ਵੱਡੀ ਗਿਣਤੀ ‘ਚ ਐੱਮ.ਪੀਜ਼., ਐੱਮ.ਪੀ.ਪੀਜ਼., ਮੇਅਰਾਂ ਤੇ ਸਿਟੀ ਕੌਂਸਲਰਾਂ ਨੇ ਕੀਤੀ ਸ਼ਿਰਕਤ
ਇਸ ਦੌਰਾਨ 10,000 ਵਾਲੰਟੀਅਰਾਂ ਨੇ ਆਪੋ-ਆਪਣੀਆਂ ਡਿਊਟੀਆਂ ਬਾਖ਼ੂਬੀ ਨਿਭਾਈਆਂ
ਮਿਸੀਸਾਗਾ/ਡਾ. ਝੰਡ : ਲੰਘੇ ਹਫਤੇ 10, 11 ਤੇ 12 ਜੁਲਾਈ ਨੂੰ ਕੈਨੇਡਾ ਦੀ ਅਹਿਮਦੀਆ ਜਮਾਤ ਵੱਲੋਂ ਮਿਸੀਸਾਗਾ ਦੇ 6900 ਏਅਰਪੋਰਟ ਰੋਡ ਸਥਿਤ ਇੰਟਰਨੈਸ਼ਨਲ ਸੈਂਟਰ ਦੇ ਵਿਸ਼ਾਲ ਹਾਲ ਨੰਬਰ 5 ਵਿਖੇ ਆਯੋਜਿਤ ਕੀਤੇ ਗਏ 48ਵੇਂ ਅਹਿਮਦੀਆ ਸਲਾਨਾ ਜਲਸੇ ਵਿੱਚ ਤਿੰਨ ਦਿਨ ਖ਼ੂਬ ਰੌਣਕਾਂ ਲੱਗੀਆਂ ਰਹੀਆਂ। ਇਸ ਸਲਾਨਾ ਕਾਨਫ਼ਰੰਸ ਦਾ ਆਰੰਭ ਕੈਨੇਡਾ ਦੀ ਅਹਿਮਦੀਆ ਜਮਾਤ ਦੇ ਪ੍ਰੈਜ਼ੀਡੈਂਟ ਲਾਲ ਖ਼ਾਨ ਮਲਿਕ ਹੁਰਾਂ ਵੱਲੋਂ ਪਹਿਲੇ ਦਿਨ 10 ਜੁਲਾਈ ਨੂੰ ਸ਼ੁੱਕਰਵਾਰ ਦੀ ਖ਼ਾਸ ਨਿਮਾਜ਼ ਪੜ੍ਹਨ ਤੋਂ ਬਾਅਦ ਪਰੈੱਸ ਕਾਨਫ਼ਰੰਸ ਕਰਕੇ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਜਨਾਬ ਲਾਲ ਖ਼ਾਨ ਮਲਿਕ ਹੁਰਾਂ ਕਿਹਾ ਕਿ ਇਸ 48ਵੇਂ ਸਲਾਨਾ ਅਹਿਮਦੀਆ ਜਲਸੇ ਦੀ ਅਹਿਮੀਅਤ ਇਸ ਵਿੱਚ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਹਿਮਦੀਆ ਭਰਾਵਾਂ, ਭੈਣਾਂ ਤੇ ਮਹਿਮਾਨਾਂ ਕਰਕੇ ਹੈ। ਉਨ੍ਹਾਂ ਦੱਸਿਆ ਕਿ ਇਸ ਤਿੰਨ ਦਿਨਾਂ ਜਲਸੇ ਵਿੱਚ ਹਾਜ਼ਰੀਨ ਨੂੰ ਆਪਣੀਆਂ ਆਤਮਿਕ ਤੇ ਸਮਾਜਿਕ ਤੰਦਾਂ ਨੂੰ ਮਜ਼ਬੂਤ ਕਰਨ, ਧਾਰਮਿਕ ਗਿਆਨ ਵਿੱਚ ਵਾਧਾ ਕਰਨ, ਮਨੁੱਖਤਾ ਦੀ ਸੇਵਾ ਕਰਨ ਅਤੇ ਅਮਨ-ਸ਼ਾਂਤੀ ਦਾ ਨਾਲ ਜੀਵਨ ਜਿਊਣ ਦੀਆਂ ਕਦਰਾਂ-ਕੀਮਤਾਂ ਬਾਰੇ ਪਤਾ ਲੱਗੇਗਾ। ਇਸ ਦੌਰਾਨ ਕੁਝ ਹੋਰ ਚੋਣਵੇਂ ਬੁਲਾਰਿਆਂ ਵੱਲੋਂ ਵੀ ਇਸ ਪਰੈੱਸ ਕਾਫ਼ਰੰਸ ਨੂੰ ਸੰਬੋਧਨ ਕੀਤਾ ਗਿਆ।
ਦੂਸਰੇ ਦਿਨ ਸ਼ਨੀਵਾਰ ਇਸ ਕਾਨਫ਼ਰੰਸ ਵਿੱਚ ਓਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫ਼ੋਰਡ, ਆਪੋਜ਼ੀਸ਼ਨ ਦੇ ਲੀਡਰ ਮਿਸ ਮੈਰਿਟ, ਕੈਲਗਰੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੀ.ਸੀ. ਪਾਰਟੀ ਨਾਲ ਸਬੰਧਿਤ ਐੱਮ.ਪੀ. ਟਿਮ ਉੱਪਲ, ਬਰੈਂਪਟਨ ਅਤੇ ਮਿਸੀਸਾਗਾ ਤੋਂ 10 ਐੱਮ.ਪੀਜ਼. ਵੱਖ-ਵੱਖ ਸ਼ਹਿਰਾਂ ਦੇ ਅੱਠ ਮੇਅਰਾਂ ਅਤੇ ਸਿਟੀ ਕੌਂਸਲਰਾਂ ਨੇ ਜਲਸੇ ਵਿੱਚ ਹਾਜ਼ਰ ਲੋਕਾਂ ਨੂੰ ਸੰਬੋਧਨ ਹੁੰਦਿਆਂ ਹੋਇਆਂ ਇਹ ਮਹਾਨ ਕਾਨਫ਼ਰੰਸ ਕਰਨ ‘ਤੇ ਮੁਬਾਰਕਬਾਦ ਦਿੱਤੀ ਗਈ ਅਤੇ ਅਹਿਮਦੀਆ ਜਮਾਤ ਵੱਲੋਂ ਅਮਨ ਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਨਾਅਰੇ ”ਲਵ ਫ਼ਾਰ ਆਲ, ਹੇਟਰਡ ਫ਼ਾਰ ਨੱਨ” ਉੱਪਰ ਅਮਲ ਕਰਨ ਲਈ ਕਿਹਾ ਗਿਆ। ਟਿਮ ਉਪਲ ਵੱਲੋਂ ਇਸ ਸਮੇਂ ਆਪਣਾ ਭਾਸ਼ਨ ਪੰਜਾਬੀ ਵਿੱਚ ਦਿੱਤਾ ਗਿਆ, ਜਦਕਿ ਹੋਰ ਬੁਲਾਰਿਆਂ ਨੇ ਅੰਗਰੇਜ਼ੀ ਵਿੱਚ ਸੰਬੋਧਨ ਕੀਤਾ। ਬਰੈਂਪਟਨ ਤੋਂ ਪਹੁੰਚੇ ਲੀਡਰਾਂ ਵਿੱਚ ਮੰਤਰੀ ਮਨਿੰਦਰ ਸਿੱਧੂ, ਐੱਮ.ਪੀਜ਼ ਸੋਨੀਆ ਸਿੱਧੂ, ਰੂਬੀ ਸਹੋਤਾ, ਇਸ਼ਫ਼ਾਕ ਅਹਿਮਦ, ਅਮਨਦੀਪ ਸੋਢੀ, ਡਿਪਟੀ ਮੇਅਰ ਹਰਕੀਰਤ ਸਿੰਘ ਤੇ ਕਈ ਹੋਰ ਸ਼ਾਮਲ ਸਨ।
ਜਲਸੇ ਦੇ ਅਖ਼ੀਰਲੇ ਦਿਨ ਐਤਵਾਰ 12 ਜੁਲਾਈ ਨੂੰ ਜਨਾਬ ਲਾਲ ਖ਼ਾਨ ਮਲਿਕ ਹੁਰਾਂ ਵੱਲੋਂ ਹਾਲ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਅਮਨ ਦਾ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਅਤੇ ਸਾਰੇ ਮਸਲੇ ਅਮਨ-ਸ਼ਾਂਤੀ ਦੇ ਮਾਹੌਲ ਵਿੱਚ ਗੱਲ-ਬਾਤ ਰਾਹੀਂ ਹੀ ਹੱਲ ਕੀਤੇ ਜਾ ਸਕਦੇ ਹਨ। ਇਸ ਦੌਰਾਨ ਪੀ.ਸੀ. ਪਾਰਟੀ ਦੇ ਐੱਮ.ਪੀ.ਪੀਜ਼.ਹਰਜੋਤ ਸਿੱਧੂ ਅਤੇ ਮੁਹੰਮਦ ਵੱਲੋਂ ਵੀ ਹਾਜ਼ਰੀਨ ਨੂੰ ਸੰਬੌਧਨ ਕੀਤਾ ਗਿਆ। ਕਾਨਫ਼ਰੰਸ ਦੇ ਮੇਨ ਹਾਲ ਨੰਬਰ 5 ਤੋਂ ਬਾਹਰ ਇੱਕ ਵੱਡੇ ਸ਼ਾਮਿਆਨੇ ਵਿੱਚ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ ਜਿਸ ਵਿੱਚ ਇਸਲਾਮ ਅਤੇ ਹੋਰ ਧਰਮਾਂ ਤੇ ਫ਼ਲਾਸਫ਼ੀ ਦੀਆਂ ਕਿਤਾਬਾਂ ਬੜੇ ਸਲੀਕੇ ਨਾਲ ਸਜਾਈਆਂ ਗਈਆਂ ਸਨ। ਪ੍ਰਦਰਸ਼ਨੀ ਵਿੱਚ ਕਿਤਾਬਾਂ ਵੇਖਣ ਤੋਂ ਇਲਾਵਾ ਇਨ੍ਹਾਂ ਵਿੱਚੋਂ ਕੁਝ ਖ਼ਰੀਦੀਆਂ ਵੀ ਜਾ ਸਕਦੀਆਂ ਸਨ ਅਤੇ ਕਈ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਵੀ ਸਨ।
