Breaking News
Home / ਜੀ.ਟੀ.ਏ. ਨਿਊਜ਼ / ਚਤਰ ਸਿੰਘ ‘ਬੀਰ’ ਦਾ ਸੰਪੂਰਨ ਕਾਵਿ ਰੰਗ ਲੋਕ ਅਰਪਣ

ਚਤਰ ਸਿੰਘ ‘ਬੀਰ’ ਦਾ ਸੰਪੂਰਨ ਕਾਵਿ ਰੰਗ ਲੋਕ ਅਰਪਣ

ਪਰਮਜੀਤ ਪਰਮ ਨੇ ‘ਬੀਰ’ ਦੀਆਂ ਪੰਜ ਕਿਤਾਬਾਂ ਨੂੰ ਇਕ ਜਿਲਦ ’ਚ ਪਰੋਇਆ
ਲੇਖਣੀ ਜ਼ਿੰਦਗੀ ਜਿਊਣ ਦਾ ਇਕ ਸਹੀ ਤਰੀਕਾ : ਕਰਨਲ ਜਸਬੀਰ ਭੁੱਲਰ
‘ਬੀਰ’ ਦੀ ਪੰਜਾਬੀ ਬੋਲੀ ਵਾਲੀ ਕਵਿਤਾ ਨੂੰ ਭਗਵੰਤ ਮਾਨ ਸਿਲੇਬਸ ’ਚ ਦੇਣ ਥਾਂ : ਜੰਗ ਬਹਾਦਰ ਗੋਇਲ
ਲੇਖਕ ਜਿਊਂਦੇ ਜੀਅ ਸੰਭਾਲ ਲੈਣ ਆਪਣੀਆਂ ਲਿਖਤਾਂ ਨੂੰ : ਲਾਭ ਸਿੰਘ ਖੀਵਾ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਇਕ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਪਰਮਜੀਤ ਪਰਮ ਵੱਲੋਂ ਸੰਪਾਦਿਤ ਕਿਤਾਬ ‘ਚਤਰ ਸਿੰਘ ‘ਬੀਰ’ ਦਾ ਸੰਪੂਰਨ ਕਾਵਿ ਰੰਗ’ ਲੋਕ ਅਰਪਣ ਕੀਤੀ ਗਈ। ਕਿਤਾਬ ਲੋਕ ਅਰਪਣ ਦੀ ਰਸਮ ਸੰਪਾਦਿਤ ਲੇਖਿਕਾ ਪਰਮਜੀਤ ਪਰਮ ਦੇ ਨਾਲ ਚਤਰ ਸਿੰਘ ‘ਬੀਰ’ ਹੁਰਾਂ ਦੇ ਦੋ ਪੁੱਤਰਾਂ ਮਨਦੀਪ ਸਿੰਘ ਅਤੇ ਇੰਦਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਕਰਨਲ ਜਸਬੀਰ ਭੁੱਲਰ, ਜੰਗ ਬਹਾਦਰ ਗੋਇਲ, ਡਾ. ਲਾਭ ਸਿੰਘ ਖੀਵਾ, ਬਲਬੀਰ ਸੈਣੀ, ਪ੍ਰੇਮ ਵਿੱਜ, ਬਲਕਾਰ ਸਿੱਧੂ ਅਤੇ ਦੀਪਕ ਸ਼ਰਮਾ ਚਨਾਰਥਲ ਵੱਲੋਂ ਨਿਭਾਈ ਗਈ।
ਜਿੱਥੇ ਸਮਾਗਮ ਦੀ ਸ਼ੁਰੂਆਤ ਵਿਚ ਸਾਰੇ ਮਹਿਮਾਨਾਂ ਦਾ ਸਵਾਗਤ ਫੁੱਲਾਂ ਨਾਲ ਤੇ ਕਿਤਾਬਾਂ ਦੇ ਤੋਹਫ਼ੇ ਭੇਂਟ ਕਰਕੇ ਕੀਤਾ ਗਿਆ, ਉਥੇ ਹੀ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਸਮਾਗਮ ਦੀ ਸ਼ੁਰੂਆਤ ਵਿਚ ਚਤਰ ਸਿੰਘ ‘ਬੀਰ’ ਹੁਰਾਂ ਦੇ ਜੀਵਨ ਨਾਲ ਤੇ ਉਨ੍ਹਾਂ ਦੀਆਂ ਲਿਖਤਾਂ ਨਾਲ ਸਾਂਝ ਪੁਆਈ।
