Breaking News
Home / ਕੈਨੇਡਾ / ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਤੇ ਟੀ.ਪੀ.ਏ.ਆਰ. ਦੇ 110 ਮੈਂਬਰ ਚੜ੍ਹੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ

ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਤੇ ਟੀ.ਪੀ.ਏ.ਆਰ. ਦੇ 110 ਮੈਂਬਰ ਚੜ੍ਹੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ

ਇਸ ਈਵੈਂਟ ਲਈ 13,000 ਡਾਲਰ ਦਾਨ-ਰਾਸ਼ੀ ਦੇ ਯੋਗਦਾਨ ਨਾਲ ਗਰੁੱਪ ਦੂਸਰੇ ਨੰਬਰ ‘ਤੇ ਰਿਹਾ
ਬਰੈਂਪਟਨ/ਡਾ. ਝੰਡ : ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ (ਟੀ.ਪੀ.ਏ.ਆਰ.) ਕਲੱਬ ਅਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ 110 ਮੈਂਬਰਾਂ ਦੇ ਵੱਡੇ ਗਰੁੱਪ ਨੇ ਮਿਲ ਕੇ ਇਕ ਹੀ ਬੈਨਰ ਹੇਠ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਡਬਲਿਊ.ਡਬਲਿਊ. ਐੱਫ਼ ਵੱਲੋਂ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਇਸ ਹਰਮਨ-ਪਿਆਰੇ ਈਵੈਂਟ ਵਿਚ ਭਾਗ ਲਿਆ ਜਿਸ ਵਿਚ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹਿੱਸਾ ਲੈਂਦੇ ਹਨ। ਗਰੁੱਪ ਵੱਲੋਂ ਇਸ ਈਵੈਂਟ ਵਿਚ ਆਪਣੀ ਸ਼ਮੂਲੀਅਤ ਨੂੰ ਅੰਮ੍ਰਿਤਸਰ ਦੇ ‘ਜੱਲਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ’ ਦੀ 100ਵੀਂ ਵਰ੍ਹੇ-ਗੰਢ ਨੂੰ ਸਮੱਰਪਿਤ ਕੀਤਾ ਗਿਆ। ਇਸ ਦੇ ਨਾਲ ਹੀ ਗਰੁੱਪ ਦੇ ਸਰਗ਼ਰਮ ਮੈਂਬਰ ਬਲਕਾਰ ਸਿੰਘ ਖ਼ਾਲਸਾ ਨੇ ਇਸ ਵਿਚ ਆਪਣੀ ਸ਼ਮੂਲੀਅਤ ਨੂੰ ਜੂਨ 1984 ਦੇ ਬਲਿਊ ਸਟਾਰ ਘੱਲੂਘਾਰੇ ਤੇ ਨਵੰਬਰ 1984 ਵਿਚ ਭਾਰਤ ਵਿਚ ਹੋਈ ਸਿੱਖ ਨਸਲਕੁਸ਼ੀ ਨੂੰ ਸਮੱਰਪਿਤ ਕੀਤਾ। ਈਵੈਂਟ ਦੀ ਸਮਾਪਤੀ ‘ਤੇ ਬਾਅਦ ਦੁਪਹਿਰ 12.30 ਵਜੇ ਜੀ.