ਜਲਸੇ ਦੇ ਇਨ੍ਹਾਂ ਤਿੰਨਾਂ ਦਿਨਾਂ ਵਿੱਚ 25,000 ਤੋਂ ਵਧੀਕ ਲੋਕ ਸ਼ਾਮਲ ਹੋਏ ਅਤੇ ਇਸ ਦੌਰਾਨ 10,000 ਦੇ ਕਰੀਬ ਵਾਲੰਟੀਅਰਾਂ ਨੇ ਆਪੋ-ਆਪਣੀਆਂ ਡਿਊਟੀਆਂ ਬਾਖ਼ੂਬੀ ਨਿਭਾਈਆਂ। ਵੱਖ-ਵੱਖ ਪਾਰਕਿੰਗਾਂ ਵਿੱਚ ਗੱਡੀਆਂ ਸਹੀ ਤਰ੍ਹਾਂ ਲਵਾਉਣ, ਮਹਿਮਾਨਾਂ ਨੂੰ ਪੂਰੇ ਮਾਣ-ਸਤਿਕਾਰ ਨਾਲ ਜਲਸੇ ਵਾਲੀ ਥਾਂ ‘ਤੇ ਲਿਜਾਣ, ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਥਾਂ ਸਿਰ ਕੁਰਸੀਆਂ ‘ਤੇ ਬਿਠਾਉਣ, ਚਾਹ-ਪਾਣੀ ਤੇ ਲੰਗਰ ਅਸਥਾਨ ‘ਤੇ ਸੇਵਾ ਕਰਨ ਦੀਆਂ ਸਾਰੀਆਂ ਸੇਵਾਵਾਂ ਉਨ੍ਹਾਂ ਵੱਲੋਂ ਬਾਖ਼ੂਬੀ ਨਿਭਾਈਆਂ ਜਾ ਰਹੀਆਂ ਸਨ। ਇਸ ਦੌਰਾਨ ਚਾਹ-ਪਾਣੀ, ਸਨੈਕਸ ਅਤੇ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।
ਏਨੀ ਵੱਡੀ ਗਿਣਤੀ ਵਿੱਚ ਆਏ ਸਰੋਤਿਆਂ ਤੇ ਮਹਿਮਾਨਾਂ ਲਈ ਲੰਗਰ ਦਾ ਪ੍ਰਬੰਧ ਕਰਨਾ ਏਡਾ ਸੁਖਾਲਾ ਨਹੀਂ ਹੈ ਪਰ ਅਹਿਮਦੀਆਂ ਜਮਾਤ ਵੱਲੋਂ ਇਹ ਪ੍ਰਬੰਧ ਬਾਖ਼ੂਬੀ ਕੀਤਾ ਗਿਆ।
ਇਸ ਦੌਰਨ ਕਾਦੀਆਂ ਤੋਂ ਅਬਦੁਲ ਬਾਸਿਤ, ਪਾਕਿਸਤਾਨ ਤੋਂ ਮਕਸੂਦ ਚੌਧਰੀ ਤੇ ਸਮੀ ਉਲ੍ਹਾ ਖ਼ਾਨ ਵੱਲੋਂ ਬਰੈਂਪਟਨ ਅਤੇ ਮਿਸੀਸਾਗਾ ਤੋਂ ਆਏ ਪੰਜਾਬੀ ਮਹਿਮਾਨਾਂ ਦੀ ਖ਼ੂਬ ਖ਼ਾਤਰ-ਤਵੱਜੋ ਕੀਤੀ ਗਈ। ਅਹਿਮਦੀਆ ਦੋਸਤਾਂ ਵੱਲੋਂ ਇਸ ਸਮਾਗਮ ਲਈ ਸੱਦਾ ਦੇਣ ‘ਤੇ ਬਰੈਂਪਟਨ ਤੋਂ ਮਹਿਮਾਨਾਂ ਵਿੱਚ ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਡਾ. ਸੁਖਦੇਵ ਸਿੰਘ ਝੰਡ, ਡਾ. ਜਗਮੋਹਨ ਸਿੰਘ ਸੰਘਾ, ਇਕਬਾਲ ਸਿੰਘ ਬਰਾੜ, ਜਸਪਾਲ ਸਿੰਘ ਤੇ ਕਈ ਹੋਰ ਵਿਸ਼ੇਸ਼ ਤੌਰ ‘ਤੇ ਇਸ ਜਲਸੇ ਵਿੱਚ ਸ਼ਾਮਲ ਹੋਏ।