ਬਤੌਰ ਮੁੱਖ ਮਹਿਮਾਨ ਆਪਣੀ ਗੱਲ ਰੱਖਦੇ ਹੋਏ ਜੰਗ ਬਹਾਦਰ ਗੋਇਲ ਨੇ ਆਖਿਆ ਕਿ ਪਰਮਜੀਤ ਪਰਮ ਨੇ ਆਪਣੇ ‘ਬੀਰ’ ਨੂੰ ਜਿੱਥੇ ਮੁੜ ਸੁਰਜੀਤ ਕਰ ਦਿੱਤਾ ਹੈ, ਉਥੇ ਉਨ੍ਹਾਂ ਦੀਆਂ ਲਿਖਤਾਂ ਨੂੰ ਸੰਪੂਰਨ ਕਾਵਿ ਰੰਗ ਵਿਚ ਸਮੇਟ ਕੇ ਉਨ੍ਹਾਂ ਨੇ ਇਹ ਤੋਹਫ਼ਾ ਉਸ ਵਿਛੜੀ ਰੂਹ ਨੂੰ ਅਰਪਣ ਹੀ ਨਹੀਂ ਤਰਪਣ ਕਰ ਦਿੱਤਾ ਹੈ। ਜੰਗ ਬਹਾਦਰ ਗੋਇਲ ਹੁਰਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਜਦੋਂ ਵੀ ਕੋਈ ਮੈਨੂੰ ਪੁੱਛੇਗਾ ਕਿ ਤੁਸੀਂ ਰੱਬ ਵੇਖਿਆ ਹੈ ਤਾਂ ਮੈਂ ਕਹਾਂਗਾ ਮੈਂ ਪਰਮਜੀਤ ਪਰਮ ਨੂੰ ਵੇਖਿਆ ਹੈ। ਜੰਗ ਬਹਾਦਰ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਤੋਂ ਮੰਗ ਕੀਤੀ ਕਿ ਉਹ ਚਤਰ ਸਿੰਘ ‘ਬੀਰ’ ਹੁਰਾਂ ਦੀ ਮਾਂ ਬੋਲੀ ਪੰਜਾਬੀ ਵਾਲੀ ਕਵਿਤਾ ਨੂੰ ਸਕੂਲੀ ਸਿਲੇਬਸ ਵਿਚ ਜ਼ਰੂਰ ਸ਼ਾਮਲ ਕਰਨ।
ਇਸੇ ਤਰ੍ਹਾਂ ਪ੍ਰਧਾਨਗੀ ਭਾਸ਼ਣ ਦਿੰਦਿਆਂ ਉਘੇ ਕਹਾਣੀਕਾਰ ਤੇ ਪ੍ਰਸਿੱਧ ਲੇਖਕ ਕਰਨਲ ਜਸਬੀਰ ਭੁੱਲਰ ਨੇ ਆਖਿਆ ਕਿ ਲੋਕ ਅਕਸਰ ਕਹਿੰਦੇ ਹਨ ਲੇਖਕ ਕਿਉਂ ਲਿਖਦੇ ਹਨ। ਪਰ ਮੈਂ ਜਾਣਦਾ ਹਾਂ ਕਿ ਲੇਖਣੀ ਜ਼ਿੰਦਗੀ ਜਿਊਣ ਦਾ ਸਭ ਤੋਂ ਚੰਗਾ ਤੇ ਸਹਿਜ ਤਰੀਕਾ ਹੈ। ਜਸਬੀਰ ਭੁੱਲਰ ਨੇ ਪਰਮਜੀਤ ਪਰਮ ਦੇ ਉਦਮ ਨੂੰ ਸਲਾਹੁਦਿਆਂ ਆਖਿਆ ਕਿ ਪਰਮਜੀਤ ਪਰਮ ਨੇ ਇਸ ਕਿਤਾਬ ਰਾਹੀਂ ਆਪਣੇ ਵੱਡੇ ਭਰਾ ‘ਬੀਰ’ ਨੂੰ ਮੁੜ ਜਿਊਂਦਾ ਕਰ ਦਿੱਤਾ ਹੈ।
ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਡਾ. ਲਾਭ ਸਿੰਘ ਖੀਵਾ ਨੇ ਵਡਮੁੱਲੀਆਂ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਲੇਖਕ ਦੇ ਤੁਰ ਜਾਣ ਨਾਲ ਉਸ ਦੀਆਂ ਕਈ ਛਣਛਪੀਆਂ ਲਿਖਤਾਂ ਵੀ ਨਾਲ ਹੀ ਤੁਰ ਜਾਂਦੀਆਂ ਹਨ, ਇਸ ਲਈ ਚੰਗਾ ਹੋਵੇ ਜੇਕਰ ਲੇਖਕ ਇਸ ਸੰਸਾਰ ਤੋਂ ਜਾਣ ਤੋਂ ਪਹਿਲਾਂ ਆਪਣੀਆਂ ਲਿਖਤਾਂ ਨੂੰ ਇਕ ਜਿਲਦ ਵਿਚ ਪਰੋ ਕੇ ਸੰਭਾਲ ਸਕੇ। ਕਿਉਂਕਿ ਹਰ ਲੇਖਕ ਕੋਲ ਪਰਮਜੀਤ ਪਰਮ ਵਰਗੀ ਭੈਣ ਨਹੀਂ ਹੁੰਦੀ, ਜਿਸ ਨੇ ਆਪਣੇ ਵੱਡੇ ਭਰਾ ਚਤਰ ਸਿੰਘ ਬੀਰ ਦਾ ਸੰਪੂਰਨ ਕਾਵਿ ਰੰਗ ਇਕ ਜਿਲਦ ਵਿਚ ਸਹੇਜ ਕੇ ਜਿੱਥੇ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ, ਉਥੇ ਹੀ ਪੀਐਚਡੀ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਸਹੂਲਤ ਪੈਦਾ ਕਰ ਦਿੱਤੀ। ਇਸੇ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਨਾਮਵਰ ਸ਼ਾਇਰ ਬਲਬੀਰ ਸੈਣੀ ਨੇ ਵੀ ਵਡਮੁੱਲੀਆਂ ਵਿਚਾਰਾਂ ਕਰਦਿਆਂ ਪਰਮਜੀਤ ਪਰਮ ਦੇ ਉਦਮ ਨੂੰ ਸਲਾਹੁਦੇ ਹੋਏ ਇਕ ਮੀਲ ਪੱਥਰ ਸਥਾਪਤ ਕਰਨ ਵਾਲਾ ਕਾਰਜ ਐਲਾਨਿਆ। ਉਨ੍ਹਾਂ ਇਸ ਮਾਣਮੱਤੇ ਸਮਾਗਮ ਨੂੰ ਚੁਣਨ ਖਾਤਰ ਪੰਜਾਬੀ ਲੇਖਕ ਸਭਾ ਨੂੰ ਵੀ ਵਧਾਈ ਦਿੱਤੀ।
ਇਸ ਪੁਸਤਕ ਦੇ ਸਬੰਧ ਵਿਚ ਵਿਸਥਾਰਤ ਪਰਚਾ ਡਾ. ਗੁਰਮੇਲ ਸਿੰਘ ਨੇ ਪੜ੍ਹਦਿਆਂ ਚਤਰ ਸਿੰਘ ਬੀਰ ਹੁਰਾਂ ਦੇ ਵੱਖੋ-ਵੱਖ ਭਾਵਾਂ ਤੋਂ, ਵੱਖੋ-ਵੱਖ ਲਿਖਤਾਂ ਤੋਂ ਤੇ ਵੱਖੋ-ਵੱਖ ਸਰੋਕਾਰਾਂ ਤੋਂ ਜਾਣੂ ਕਰਵਾਇਆ। ਇਸੇ ਤਰ੍ਹਾਂ ਸ਼ੋ੍ਰਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਹੁਰਾਂ ਨੇ ‘ਬੀਰ’ ਦੀਆਂ ਕਵਿਤਾਵਾਂ ਦਾ ਹਵਾਲਾ ਦੇ ਕੇ ਉਨ੍ਹਾਂ ਦੇ ਹਰ ਰਸ ਨੂੰ ਸਰੋਤਿਆਂ ਸਾਹਮਣੇ ਰੱਖਦਿਆਂ ਕਿਹਾ ਕਿ ਜਿੰਨੀਆਂ ਵੱਡੀਆਂ ਲਿਖਤਾਂ ਚਤਰ ਸਿੰਘ ਬੀਰ ਨੇ ਰਚੀਆਂ, ਓਨਾ ਹੀ ਵੱਡਾ ਕਾਜ ਅੱਜ ਲੇਖਿਕਾ ਪਰਮਜੀਤ ਪਰਮ ਨੇ ਕਰ ਦਿੱਤਾ। ਇਸੇ ਪ੍ਰਕਾਰ ਕਿਤਾਬ ਦੇ ਅਣਛੋਹੇ ਪਹਿਲੂਆਂ ਨੂੰ ਛੋਹਦਿਆਂ ਪਰਮਜੀਤ ਕੌਰ ਸਰਹਿੰਦ ਨੇ ਵੀ ਜਿੱਥੇ ਸੰਪੂਰਨ ਕਾਵਿ ਰੰਗ ਦੀ ਬਾਤ ਪਾਈ, ਉਥੇ ਉਨ੍ਹਾਂ ਪਰਮਜੀਤ ਪਰਮ ਦੀਆਂ ਸਵੈ ਲਿਖੀਆਂ ਪੁਰਾਣੀਆਂ ਕਿਤਾਬਾਂ ਦਾ ਹਵਾਲਾ ਦੇ ਕੇ ਆਖਿਆ ਕਿ ਲਿਖਤ ਦੀ ਚਿਣਗ ਇਸ ਪਰਿਵਾਰ ਨੂੰ ਵਿਰਾਸਤ ਵਿਚ ਮਿਲੀ ਹੈ।
ਚਤਰ ਸਿੰਘ ਬੀਰ ਦੀਆਂ ਕਵਿਤਾਵਾਂ ਨੂੰ ਇਕ ਕਿਤਾਬ ਵਿਚ ਪਰੋਣ ਦੀ ਕਹਾਣੀ ਸੁਣਾਉਂਦਿਆਂ ਪਰਮਜੀਤ ਪਰਮ ਹੁਰਾਂ ਨੇ ਕਿਹਾ ਕਿ ਇਹ ਮੇਰਾ ਤੇ ‘ਬੀਰ’ ਸਾਹਬ ਦੇ ਵੱਡੇ ਬੇਟੇ ਦਾ ਸਾਂਝਾਂ ਸੁਪਨਾ ਸੀ, ਪਰ ਜਦੋਂ ਕਰੋਨਾ ਕਾਲ ਵਿਚ ਉਹ ਅਚਾਨਕ ਤੁਰ ਗਿਆ, ਤਦ ਮੇਰੀ ਜ਼ਿੰਮੇਵਾਰੀ ਹੋਰ ਵਧ ਗਈ ਤੇ ਫਿਰ ‘ਬੀਰ’ ਹੁਰਾਂ ਦੇ ਦੋਵੇਂ ਛੋਟੇ ਪੁੱਤਰਾਂ ਨੇ ਮੇਰਾ ਪੂਰਾ ਸਾਥ ਦਿੱਤਾ ਤੇ ਅਸੀਂ ਮਿਲ ਕੇ ਇਸ ਕਿਤਾਬ ਨੂੰ ਅੰਤਿਮ ਰੂਪ ਦੇ ਵਿਚ ਅੱਜ ਪਾਠਕਾਂ ਲਈ ਪੇਸ਼ ਕਰ ਦਿੱਤਾ ਹੈ। ਪਰਮਜੀਤ ਪਰਮ ਨੇ ਸਮੂਹ ਪ੍ਰਧਾਨਗੀ ਮੰਡਲ ਦਾ, ਲੇਖਕ ਸਭਾ ਦਾ, ਆਪਣੇ ਪਰਿਵਾਰਕ ਮੈਂਬਰਾਂ ਦਾ ਤੇ ਚਤਰ ਸਿੰਘ ‘ਬੀਰ’ ਹੁਰਾਂ ਦੇ ਸੰਪੂਰਨ ਪਰਿਵਾਰ ਦਾ ਉਚੇਚਾ ਸ਼ੁਕਰਾਨਾ ਵੀ ਕੀਤਾ। ਜ਼ਿਕਰਯੋਗ ਹੈ ਕਿ ਚਤਰ ਸਿੰਘ ‘ਬੀਰ’ ਹੁਰਾਂ ਦੇ ਬੇਟੇ ਮਨਦੀਪ ਸਿੰਘ ਤੇ ਇੰਦਰਪ੍ਰੀਤ ਸਿੰਘ ਹੁਰਾਂ ਨੇ ਵੀ ਉਨ੍ਹਾਂ ਦੇ ਜੀਵਨ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ, ਕਿੱਸੇ, ਕਹਾਣੀਆਂ ਸੁਣਾ ਕੇ ਮਹਿਫ਼ਲ ਨੂੰ ਨਵੀਂ ਦਿੱਖ ਪ੍ਰਦਾਨ ਕੀਤੀ। ਜਦੋਂਕਿ ਇਸ ਸੰਪੂਰਨ ਕਾਵਿ ਰੰਗ ਵਿਚੋਂ ਮਨਜੋਤ ਸਿੰਘ ਨੇ, ਦਰਸ਼ਨ ਤਿ੍ਰਊਣਾ ਨੇ, ਦਵਿੰਦਰ ਢਿੱਲੋਂ ਨੇ, ਬਾਣੀ ਨੇ, ਆਸ਼ਾ ਸ਼ਰਮਾ ਨੇ ਕਵਿਤਾਵਾਂ ਤੇ ਗੀਤ ਪੇਸ਼ ਕਰਕੇ ਮਹਿਫ਼ਲ ਵਿਚ ਰੌਣਕ ਭਰ ਦਿੱਤੀ। ਪਿ੍ਰੰਸੀਪਲ ਸੁਜਾਨ ਸਿੰਘ ਦੀ ਬੇਟੀ ਕੰਵਲਦੀਪ ਕੌਰ ਨੇ ਵੀ ਆਪਣੀਆਂ ਛੋਟੀਆਂ-ਛੋਟੀਆਂ ਟਿੱਪਣੀਆਂ ਨਾਲ ਇਸ ਕਿਤਾਬ ਦੀ ਸਾਰਥਕਤਾ ਨੂੰ ਹੋਰ ਵਧਾ ਦਿੱਤਾ ਤੇ ਸਰੋਤੇ ਵੱਡੇ ਗਿਣਤੀ ਵਿਚ ਕਿਤਾਬ ਖਰੀਦ ਕੇ ਲੈ ਕੇ ਗਏ।
ਇਸ ਮੌਕੇ ਕਸ਼ਮੀਰ ਕੌਰ ਸੰਧੂ ਨੇ ਚਤਰ ਸਿੰਘ ਬੀਰ ਦੀ ਵੱਡੀ ਨੂੰਹ ਤੇ ਦੋਵੇਂ ਛੋਟੇ ਬੇਟਿਆਂ ਨੂੰ ਫੁਲਕਾਰੀਆਂ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਸਮਾਗਮ ਦੇ ਅਖੀਰ ਵਿਚ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਧੰਨਵਾਦੀ ਸ਼ਬਦ ਕਹੇ ਤੇ ਇਨ੍ਹਾਂ ਰਚਨਾਵਾਂ ਨੂੰ ਕਿਤਾਬ ਦਾ ਰੂਪ ਦੇਣ ਲਈ ਪਰਮਜੀਤ ਪਰਮ ਨੂੰ ਵਧਾਈ ਵੀ ਦਿੱਤੀ। ਸਮਾਗਮ ਦੀ ਸਮੁੱਚੀ ਕਾਰਵਾਈ ਸ਼ਾਇਰਾਨਾ ਅੰਦਾਜ਼ ਵਿਚ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ। ਇਸ ਮੌਕੇ ਵੱਡੀ ਗਿਣਤੀ ਵਿਚ ਲੇਖਕ, ਸ਼ਾਇਰ, ਬੁੱਧੀਜੀਵੀ ਤੇ ਪਰਮਜੀਤ ਪਰਮ ਹੁਰਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਪ੍ਰੇਮ ਵਿੱਜ, ਮਲਕੀਅਤ ਬਸਰਾ, ਡਾ. ਅਵਤਾਰ ਸਿੰਘ ਪਤੰਗ, ਦਵਿੰਦਰ ਕੌਰ ਬਾਠ, ਰਜਿੰਦਰ ਕੌਰ, ਜਗਦੀਪ ਨੂਰਾਨੀ, ਸੁਰਿੰਦਰ ਗਿੱਲ, ਸੰਜੀਵਨ ਸਿੰਘ, ਰਜਿੰਦਰ ਰੇਣੂ, ਨਿੰਮੀ ਵਸ਼ਿਸ਼ਟ, ਸਿਮਰਜੀਤ ਕੌਰ ਗਰੇਵਾਲ, ਹਰਸਿਮਰਨ ਕੌਰ, ਸੱਚਪ੍ਰੀਤ ਕੌਰ, ਸ਼ਸ਼ੀ ਪ੍ਰਭਾ, ਕਰਮਜੀਤ ਬੱਗਾ ਸਣੇ ਹੋਰ ਵੀ ਹਸਤੀਆਂ ਮੌਜੂਦ ਸਨ।

 

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …