ਸਿੱਖ ਜੱਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਤੇ ਰੂਬੀ ਸਹੋਤਾ ਦਾ ਧੰਨਵਾਦ
ਬਰੈਂਪਟਨ : ਪਿਛਲੇ ਦਿਨੀਂ ਸਰੀ (ਬੀ.ਸੀ.) ਵਿਚ ਹੋਏ ਵਿਸਾਖੀ ਨਗਰ ਕੀਰਤਨ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ‘2018 ਪਬਲਿਕ ਰਿਪੋਰਟ ਆਨ ਟੈੱਰਰਿਜ਼ਮ ਥਰੈੱਟ ਟੂ ਕੈਨੇਡਾ’ ਵਿੱਚੋਂ ਇਤਰਾਜ਼ਯੋਗ ਸ਼ਬਦ ‘ਸਿੱਖ ਖ਼ਾਲਿਸਤਾਨੀ ਐਕਸਟ੍ਰਿਮਿਜ਼ਮ’ ਬਾਹਰ ਕੱਢਣ ਦੇ ਐਲਾਨ ‘ਤੇ ਓਨਟਾਰੀਓ ਵਿਚ ਵਿਚਰ ਰਹੀਆਂ ਸਿੱਖ ਜੱਥੇਬੰਦੀਆਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਉਨ੍ਹਾਂ ਵੱਲੋਂ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦਾ ਵੀ ਹਾਰਦਿਕ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਕਾਰਜ ਨੂੰ ਸਫ਼ਲ ਕਰਾਉਣ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ।
ਇਸ ਸਬੰਧੀ ਬਿਆਨ ਜਾਰੀ ਕਰਦਿਆਂ ਹੋਇਆਂ ‘ਯੂਨਾਈਟਿਡ ਫ਼ਰੰਟ ਆਫ਼ ਸਿੱਖਸ ਐਂਡ ਕਸ਼ਮੀਰੀਜ਼’ ਦੇ ਮੈਂਬਰ ਬਲਕਾਰ ਸਿੰਘ ਖ਼ਾਲਸਾ ਨੇ ਕਿਹਾ, ”ਮੈਨੂੰ ਖ਼ੁਸ਼ੀ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਖ਼ਲ ਦੇਣ ‘ਤੇ ਉਪਰੋਕਤ ਰਿਪੋਰਟ ਵਿੱਚੋਂ ਸ਼ਬਦ ‘ਸਿੱਖ ਖ਼ਾਲਿਸਤਾਨੀ ਐਕਸਟ੍ਰਿਮਿਜ਼ਮ’ ਬਾਹਰ ਕੱਢ ਦਿੱਤੇ ਗਏ ਹਨ। ਲੱਗਭੱਗ ਸਾਰੀਆਂ ਹੀ ਸਿੱਖ ਜੱਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਲਏ ਗਏ ਇਸ ਸ਼ਲਾਘਾਯੋਗ ਫ਼ੈਸਲੇ ‘ਤੇ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਦਾ ਵੀ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਜ਼ੋਰਦਾਰ ਆਵਾਜ਼ ਕੈਨੇਡਾ ਸਰਕਾਰ ਤੱਕ ਪਹੁੰਚਾਈ ਹੈ।