ਟੀ.ਐੱਮ. ਆਫ਼ਿਸ ਵੱਲੋਂ ਸਮੂਹ ਮੈਂਬਰਾਂ ਲਈ ਸ਼ਾਨਦਾਰ ਲੰਚ ਦਾ ਆਯੋਜਨ ਕੀਤਾ ਗਿਆ। ਆਮ ਫਿੱਟਨੈਸ ਵਾਲੇ ਵਿਅੱਕਤੀ ਇਹ ਪੌੜੀਆਂ 20-30 ਮਿੰਟਾਂ ਵਿਚ ਚੜ੍ਹਦੇ ਹਨ ਪਰ ਇਸ ਗਰੁੱਪ ਦੇ ਬਹੁਤ ਸਾਰੇ ਮੈਂਬਰ ਇਹ ਪੌੜੀਆਂ 15 ਮਿੰਟ ਤੋਂ 28 ਮਿੰਟਾਂ ਵਿਚ ਹੀ ਚੜ੍ਹ ਕੇ ਵਾਪਸ ਆ ਗਏ। ਵਰਨਣਯੋਗ ਹੈ ਕਿ ਗਰੱਪ ਦੇ ਸੱਭ ਤੋਂ ਤੇਜ਼ ਕਲਾਈਬਰ ਸੋਢੀ ਕੰਗ ਨੇ ਇਨ੍ਹਾਂ ਦੇ ਚੜ੍ਹਨ ਲਈ ਕੇਵਲ 15.09 ਮਿੰਟ ਦਾ ਸਮਾਂ ਲਿਆ ਅਤੇ ਹਰਜੋਤ ਸਿੰਘ ਬੈਂਸ 15.29, ਮਾਨਵੀਰ ਸਾਹੀ 15.34, ਬਲਦੇਵ ਸਿੰਘ ਰਹਿਪਾ 18.04 ਤੇ ਰਜਿੰਦਰ ਸਿੰਘ ਪੰਨੂੰ 18.34 ਮਿੰਟਾਂ ਦੇ ਸਮੇਂ ਨਾਲ ਇਕ ਦੂਸਰੇ ਦੇ ਥੋੜ੍ਹਾ ਬਹੁਤ ਅੱਗੇ ਪਿੱਛੇ ਰਹੇ। ਉੱਘੇ ਸਮਾਜ-ਸੇਵੀ ਨਰਿੰਦਰ ਸਿੰਘ ਗਿੱਲ ਬਾਰ੍ਹਵੀਂ ਵਾਰ ਇਹ ਪੌੜੀਆਂ ਚੜ੍ਹੇ ਅਤੇ ਉਨ੍ਹਾਂ ਨੇ ਇਸ ਦੇ ਲਈ 55 ਮਿੰਟ 23 ਸਕਿੰਟ ਦਾ ਸਮਾਂ ਲਿਆ। ਗੱਲ ਸਮੇਂ ਦੀ ਨਹੀਂ ਹੈ, ਬਲਕਿ ਲਗਾਤਾਰ ਉਤਸ਼ਾਹ ਤੇ ਹੌਸਲੇ ਦੀ ਹੈ।
ਇਸ ਗਰੁੱਪ ਦੇ ਸੱਭ ਤੋਂ ਛੋਟੇ 11 ਸਾਲਾ ਮੈਂਬਰ ਗੁਰਅੰਸ਼ ਸਿੰਘ ਨੇ ਇਸ ਈਵੈਂਟ ਲਈ 32 ਮਿੰਟ ਦਾ ਸਮਾਂ ਲਿਆ ਤੇ ਇਕ ਹੋਰ 12 ਸਾਲਾ ਤੇਜਵਿੰਦਰ ਦੇਵਗਨ ਨੇ ਇਸ ਦੇ ਲਈ 33 ਮਿੰਟ ਲਗਾਏ, ਜਦ ਕਿ ਗਰੁੱਪ ਦੇ ਸੱਭ ਤੋਂ ਵਡੇਰੀ ਉਮਰ ਦੇ 75 ਸਾਲਾ ਈਸ਼ਰ ਸਿੰਘ ਦਾ ਸਮਾਂ 44 ਮਿੰਟ ਸੀ ਤੇ 72 ਸਾਲਾ ਮੈਂਬਰ ਜੰਗੀਰ ਸਿੰਘ ਸੈਂਹਬੀ ਜੋ ਪਹਿਲੀ ਵਾਰ ਇਹ ਪੌੜੀਆਂ ਚੜ੍ਹੇ, ਨੇ ਇਸ ਦੇ ਲਈ 38 ਮਿੰਟ ਦਾ ਸਮਾਂ ਲਗਾਇਆ। ਕਲੱਬ ਦੇ ਹੋਰ ਸੀਨੀਅਰ ਕਲਾਈਂਬਰਾਂ ਵਿਚ 72 ਸਾਲਾ ਬਲਕਾਰ ਸਿੰਘ ਖ਼ਾਲਸਾ ਤੇ 71 ਸਾਲਾ ਕੇਸਰ ਸਿੰਘ ਬੜੈਚ ਸ਼ਾਮਲ ਸਨ।
ਜਗਦੀਸ਼ ਗਰੇਵਾਲ, ਉਨ੍ਹਾਂ ਦਾ ਬੇਟਾ ਹਰਦੀਪ ਸਿੰਘ ਤੇ ਬੇਟੀ ਹਰਲੀਨ ਗਰੇਵਾਲ ਇਸ ਗਰੁੱਪ ਦੇ ਮੈਂਬਰਾਂ ਵਿਚ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਗਰੁੱਪ ਦੀਆਂ ਤਿੰਨ ਔਰਤ ਮੈਂਬਰਾਂ ਪ੍ਰਦੀਪ ਪਾਸੀ, ਨਰਿੰਦਰ ਕੌਰ ਖ਼ਾਲਸਾ, ਕੰਵਲਪ੍ਰੀਤ ਜੰਮੂ ਤੇ 23 ਸਾਲਾ ਬੇਟੀ ਅਨੀਸ ਜੰਮੂ ਵੱਲੋਂ ਇਸ ਈਵੈਂਟ ਲਈ ਭਾਰੀ ਉਤਸ਼ਾਹ ਵਿਖਾਇਆ ਗਿਆ। ਪ੍ਰਿੰਸੀਪਲ ਸਰਵਣ ਸਿੰਘ ਤੇ ਡਾ. ਸੁਖਦੇਵ ਸਿੰਘ ਝੰਡ ਨੇ ਇਸ ਵਿਚ ਬਤੌਰ ਵਾਲੰਟੀਅਰਜ਼ ਸ਼ਿਰਕਤ ਕੀਤੀ।
ਟੀ.ਪੀ.ਏ.ਆਰ. ਕਲੱਬ ਤੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ 40 ਕੁ ਮੈਂਬਰ ਸਵੇਰੇ 6.30 ਵਜੇ ਏਅਰਪੋਰਟ ਰੋਡ ਤੇ ਬੋਵੇਰਡ ਦੇ ਇੰਟਰਸੈਕਸ਼ਨ ਨੇੜੇ ਟਿਮ ਹੌਰਟਨ ਦੀ ਪਾਰਕਿੰਗ ਵਿਚ ਇਕੱਠੇ ਹੋਏ ਅਤੇ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਦੀ ਅਗਵਾਈ ਹੇਠ ਇਕ ਸਕੂਲ ਬੱਸ ਵਿਚ ਸਵਾਰ ਹੋ ਕੇ ਟੋਰਾਂਟੋ ਡਾਊਨ ਟਾਊਨ ਵਿਖੇ ਸੀ.ਐੱਨ. ਟਾਵਰ ਦੇ ਨਜ਼ਦੀਕ ਪਹੁੰਚੇ, ਜਦ ਕਿ ਹੋਰ ਮੈਂਬਰ ਆਪੋ ਆਪਣੇ ਵਸੀਲਿਆਂ ਰਾਹੀਂ ਪਹਿਲਾਂ ਤੋਂ ਨਿਸਚਿਤ ਹੋਈ ਜਗ੍ਹਾ ‘ਤੇ ਪਹੁੰਚੇ। ਰਸਤੇ ਵਿਚ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਮਨਜੀਤ ਸਿੰਘ ਵੱਲੋਂ ਆਪਣੇ ਘਰ ਵਿਚ ਸਾਰੇ ਮੈਂਬਰਾਂ ਲਈ ਨਾਸ਼ਤੇ ਤੇ ਚਾਹ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ।
ਮੈਂਬਰਾਂ ਦੇ ਸਿਰਾਂ ‘ਤੇ ਸੱਜੀਆਂ ਕੇਸਰੀ ਦਸਤਾਰਾਂ ਦੂਰੋਂ ਹੀ ਕਲਾਂਈਂਬਰਾਂ ਤੇ ਦਰਸ਼ਕਾਂ ਦਾ ਧਿਆਨ ਖਿੱਚ ਰਹੀਆਂ ਸਨ। ਕਈ ਹੋਰ ਕਮਿਊਨਿਟੀਆਂ ਦੇ ਮੈਂਬਰਾਂ ਨੇ ਉਨ੍ਹਾਂ ਨਾਲ ਖਲੋ-ਖਲੋ ਕੇ ਤਸਵੀਰਾਂ ਖਿਚਵਾਈਆਂ ਜਿਨ੍ਹਾਂ ਵਿਚ ਇਕ ਅਫ਼ਰੀਕੀ-ਮੂਲ ਦਾ ਜੋੜਾ ਵੀ ਸ਼ਾਮਲ ਸੀ। ਇਸ ਈਵੈਂਟ ਨੂੰ ਸਫ਼ਲ ਬਨਾਉਣ ਵਿਚ ਜਿੱਥੇ ਇਸ ਵਿਚ ਪੌੜੀਆਂ ਚੜ੍ਹਨ ਵਾਲਿਆਂ ਦਾ ਮੁੱਖ ਯੋਗਦਾਨ ਹੈ, ਉੱਥੇ ਇਸ ਦੇ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਅਤੇ ਟੀ.ਪੀ.ਏ.ਆਰ ਕਲੱਬ ਦੇ ਵਾਲੰਟੀਅਰ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਇਸ ਦੇ ਲਈ ਲੰਘੇ ਕਈ ਦਿਨ ਲਗਾਤਾਰ ਮਿਹਨਤ ਕੀਤੀ। ਵਰਨਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ 1999 ਵਿਚ ਸਥਾਪਿਤ ਹੋਈ ਅਤੇ ਓਦੋਂ ਤੋਂ ਹੀ ਇਸ ਦੇ ਮੈਂਬਰ ਇਸ ਈਵੈਂਟ ਵਿਚ ਲਗਾਤਾਰ ਹਿੱਸਾ ਲੈਂਦੇ ਆ ਰਹੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਗਰੁੱਪ ਨੇ ਇਸ ਮੌਕੇ 13,000 ਡਾਲਰ ਦੀ ਵੱਡੀ ਰਾਸ਼ੀ ਡਬਲਿਊ.ਡਬਲਿਊ.ਐੱਫ਼ ਨੂੰ ਦਾਨ ਵਜੋਂ ਦੇ ਕੇ ਦਾਨੀਆਂ ਦੀ ਲਿਸਟ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਪਹਿਲੇ ਨੰਬਰ ‘ਤੇ ‘ਪਾਂਡਾ ਪੈਕ’ ਨਾਂ ਦੀ ਸੰਸਥਾ ਹੈ ਜਿਸ ਨੇ ਇਸ ਮੰਤਵ ਲਈ 14,235 ਡਾਲਰ ਦੀ ਰਾਸ਼ੀ ਦਾਨ ਵਜੋਂ ਦਿੱਤੀ। ਇਸ ਈਵੈਂਟ ਲਈ ‘ਸਕਾਈਲਾਰਕ ਲੌਜਿਸਟਿਕਸ’ ਦੇ ਸੁਖਵਿੰਦਰ ਮਾਨ ਨੇ 7 ਕਲਾਈਂਬਰਾਂ ਨੂੰ ਸਪਾਂਸਰ ਕੀਤਾ ਅਤੇ ਉਹ ਆਪ ਵੀ ਇਹ ਪੌੜੀਆਂ 27.17 ਮਿੰਟਾਂ ਵਿਚ ਚੜ੍ਹੇ। ਗਰੁੱਪ ਦੇ ਸਮੂਹ ਮੈਂਬਰਾਂ ਨੂੰ ਟੀ-ਸ਼ਰਟਾਂ ‘ਕੋਨੈਕਸ ਇਨਸ਼ੋਅਰੈਂਸ ਬਰੋਕਰੇਜ’ ਦੇ ਤੇਜ ਬੇਦੀ ਵੱਲੋਂ ਮੁਹੱਈਆ ਕੀਤੀਆਂ ਗਈਆਂ, ਜਦ ਕਿ ਰਾਤ ਨੂੰ ਹੋਈ ਡਿਨਰ ਪਾਰਟੀ ‘ਹਾਈਲੈਂਡ ਆਟੋ’ ਦੇ ਮਾਲਕ ਗੈਰੀ ਗਰੇਵਾਲ ਵੱਲੋਂ ਕੀਤੀ ਗਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …