Breaking News
Home / ਹਫ਼ਤਾਵਾਰੀ ਫੇਰੀ / ‘ਝਾੜੂ’ ਨੇ ਹੂੰਝਾ ਫੇਰਿਆ

‘ਝਾੜੂ’ ਨੇ ਹੂੰਝਾ ਫੇਰਿਆ

ਸੀਟਾਂ ਜਿੱਤ ਕੇ ‘ਆਪ’ ਨੇ ਅਕਾਲੀ-ਕਾਂਗਰਸੀਆਂ ਨੂੰ ਚਟਾਈ ਧੂੜ
ਵਿਧਾਇਕਾਂ ਸੰਗ ਖਟਕੜ ਕਲਾਂ ‘ਚ ਭਗਵੰਤ ਮਾਨ ਚੁੱਕਣਗੇ ਮੁੱਖ ਮੰਤਰੀ ਦੀ ਸਹੁੰ
ਮਾਲਵਾ : ਕੁੱਲ ਸੀਟਾਂ 69
‘ਆਪ’ : 66
ਕਾਂਗਰਸ : 02
ਅਕਾਲੀ ਦਲ : 01
ਬਸਪਾ : 00
ਭਾਜਪਾ : 00
ਮਾਝਾ : ਕੁੱਲ ਸੀਟਾਂ 25
‘ਆਪ’ : 16
ਕਾਂਗਰਸ : 07
ਅਕਾਲੀ ਦਲ : 01
ਬਸਪਾ : 00
ਭਾਜਪਾ : 01

ਦੋਆਬਾ : ਕੁੱਲ ਸੀਟਾਂ 23
‘ਆਪ’ : 10
ਕਾਂਗਰਸ : 09
ਅਕਾਲੀ ਦਲ : 01
ਬਸਪਾ : 01
ਭਾਜਪਾ : 01
ਅਜ਼ਾਦ : 01
”ਜਿਨ੍ਹਾਂ ਨੇ ਸਾਡੇ ਬਾਰੇ, ਮੇਰੇ ਬਾਰੇ ਤੇ ਮੇਰੇ ਪਰਿਵਾਰ ਬਾਰੇ ਨਿੱਜੀ ਟਿੱਪਣੀਆਂ ਕੀਤੀਆਂ, ਸਾਡੇ ‘ਤੇ ਚਿੱਕੜ ਉਛਾਲਿਆ, ਮੈਂ ਉਨ੍ਹਾਂ ਨੂੰ ਮੁਆਫ਼ ਕਰਦਾ ਹਾਂ। ਹੁਣ ਸਰਕਾਰੀ ਦਫ਼ਤਰਾਂ ਵਿਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੇਗੀ, ਲੱਗੇਗੀ ਤਾਂ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ।”
-ਭਗਵੰਤ ਮਾਨ (ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਦਾ ਪਹਿਲਾ ਫੁਰਮਾਨ)
ਭਗਵੰਤ ਮਾਨ ਦੀ ਨਵੀਂ ਕੈਬਨਿਟ ਦੇ ਨਵੇਂ ਦਾਅਵੇਦਾਰ
ਵੋਟ ਪ੍ਰਤੀਸ਼ਤ ‘ਆਪ’ : 42.01% ਵੋਟਾਂ, ਕਾਂਗਰਸ : 22.98% ਵੋਟਾਂ, ਅਕਾਲੀ ਦਲ : 18.38% ਵੋਟਾਂ, ਭਾਜਪਾ : 6.60% ਵੋਟਾਂ, ਬਸਪਾ :1.77% ਵੋਟਾਂ
ਚੰਡੀਗੜ੍ਹ/ਪਰਵਾਸੀ ਬਿਊਰੋ : ਪੰਜਾਬ ਦੇ ਵੋਟਰਾਂ ਨੇ ਨਵਾਂ ਇਤਿਹਾਸ ਸਿਰਜਦਿਆਂ ਆਮ ਆਦਮੀ ਪਾਰਟੀ ਦੀ ਝੋਲੀ ਵਿਚ ਹੂੰਝਾ ਫੇਰ ਜਿੱਤ ਪਾਈ ਹੈ। ਪੰਜਾਬ ਦਾ ਜੋ ਨਵਾਂ ਨਕਸ਼ਾ ਉਭਰਿਆ ਹੈ ਉਸ ਵਿਚ ਕਾਂਗਰਸ ਆਟੇ ‘ਚ ਲੂਣ ਬਰਾਬਰ ਹੈ ਤੇ ਅਕਾਲੀ, ਭਾਜਪਾ ਤੇ ਹੋਰ ਪੰਜਾਬ ਦੇ ਰਾਜਨੀਤਿਕ ਨਕਸ਼ੇ ਵਿਚ ਲੱਭਣੇ ਵੀ ਮੁਸ਼ਕਿਲ ਹੋ ਗਏ ਹਨ। ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਪੰਜਾਬ ਦੇ ਸਮੂਹ ਵੋਟਰਾਂ ਨੇ ਅੰਦਰਖਾਤੇ ਗੁਪਤ ਸਮਝੌਤਾ ਕਰ ਲਿਆ ਸੀ ਕਿ ਇਸ ਵਾਰ ਰਵਾਇਤੀ ਪਾਰਟੀਆਂ ਦੀ ਫੱਟੀ ਪੋਚਣੀ ਹੈ ਤੇ ਸਭ ਕਹਿੰਦੇ ਕਹਾਉਂਦੇ ਧੁਰੰਦਰ ਸਿਆਸਤਦਾਨਾਂ ਨੂੰ ਧੂੜ ਚਟਾਉਣੀ ਹੈ। ਭਗਵੰਤ ਮਾਨ ਦੀ ਅਗਵਾਈ ਹੇਠ 92 ਸੀਟਾਂ ਜਿੱਤ ਕੇ ਇਤਿਹਾਸ ਸਿਰਜਦਿਆਂ ਆਮ ਆਦਮੀ ਪਾਰਟੀ ਦੀ ਇਸ ਹਨ੍ਹੇਰੀ ਨੇ ਮਾਲਵਾ ਤਾਂ ਪੂਰਾ ਜਿੱਤਿਆ ਹੀ, ਮਾਝੇ ਤੇ ਦੁਆਬੇ ਵਿਚ ਧੋਣੇ ਧੋਅ ਦਿੱਤੇ। ਬਾਦਲ ਪਰਿਵਾਰ ਦੇ 6 ਜੀਆਂ ਵਿਚੋਂ ਪੰਜ ਚੋਣ ਹਾਰ ਗਏ, ਜਿਨ੍ਹਾਂ ਵਿਚ ਖੁਦ ਪਿਓ-ਪੁੱਤਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ, ਆਦੇਸ਼ ਪ੍ਰਤਾਪ ਕੈਰੋਂ, ਬਿਕਰਮ ਮਜੀਠੀਆ ਤੇ ਮਨਪ੍ਰੀਤ ਬਾਦਲ ਦਾ ਨਾਂ ਸ਼ਾਮਲ ਹੈ। ਜਦੋਂਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਰਹੇ ਤਿੰਨ ਲੀਡਰ ਵੀ ਜਿਨ੍ਹਾਂ ਵਿਚ ਕੈਪਟਨ ਅਮਰਿੰਦਰ ਸਿੰਘ, ਬੀਬੀ ਰਜਿੰਦਰ ਕੌਰ ਭੱਠਲ ਤੇ ਚਰਨਜੀਤ ਸਿੰਘ ਚੰਨੀ ਵੀ ਚੋਣ ਹਾਰ ਗਏ। ਚੰਨੀ ਤਾਂ ਨਾ ਭਦੌੜ ਬਚਾਅ ਸਕੇ ਤੇ ਨਾ ਚਮਕੌਰ ਸਾਹਿਬ ਦੀ ਸੀਟ। ਇਸੇ ਤਰ੍ਹਾਂ ਵੱਡੀਆਂ ਰਾਜਨੀਤਿਕ ਤੋਪਾਂ ਜਿਹੜੀਆਂ ਮੂੰਧੇ ਮੂੰਹ ਡਿੱਗੀਆਂ ਉਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ, ਬੀਬੀ ਜਗੀਰ ਕੌਰ, ਰਾਣਾ ਕੇਪੀ, ਪਰਮਿੰਦਰ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਰਾਣਾ ਗੁਰਮੀਤ ਸੋਢੀ, ਗੁਰਪ੍ਰੀਤ ਕਾਂਗੜ, ਦਲਜੀਤ ਸਿੰਘ ਚੀਮਾ, ਫਤਿਹਜੰਗ ਬਾਜਵਾ, ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਤੋਤਾ ਸਿੰਘ ਤੇ ਉਨ੍ਹਾਂ ਦੇ ਪੁੱਤਰ ਮੱਖਣ ਬਰਾੜ, ਬਲਬੀਰ ਸਿੱਧੂ, ਕੁਲਜੀਤ ਨਾਗਰਾ, ਸਾਧੂ ਸਿੰਘ ਧਰਮਸੋਤ, ਐਨ ਕੇ ਸ਼ਰਮਾ, ਵਿਜੇ ਸਾਂਪਲਾ, ਰਾਜ ਕੁਮਾਰ ਵੇਰਕਾ, ਤੀਕਸ਼ਣ ਸੂਦ ਜਿੱਥੇ ਚੋਣ ਹਾਰ ਗਏ ਹਨ, ਉਥੇ ਹੀ ਆਮ ਆਦਮੀ ਪਾਰਟੀ ਦੇ ਜੇਤੂ ਰਹੇ ਉਮੀਦਵਾਰਾਂ ਵਿਚੋਂ ਪਿਛਲੀ ਵਾਰ ਵੀ ਵਿਧਾਇਕ ਬਣਨ ਵਾਲੇ ਤੇ ਇਸ ਵਾਰ ਦੂਜੀ ਵਾਰ ਆਮ ਆਦਮੀ ਪਾਰਟੀ ਵੱਲੋਂ ਜਿੱਤਣ ਵਾਲੇ ਉਮੀਦਵਾਰਾਂ ਨੂੰ ਜਿੱਥੇ ਆਸ ਹੈ ਕਿ ਸਾਨੂੰ ਭਗਵੰਤ ਮਾਨ ਦੀ ਕੈਬਨਿਟ ਵਿਚ ਥਾਂ ਮਿਲ ਸਕਦੀ ਹੈ, ਉਥੇ ਹੀ ਵੱਡੇ ਨਾਮੀ ਲੀਡਰਾਂ ਨੂੰ ਹਰਾਉਣ ਵਾਲੇ ਤੇ ਪਹਿਲੀ ਵਾਰ ਵਿਧਾਇਕ ਬਣੇ ‘ਆਪ’ ਦੇ ਕਈ ਚਿਹਰੇ ਕੈਬਨਿਟ ਵਿਚ ਨਜ਼ਰ ਆ ਸਕਦੇ ਹਨ। ਖਾਸ ਕਰਕੇ ਚਰਚੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿਚ ਪ੍ਰਮੁੱਖ ਦੋ ਅਹੁਦਿਆਂ ‘ਤੇ ਕੁੰਵਰ ਵਿਜੇ ਪ੍ਰਤਾਪ, ਅਮਨ ਅਰੋੜਾ ਨਜ਼ਰ ਆਉਣਗੇ।
ਜਦੋਂਕਿ ਕੁਲਤਾਰ ਸੰਧਵਾਂ, ਹਰਪਾਲ ਚੀਮਾ, ਸਰਬਜੀਤ ਕੌਰ ਮਾਣੂਕੇ, ਮੀਤ ਹੇਅਰ ਤੇ ਪ੍ਰੋ. ਬਲਜਿੰਦਰ ਕੌਰ ਦੇ ਨਾਮ ਦੀ ਖਾਸੀ ਸੰਭਾਵਨਾ ਹੈ ਕਿ ਉਹ ਕੈਬਨਿਟ ਮੰਤਰੀ ਦਾ ਰੈਂਕ ਹਾਸਲ ਕਰ ਸਕਦੇ ਹਨ। ਜਦੋਂਕਿ ਪ੍ਰਿੰਸੀਪਲ ਬੁੱਧਰਾਮ ਨੂੰ ਵੀ ਸਨਮਾਨਜਨਕ ਸਥਾਨ ਮਿਲਣ ਦੀ ਪੂਰੀ ਚਰਚਾ ਹੈ ਤੇ ਹੋ ਸਕਦਾ ਹੈ ਕਿ ਉਹ ਸਪੀਕਰ ਦੀ ਭੂਮਿਕਾ ਵਿਚ ਨਜ਼ਰ ਆਉਣ।
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਨੇ ਪੰਜਾਬ ਵਾਸੀਆਂ ਦੇ ਮਨ ਵਿਚ ਇਕ ਨਵਾਂ ਜੋਸ਼, ਇਕ ਨਵਾਂ ਏਕਾ ਭਰ ਦਿੱਤਾ ਸੀ, ਉਸ ਨੂੰ ਆਮ ਆਦਮੀ ਪਾਰਟੀ ਨੇ ਬਦਲਦੀ ਰਾਜਨੀਤੀ ਦੇ ਹਵਾਲੇ ਨਾਲ ਆਪਣੇ ਹੱਕ ਵਿਚ ਕਰਨ ਦੀ ਸਫ਼ਲਤਾ ਹਾਸਲ ਕੀਤੀ ਹੈ। ਜਾਤ, ਧਰਮ, ਫਿਰਕਾ ਤੇ ਡੇਰਾਵਾਦ ਦੇ ਖੇਲੇ ਜਾਂਦੇ ਰਵਾਇਤੀ ਰਾਜਨੀਤਿਕ ਦਾਅ ਵੀ ਇਸ ਵਾਰ ਕਿਸੇ ਪਾਰਟੀ ਦੇ ਕੰਮ ਨਹੀਂ ਆਏ ਤੇ ਸਮੁੱਚੇ ਪੰਜਾਬ ਨੇਪੂਰੀ ਤਰ੍ਹਾਂ ਨਾਲ ‘ਆਪ’ ਨਾਲ ਜਾਣ ਫੈਸਲਾ ਲਿਆ, ਜਿਸ ਦੀ ਝਲਕ ਗੌਤਮ ਰਿਸ਼ੀ ਵੱਲੋਂ ਤਿਆਰ ਕੀਤੇ ਗਏ ਉਕਤ ‘ ਪੰਜਾਬ ਦਾ ਨਵਾਂ ਸਿਆਸੀ ਦ੍ਰਿਸ਼’ ਨਾਮ ਦੇ ਨਕਸ਼ੇ ਵਿਚ ਸਾਫ਼ ਝਲਕਦੇ ਹਨ। ਹਾਂ ਭਗਵੰਤ ਮਾਨ ਮੂਹਰੇ ਜਿੱਥੇ ਬੇਲਗਾਮ, ਅਫਸਰਸ਼ਾਹੀ ਨੂੰ, ਬੇਲਗਾਮ ਭ੍ਰਿਸ਼ਟਾਚਾਰੀ ਨੂੰ ਨੱਥ ਪਾਉਣ ਦੀ ਵੱਡੀ ਚੁਣੌਤੀ ਹੋਵੇਗੀ, ਉਥੇ ਹੀ ਪੰਜਾਬ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਅਤੇ ਪੰਜਾਬ ਦੀ ਬੁਨਿਆਦੀ ਹੋਂਦ ਨੂੰ ਕਾਇਮ ਰੱਖਣ ਦੀ ਵੱਡੀ ਚੁਣੌਤੀ ਹੋਵੇਗੀ।

 

 

 

Check Also

‘ਆਪ’ ਦੇ ਦੋਵੇਂ ਮੁੱਖ ਮੰਤਰੀ ਗਏ ਨਵੇਂ ਘਰ

ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫ਼ਤਾਰ ਕਰ, ਰਿਮਾਂਡ ‘ਤੇ ਲੈ ਸੀਬੀਆਈ ਲੈ ਗਈ ਆਪਣੇ …