ ਦਫ਼ਤਰ ਦੀ ਸ਼ੁਰੂਆਤ : ਸੋਨੀਆ ਸਿੱਧੂ

ਬਰੈਂਪਟਨ/ਪਰਵਾਸੀ ਨਿਊਜ਼ : ਕੈਨੇਡਾ ਵਿੱਚ ਆਪਣੀ ਪਹਿਲੀ ਕਿਸਮ ਦੇ ‘ਸਟ੍ਰੈਟੇਜਿਕ ਐਕਸਪੋਰਟ ਆਫ਼ਿਸ’ ਜੋ ਕਿ ਕੈਨੇਡੀਅਨ ਕੰਪਨੀਆਂ ਨੂੰ ਵਿਸ਼ਵ-ਪੱਧਰ ‘ਤੇ ਵਿਓਪਾਰਕ ਸਬੰਧ ਮਜ਼ਬੂਤ ਕਰਨ ਅਤੇ ਤੇਜ਼ੀ ਨਾਲ ਵੱਧ ਰਹੇ ਮੰਡੀਕਰਨ ਲਈ ਬਹੁਤ ਹੀ ਵਧੀਆ ਉਪਰਾਲਾ ਹੈ।
ਫ਼ੈੱਡਰਲ ਸਰਕਾਰ ਵੱਲੋਂ ਲਏ ਗਏ ਇਸ ਮਹੱਤਵਪੂਰਨ ਕਦਮ ਦਾ ਐਲਾਨ ਮਾਣਯੋਗ ਮਨਿਸਟਰ ਆਫ਼ ਇੰਟਰਨੈਸ਼ਨਲ ਟਰੇਡ ਮਨਿੰਦਰ ਸਿੱਧੂ ਵੱਲੋਂ ਬਰੈਂਪਟਨ ਸਾਊਥ ਵਿਖੇ ਕਾਰਜਸ਼ੀਲ ਕੈਨੇਡੀਅਨ ਖੋਜ ਅਤੇ ਕਮਿਊਨਿਟੀ ਦੀ ਵੱਡੀ ਰੋਜ਼ਗਾਰ ਪ੍ਰਦਾਨ ਕਰਨ ਵਾਲੀ ਕੰਪਨੀ ਐੱਮ.ਡੀ.ਏ. ਸਪੇਸ ਦੇ ਦਫ਼ਤਰ ਵਿਖੇ ਕੀਤਾ ਗਿਆ।
‘ਗਲੋਬਲ ਅਫ਼ੇਅਰਜ਼ ਕੈਨੇਡਾ’ ਵਿਖੇ ਸਥਿਤ ‘ਸਟ੍ਰੈਟੇਜਿਕ ਐਕਸਪੋਰਟ ਆਫ਼ਿਸ’ ਡਿਪਲੋਮੈਟਿਕ, ਫ਼ਾਈਨਾਂਸ਼ੀਅਲ ਅਤੇ ਕਮਰਸ਼ਲ ਵਿਸ਼ੇਸ਼ੱਗਅਤਾ ਨੂੰ ਏਅਰੋਸਪੇਸ, ਡਿਫ਼ੈਂਸ, ਇਨਫ਼ਰਾਸਟਰੱਕਚਰ ਅਤੇ ਐਨੱਰਜੀ ਖ਼ੇਤਰਾਂ ਵਿੱਚ ਮੁਕਾਬਲੇਬਾਜ਼ੀ ਕਰ ਰਹੀਆਂ ਕੰਪਨੀਆਂ ਨੂੰ ਇੱਕੇ ਜਗ੍ਹਾ ਸੇਵਾਵਾਂ ਮੁਹੱਈਆ ਕਰੇਗਾ।
ਇਹ ਆਫ਼ਿਸ ਵਿਓਪਾਰਕ ਹੱਦਬੰਦੀਆਂ ਖ਼ਤਮ ਕਰਨ ਵਿੱਚ ਸਹਾਈ ਹੋਵੇਗਾ, ਫ਼ੈੱਡਰਲ ਸਹਾਇਤਾ ਨੂੰ ਨਿਯੰਤ੍ਰਿਤ ਕਰਨ ਅਤੇ ਸਾਰੀ ਦੁਨੀਆਂ ਵਿੱਚ ਨਵੇਂ ਵਪਾਰਕ ਖੇਤਰ ਸਥਾਪਿਤ ਕਰਨ ਵਿੱਚ ਸਹਾਈ ਹੋਵੇਗਾ।
ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਕੈਨੇਡੀਅਨ ਕੰਪਨੀਆਂ ਵਿਸ਼ਵ-ਪੱਧਰੀ ਨਵੀਆਂ ਤਕਨਾਲੌਜੀਆਂ ਈਜਾਦ ਕਰ ਰਹੀਆਂ ਹਨ ਅਤੇ ਇਨ੍ਹਾਂ ਨੂੰ ਵਿਸ਼ਵ-ਪੱਧਰੀ ਸਹਾਇਤਾ ਅਤੇ ਹੱਲਾਸ਼ੇਰੀ ਦੀ ਜ਼ਰੂਰਤ ਹੈ। ‘ਸਟ੍ਰੈਟੇਜਿਕ ਐਕਸਪੋਰਟ ਆਫ਼ਿਸ’ ਦੀ ਸ਼ੁਰੂਆਤ ਕਰਕੇ ਸਾਡੀ ਸਰਕਾਰ ਖੋਜੀ ਬਿਜ਼ਨੈੱਸ ਅਦਾਰਿਆਂ ਨੂੰ ਨਵਾਂ ਹੁਲਾਰਾ ਦੇ ਰਹੀ ਹੈ, ਜਿਸ ਵਿੱਚ ਬਰੈਂਪਟਨ ਸਾਊਥ ਵਿਖੇ ਨਵੇਂ ਯੰਤਰ ਤਿਆਰ ਕਰਨਾ ਸ਼ਾਮਲ ਹੈ, ਜਿਨ੍ਹਾਂ ਦੀ ਵਿਸ਼ਵ-ਪੱਧਰ ‘ਤੇ ਮੁਕਾਬਲਾ ਕਰਨ ਲਈ ਨਵੀਆਂ ਤਕਨਾਲੌਜੀਆਂ ਨੂੰ ਲੋੜ ਹੈ।”
ਜ਼ਿਕਰਯੋਗ ਹੈ ਕਿ ਬੱਜਟ 2025 ਵਿੱਚ ਇਸ ਆਫ਼ਿਸ ਨੂੰ ਸਥਾਪਿਤ ਕਰਨ ਦਾ ਉਦੇਸ਼ ਕੈਨੇਡਾ ਵੱਲੋਂ ਵਿਓਪਾਰ ਵਿੱਚ ਵਿਭਿੰਨਤਾ ਲਿਆਉਣ ਅਤੇ ਅਮਰੀਕੀ ਵਪਾਰ ਉੱਤੇ ਨਿਰਭਰਤਾ ਨੂੰ ਘਟਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਇਆ ਗਿਆ ਸੀ। ਕੈਨੇਡਾ ਸਰਕਾਰ ਵੱਲੋਂ ਆਉਂਦੇ 10 ਸਾਲਾਂ ਵਿੱਚ ਅਮਰੀਕਾ ਤੋਂ ਨਾ-ਆਯਾਤ ਹੋਣ ਵਾਲੀਆਂ ਵਸਤਾਂ ਨੂੰ ਦੁੱਗਣਾ ਕਰਨ ਦਾ ਟੀਚਾ ਨਿਸਚਿਤ ਕੀਤਾ ਗਿਆ ਹੈ।
