ਕਿਸੇ ਮੁਕਾਬਲੇ ਤੋਂ ਬਿਨਾਂ ਹੀ ਓਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਚੇਅਰ ਨੇ ਨਵੇਂ ਪੁਲਿਸ ਚੀਫ ਨੂੰ ਹਾਇਰ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਸਾਬਕਾ ਪੁਲਿਸ ਚੀਫ ਪੀਟਰ ਸਲੋਲੀ ਨੂੰ ਹਟਾਉਣ ਲਈ ਡਾਇਨ ਡੀਨਜ਼ ਬੋਰਡ ਕੋਲ ਗਈ। ਇਸ ਤੋਂ ਬਾਅਦ ਡੀਨਜ਼ ਤੇ ਬੋਰਡ ਨੇ ਬਿਨਾਂ ਮੁਕਾਬਲੇਬਾਜ਼ੀ ਤੋਂ ਦੱਖਣੀ ਓਨਟਾਰੀਓ ਤੋਂ ਨਵੇਂ ਅੰਤਰਿਮ ਚੀਫ ਨੂੰ ਹਾਇਰ ਕਰਨ ਦੀਆਂ ਕੋਸਿ਼ਸ਼ਾਂ ਸ਼ੁਰੂ ਕਰ ਦਿੱਤੀਆਂ।ਸੂਤਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੋਰਡ ਵੱਲੋਂ ਸਾਬਕਾ ਵਾਟਰਲੂ ਪੁਲਿਸ ਚੀਫ ਮੈਥਿਊ ਟੋਰੀਜੀਅਨ ਨੂੰ ਹਾਇਰ ਕੀਤਾ ਗਿਆ ਹੈ। ਟੋਰੀਜੀਅਨ ਨੇ 29 ਸਾਲ ਵਾਟਰਲੂ ਪੁਲਿਸ ਸਰਵਿਸ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚੋਂ 2007 ਤੋਂ 2014 ਤੱਕ ਉਹ ਸੱਤ ਸਾਲ ਤੱਕ ਚੀਫ ਵੀ ਰਹੇ। ਫਿਰ ਉਹ ਓਨਟਾਰੀਓ ਪਬਲਿਕ ਸਰਵਿਸ ਵਿੱਚ ਚਲੇ ਗਏ।ਉਨ੍ਹਾਂ ਨੂੰ ਪੁਲਿਸ ਚੀਫ ਵਜੋਂ ਹਾਇਰ ਕਰਨ ਦੀ ਗੱਲ ਕਾਊਂਸਲ ਮੈਂਬਰਾਂ ਨੂੰ ਵੀ ਨਹੀਂ ਦੱਸੀ ਗਈ। ਮੇਅਰ ਜਿੰਮ ਵਾਟਸਨ ਨੂੰ ਜਦੋਂ ਇਸ ਯੋਜਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਡੀਨਜ਼ ਨੂੰ ਅਸਤੀਫਾ ਦੇਣ ਲਈ ਆਖਿਆ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵਾਟਸਨ ਉਸ ਨੂੰ ਬੋਰਡ ਤੋਂ ਹਟਾਉਣ ਲਈ ਜ਼ੋਰ ਲਾ ਰਹੇ ਹਨ। ਓਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਸੱਤ ਵਿੱਚੋਂ ਚਾਰ ਮੈਂਬਰਾਂ ਨੂੰ ਸਿਟੀ ਕਾਊਂਸਲ ਨਿਯੁਕਤ ਕਰਦੀ ਹੈ।ਕਾਊਂਸਲ ਉਨ੍ਹਾਂ ਨੂੰ ਹਟਾਉਣ ਲਈ ਵੋਟ ਵੀ ਕਰ ਸਕਦੀ ਹੈ। ਜਿ਼ਕਰਯੋਗ ਹੈ ਕਿ ਡੀਨਜ਼ ਨੂੰ ਓਟਵਾ ਪੁਲਿਸ ਸਰਵਿਸਿਜ਼ ਬੋਰਡ ਦੀ ਚੇਅਰ ਦੇ ਅਹੁਦੇ ਤੋਂ ਹਟਾਅ ਦਿੱਤਾ ਗਿਆ ਹੈ ਜਦਕਿ ਕਾਊਂਸਲਰ ਰਾਅਲਸਨ ਕਿੰਗ ਤੇ ਸੈਂਡੀ ਸਮਾਲਵੁੱਡ ਵੱਲੋਂ ਬੋਰਡ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।