ਜ਼ਿਕਰਯੋਗ ਹੈ ਕਿ ਲੰਘੇ ਵੀਕਐਂਡ ‘ਤੇ ‘2018 ਪਬਲਿਕ ਰਿਪੋਰਟ ਆਨ ਟੈੱਰਰਿਜ਼ਮ ਥਰੈੱਟ ਟੂ ਕੈਨੇਡਾ’ ਉੱਪਰ ਵਿਚਾਰ ਕਰਨ ਲਈ ਜੱਥੇਬੰਦੀਆਂ ਤਿੰਨ ਸਿੱਖ ਆਰਗੇਨਾਈਜ਼ੇਸ਼ਨ, ਓਨਟਾਰੀਓ ਸਿੱਖ ਐਂਡ ਗੁਰਦੁਆਰਾ ਕਾਊਂਸਲ ਅਤੇ ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਸਾਂਝੇ ਤੌਰ ‘ਤੇ ਬੁਲਾਈ ਗਈ ਸੀ ਜਿਸ ਵਿਚ ਐੱਮ.ਪੀ. ਰੂਬੀ ਸਹੋਤਾ ਨੇ ਆਪਣੀ ਭਰਪੂਰ ਹਾਜ਼ਰੀ ਲਗਾਉਂਦਿਆਂ ਹੋਇਆਂ ਇਸ ਮੌਕੇ ਇਕੱਤਰ ਹੋਏ ਸੈਂਕੜੇ ਸਿੱਖਾਂ ਨੂੰ ਯਕੀਨ ਦਿਵਾਇਆ ਸੀ ਕਿ ਉਹ ਵੀ ਇਸ ਰਿਪੋਰਟ ਵਿਚ ਸ਼ਬਦ ‘ਸਿੱਖ ਖ਼ਾਲਿਸਤਾਨੀ ਐਕਸਟ੍ਰਿਮਿਜ਼ਮ’ ਸ਼ਾਮਲ ਹੋਣ ‘ਤੇ ਓਨੇ ਹੀ ਨਰਾਜ਼ ਅਤੇ ਗੁੱਸੇ ਵਿਚ ਹਨ ਅਤੇ ਉਹ ਰਿਪੋਰਟ ਵਿੱਚੋਂ ਇਹ ਇਤਰਾਜ਼ਯੋਗ ਸ਼ਬਦ ਕਢਵਾਉਣ ਲਈ ਆਪਣੀ ਪੂਰੀ ਵਾਹ ਲਗਾਉਣਗੇ। ਇਸ ਮੀਟਿੰਗ ਵਿਚ ਰੂਬੀ ਸਹੋਤਾ ਨੂੰ ਕਮਿਊਨਿਟੀ ਮੈਂਬਰਾਂ ਦੀ ਭੀੜ ਵਿਚ ਸ਼ਾਮਲ ਕਈ ਭਾਵੁਕ ਵਿਅੱਕਤੀਆਂ ਵੱਲੋਂ ਕੀਤੇ ਗਏ ਕੁਝ ਮੁਸ਼ਕਲ ਸੁਆਲਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੰਤਰੀ ਰਾਫੇਲ ਗੁਡੇਲ ਨੇ ਇਸ ਰਿਪੋਰਟ ਦੀ ਸ਼ਬਦਾਵਲੀ ਦੇ ਰੀਵਿਊ ਬਾਰੇ ਤਾਜ਼ਾ ਜਾਣਕਾਰੀ ਜਾਰੀ ਕਰਦਿਆਂ ਕਿਹਾ ਸੀ, ”ਬਦਕਿਸਮਤੀ ਨਾਲ ਰਿਪੋਰਟ ਵਿਚ ਥਰੈੱਟਸ ਨੂੰ ਵਰਨਣ ਕਰਨ ਸਮੇਂ ਵਰਤੀ ਗਈ ਸ਼ਬਦਾਵਲੀ ਨਾਲ ਕੁਝ ਕਮਿਊਨਿਟੀਆਂ ਦੇ ਅਕਸ ਨੂੰ ਠੇਸ ਵੱਜੀ ਹੈ, ਜਦ ਕਿ ਇਹ ਇਸ ਰਿਪੋਰਟ ਦੇ ਮਕਸਦ ਦੇ ਉਲਟ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਕੈਨੇਡਾ ਸਰਕਾਰ ਦੀਆਂ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ ਹੈ।” ਉਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਕੋਈ ਵੀ ‘ਥਰੈੱਟ’ (ਧਮਕੀ) ਕਿਸੇ ਵਿਚਾਰਧਾਰਾ ਨਾਲ ਜੁੜੀ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਕਮਿਊਨਿਟੀ ਦੇ ਨਾਲ। ਉਨ੍ਹਾਂ ਇਹ ਸ਼ਬਦਾਵਲੀ ਤਬਦੀਲ ਕਰਨ ਬਾਰੇ ਵੀ ਵਿਸ਼ਵਾਸ ਦਿਆਇਆ ਸੀ।