ਇਸ ਮੌਕੇ ਬੋਲਦਿਆਂ ਮਾਣਯੋਗ ਮਨਿਸਟਰ ਮਨਿੰਦਰ ਸਿੱਧੂ ਨੇ ਜ਼ੋਰਦਾਰ ਸ਼ਬਦਾਂ ਵਿਚ ਕਿਹਾ ਕਿ ਇਹ ਆਫ਼ਿਸ ਸਰਕਾਰੀ ਪੱਧਰ ‘ਤੇ ਵਿਦੇਸ਼ੀ ਗੁੰਝਲਦਾਰ ਮੰਡੀਆਂ ਨਾਲ ਵਿਓਪਾਰਕ ਸਮਝੌਤੇ ਕਰਨ ਵਿੱਚ ਮਦਦ ਕਰੇਗਾ ਅਤੇ ਉਨ੍ਹਾਂ ਦੇ ਨਾਲ ਉੱਚ-ਪੱਧਰੀ ਸਬੰਧ ਸਥਾਪਿਤ ਕਰੇਗਾ। ਪਿਛਲੇ ਸਾਲ ਕੈਨੇਡਾ ਨੇ ਅੰਤਰਰਾਸ਼ਟਰੀ ਬਿਜ਼ਨੈੱਸਾਂ ਵਿੱਚ 28 ਬਿਲੀਅਨ ਡਾਲਰ ਤੋਂ ਵਧੇਰੇ ਪੂੰਜੀ ਦਾ ਵਿਓਪਾਰ ਕੀਤਾ। ਇਸ ਨਵੇਂ ਆਫ਼ਿਸ ਦੇ ਖੁੱਲਣ ਨਾਲ ਹੁਣ ਇਹ ਵਿਓਪਾਰ ਇਸ ਤੋਂ ਹੋਰ ਵਧੇਰੇ ਹੋਣ ਦੀ ਆਸ ਹੈ।
ਐੱਮ.ਡੀ.ਏ. ਸਪੇਸ ਦੇ ਸੀ.ਈ.ਓ. ਮਾਈਕ ਗਰੀਨਲੇ ਅਤੇ ਐੱਮ.ਡੀ.ਏ. ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਐੱਮ.ਡੀ.ਏ. ਸਪੇਸ ਕੈਨੇਡਾ ਦੀ ਨਵੀਂ ਖੋਜ ਨੂੰ ਬਾਖ਼ੂਬੀ ਦਰਸਾਉਂਦੀ ਹੈ। ਪੁਲਾੜ ਅਤੇ ਡਿਫ਼ੈਂਸ ਖ਼ੇਤਰਾਂ ਵਿੱਚ ਇਸਦੀ ਅਗਵਾਈ ਵਿੱਚ ਹੋ ਰਹੀ ਖੋਜ ਭਲੀ-ਭਾਂਤ ਦੱਸਦੀ ਹੈ ਕਿ ਕਿਵੇਂ ਕੈਨੇਡਾ ਵੱਲੋਂ ਵਿਸ਼ਵ-ਪੱਧਰ ‘ਤੇ ਕੰਪਨੀਆਂ ਦੀ ਅਗਵਾਈ ਇੰਜ ਹੀ ਜਾਰੀ ਰੱਖੀ ਜਾਣੀ ਚਾਹੀਦੀ ਹੈ।”
ਇੱਥੇ ਇਹ ਦੱਸਣਯੋਗ ਹੈ ਕਿ ‘ਸਟ੍ਰੈਟੇਜਿਕ ਐਕਸਪੋਰਟ ਆਫ਼ਿਸ’ ਜਲਦੀ ਹੀ ਆਪਣਾ ਕੰਮ ਸ਼ੁਰੂ ਕਰ ਦੇਵੇਗਾ ਅਤੇ ਇਹ ਆਪਣੇ ਉਦਯੋਗਿਕ ਭਾਈਵਾਲ਼ਾਂ, ਫ਼ੈੱਡਰਲ ਸਰਕਾਰ ਦੇ ਵੱਖ-ਵੱਖ ਵਿਭਾਗਾਂ ਤੇ ਵਿਸ਼ਵ-ਪੱਧਰੀ ਕੈਨੇਡੀਅਨ ਮਿਸ਼ਨ ਨਾਲ ਮਿਲ਼ ਕੇ ਕੰਮ ਕਰੇਗਾ।

RELATED ARTICLES
POPULAR POSTS