Breaking News
Home / ਕੈਨੇਡਾ / ਕੌਂਸਲਰ ਗੁਰਪ੍ਰੀਤ ਢਿੱਲੋਂ ਦੇ ਪ੍ਰਸਤਾਵ ‘ਤੇ ਸਿਟੀ ਕਾਉਂਸਲ ਵੱਲੋਂ ਉਬੇਰ ਦੀਆਂ ਗਤੀਵਿਧੀਆਂ ਸਸਪੈਂਡ ਕਰਨ ਲਈ ਮਤਾ ਪਾਸ

ਕੌਂਸਲਰ ਗੁਰਪ੍ਰੀਤ ਢਿੱਲੋਂ ਦੇ ਪ੍ਰਸਤਾਵ ‘ਤੇ ਸਿਟੀ ਕਾਉਂਸਲ ਵੱਲੋਂ ਉਬੇਰ ਦੀਆਂ ਗਤੀਵਿਧੀਆਂ ਸਸਪੈਂਡ ਕਰਨ ਲਈ ਮਤਾ ਪਾਸ

ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸਿਟੀ ਕਾਉਂਸਲ ਵੱਲੋਂ ਰਾਈਡ ਸ਼ੇਅਰ ਕਰਨ ਵਾਲੀਆਂ ਕੰਪਨੀਆਂ, ਜਿਵੇਂ ਕਿ ਉਬੇਰ, ਦੀਆਂ ਗਤੀਵਿਧੀਆਂ ਨੂੰ ਅਸਥਾਈ ਤੌਰ ਉੱਤੇ ਸਸਪੈਂਡ ਕਰਨ ਲਈ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ ਹੈ। ਇਸ ਮਤੇ ਨੂੰ ਪੇਸ਼ ਕਰਨ ਵਾਲੇ ਕਾਉਂਸਲਰ ਗੁਰਪ੍ਰੀਤ ਢਿੱਲੋਂ ਨੇ ਇਸ ਨੂੰ ਬਰੈਂਪਟਨ ਵਾਸੀਆਂ ਦੀ ਜਿੱਤ ਦੱਸਿਆ।
ਇਸ ਮਤੇ ਉੱਤੇ ਪੈਣ ਵਾਲੀ ਵੋਟ ਦੇ ਫੈਸਲੇ ਨੂੰ ਜਾਨਣ ਲਈ ਕਾਉਂਸਲ ਚੇਂਬਰ ਵਿੱਚ ਇੱਕਠੇ ਹੋਏ ਲਾਇਸੰਸਸੁਦਾ ਟੈਕਸੀ ਡਰਾਈਵਰਾਂ ਨੇ ਵੀ ਤਾੜੀਆਂ ਮਾਰ ਕੇ ਤੇ ਚਾਂਗਰਾਂ ਛੱਡ ਕੇ ਆਪਣੀ ਖੁਸ਼ੀ ਪ੍ਰਗਟਾਈ। ਇਸ ਮਗਰੋਂ ਢਿੱਲੋਂ ਨੇ ਆਖਿਆ ਕਿ ਜਨਤਾ ਦੀ ਸੇਫਟੀ ਤੇ ਸਕਿਊਰਿਟੀ ਦੀ ਗਾਰੰਟੀ ਲਈ ਇਹ ਫੈਸਲਾ ਬੇਹੱਦ ਚੰਗਾ ਹੈ। ਇਸ ਬਾਇਲਾਅ ਦੀ ਉਲੰਘਣਾਂ ਕਰਨ ਵਾਲੀ ਕਿਸੇ ਵੀ ਰਾਈਡ ਸੇਥਅਰਿੰਗ ਸਰਵਿਸ ਨੂੰ ਘੱਟ ਤੋਂ ਘੱਟ 5000 ਡਾਲਰ ਤੱਕ ਦਾ ਜੁਰਮਾਨਾ ਵੀ ਦੇਣਾ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਨੂੰ ਵਿਧਾਨਕ ਤਬਦੀਲੀਆਂ ਕਰਕੇ ਮਿਉਂਸਪੈਲਟੀਆਂ ਨੂੰ ਇਹ ਅਖ਼ਤਿਆਰ ਦੇਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਸੇਵਾਵਾਂ ਖਿਲਾਫ ਸਥਾਨਕ ਬਾਇਲਾਅ ਲਾਗੂ ਕਰ ਸਕਣ। ਹੁਣ ਇਹ ਮਤਾ ਟੈਕਸੀ ਐਡਵਾਈਜ਼ਰੀ ਕਮੇਟੀ ਤੇ ਸਿਟੀ ਸਟਾਫ ਕੋਲ ਲਾਗੂ ਕੀਤੇ ਜਾਣ ਲਈ ਜਾਵੇਗਾ। ਇਸੇ ਦੌਰਾਨ ਉਬੇਰ ਤੇ ਹੋਰ ਰਾਈਡ ਸੇਥਅਰਿੰਗ ਸੇਵਾਵਾਂ ਨੂੰ ਬਰੈਂਪਟਨ ਵਿੱਚੋਂ ਉਦੋਂ ਤੱਕ ਆਪਣਾ ਬੋਰੀਆ ਬਿਸਤਰਾ ਸਮੇਟਣ ਲਈ ਆਖਿਆ ਗਿਆ ਹੈ ਜਦੋਂ ਤੱਕ ਪੜਚੋਲ ਪੂਰੀ ਨਹੀਂ ਹੋ ਜਾਂਦੀ। ਉਬੇਰ ਵੱਲੋਂ ਇਸ ਦੀ ਪਾਲਣਾ ਦੇ ਸਬੰਧ ਵਿੱਚ ਅਜੇ ਤੱਕ ਕੁੱਝ ਨਹੀਂ ਆਖਿਆ ਗਿਆ ਹੈ।
ਆਲ ਸਟਾਰ ਟੈਕਸੀ ਸਰਵਿਸਿਜ਼ ਤੋਂ ਬਲਵੰਤ ਗਰਚਾ ਅਤੇ ਉੱਘੇ ਕਮਿਊਨਿਟੀ ਲੀਡਰ ਭਜਨ ਸਿੰਘ ਵੀ ਇਸ ਸਮੇਂ ਸਿਟੀ ਹਾਲ ਦੇ ਵਿੱਚ ਮੌਜੂਦ ਸਨ। ਉਨ੍ਹਾਂ ਗੁਰਪ੍ਰੀਤ ਢਿੱਲੋਂ ਵੱਲੋਂ ਲਿਆਂਦੇ ਗਏ ਇਸ ਮੋਸ਼ਨ ਦੀ ਸ਼ਲਾਘਾ ਕੀਤੀ। ਭਜਨ ਸਿੰਘ ਨੇ ਦੱਸਿਆ ਕਿ ਉਬਰ ਦੇ ਆਉਣ ਨਾਲ ਸਾਡੀ ਟੈਕਸੀ ਸਰਵਿਸ ਬਿਲਕੁਲ ਖ਼ਤਮ ਹੋ ਰਹੀ ਸੀ ਪਰ ਸਾਡੀ ਟੈਕਸੀ ਇੰਡਸਟਰੀ ਨੂੰ ਬਚਾਉਣ ਲਈ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਤੇ ਕਾਉਂਸਲ ਨੇ ਇੱਕ ਚੰਗਾ ਕੰਮ ਕੀਤਾ ਹੈ। ਟੈਕਸੀ ਇੰਡਸਟਰੀ ਨਾਲ ਹਜ਼ਾਰਾਂ ਬਰੈਂਪਟੋਨੀਅਨ ਪਰਿਵਾਰ ਜੁੜੇ ਹੋਏ ਹਨ ਜਿਨ੍ਹਾਂ ਦਾ ਘਰਬਾਰ ਇਸ ਸਦਕਾ ਹੀ ਚੱਲਦਾ ਹੈ। ਸੋ ਉਨ੍ਹਾਂ ਨੇ ਆਖਿਆ ਕਿ ਇਹੋ ਜਿਹਾ ਕੰਮ ਹੁਣ ਮਿਸੀਸਾਗਾ ਤੇ ਟੋਰਾਂਟੋ ਦੀ ਕਾਉਂਸਲ ਨੂੰ ਵੀ ਕਰਨਾ ਚਾਹੀਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …