Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇੱਕਤਰਤਾ ਵਿੱਚ ਸਦੀ ਦੇ ਮਹਾਨ ਲੇਖਕਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇੱਕਤਰਤਾ ਵਿੱਚ ਸਦੀ ਦੇ ਮਹਾਨ ਲੇਖਕਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ, ਡਾ: ਮਨੋਜ ਕੁਮਾਰ ਤੇ ਮਹਿੰਦਰਪਾਲ ਐਸ ਪਾਲ ਨੂੰ ਸੱਦਾ ਦਿੰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਆਏ ਹੋਏ ਹਾਜ਼ਰੀਨ ਨੂੰ ਜੀ ਆਇਆ ਆਖਦਿਆਂ ਉਹਨਾਂ ਦਾ ਧੰਨਵਾਦ ਵੀ ਕੀਤਾ। ਸ਼ੋਕ ਮਤੇ ਸਾਂਝੇ ਕਰਦਿਆਂ ਉਹਨਾਂ ਨੇ ਕਿਹਾ ਕਿ ਇਸ ਮਹੀਨੇ ਸਾਹਿਤ ਸੰਸਾਰ ਨੂੰ ਬਹੁਤ ਵੱਡੇ ਘਾਟੇ ਪਏ ਹਨ। ਸਦੀ ਦੇ ਲੇਖਕ ਜਸਵੰਤ ਸਿੰਘ ਕੰਵਲ ਤੇ ਡਾ: ਦਲੀਪ ਕੌਰ ਟਿਵਾਣਾ ਦੇ ਇਲਾਵਾ ਸ਼੍ਰੋਮਣੀ ਲੇਖਕ ਡਾ: ਸੁਰਜੀਤ ਸਿੰਘ ਢਿੱਲੋਂ, ਪ੍ਰਸਿੱਧ ਨਾਵਲਕਾਰ ਇੰਦਰ ਸਿੰਘ ਖਾਮੋਸ਼, ਸਾਹਿਤਕਾਰ ਪ੍ਰੇਮ ਸਿੰਘ ਬਜਾਜ, ਗਜ਼ਲਗੋ ਹਰਬੰਸ ਮਾਛੀਵਾੜਾ ਅਤੇ ਕਹਾਣੀਕਾਰ ਕਵੀ ਹਰਨੇਕ ਬੱਧਨੀ ਜੋ ਕਿ ਕੈਲਗਰੀ ਸਾਹਿਤਕਾਰਾਂ ਵਿੱਚ ਜਾਣੀ ਪਛਾਣੀ ਹਸਤੀ ਸਨ, ਜਿਹਨਾਂ ਨੇ ਚਾਰ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਪੰਜਾਬੀ ਲਿਖਾਰੀ ਸਭਾ ਨੇ ਇਨ੍ਹਾਂ ਸਾਹਿਤਕਾਰਾਂ ਦੇ ਸਦੀਵੀ ਵਿਛੋੜੇ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਥੇ ਹੀ ਪ੍ਰਸਿੱਧ ਪੰਜਾਬੀ ਗਾਇਕਾ ਲਾਚੀ ਬਾਵਾ ਦੇ ਕੈਂਸਰ ਵਰਗੇ ਨਾ-ਮੁਰਾਦ ਰੋਗ ਨਾਲ ਹੋਈ ਮੌਤ ਅਤੇ ਲੌਂਗੋਵਾਲ ਵਿੱਚ ਹੋਇਆ ਸਕੂਲ ਬੱਸ ਹਾਦਸਾ ਜਿਸ ਵਿੱਚ ਚਾਰ ਬੱਚਿਆਂ ਦੀ ਅੱਗ ਨਾਲ ਝੁਲਸ ਕੇ ਮੌਤ ਹੋ ਗਈ, ਉੱਤੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸੇ ਲੜੀ ਨੂੰ ਅੱਗੇ ਤੋਰਦਿਆਂ ਬਲਜਿੰਦਰ ਸੰਘਾ ਨੇ ਉੱਘੇ ਲੇਖਕ ਜਸਵੰਤ ਸਿੰਘ ਕੰਵਲ ਦੇ ਜੀਵਨ ਲਿਖਤਾਂ ਉੱਤੇ ਚਾਨਣਾ ਪਾਇਆ ਕਿ ਉਹਨਾਂ ਨੇ ਜਿੱਥੇ ‘ਪੂਰਨਮਾਸ਼ੀ’ ਵਰਗੇ ਪਿਆਰ ਤੇ ਭਾਵੁਕਤਾ ਵਾਲੇ ਨਾਵਲ ਸਿਰਜੇ ਉਥੇ ਹੀ ਸਮੇਂ ਦੀ ਰਫਤਾਰ ਨਾਲ ਚੱਲਦੇ ਵਿਸ਼ੇ ‘ਰਾਤ ਬਾਕੀ ਹੈ’ ਤੇ ‘ਲਹੂ ਦੀ ਲੋਅ’ ਵਰਗੇ ਸਮਾਜਿਕ ਤੇ ਸਰਕਾਰ ਦੀਆਂ ਕੁਰੀਤੀਆਂ ਵਿਰੁੱਧ ਨਾਵਲ ਲਿਖ ਕੇ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਇਆ।
ਜਸਵੰਤ ਸਿੰਘ ਕੰਵਲ ਇੱਕ ਯੁੱਗ ਦਾ ਕਲਮਕਾਰ ਤੇ ਸੌ ਮੰਜਿਲਾਂ ਬੁਰਜ ਸਨ। ਫਿਰ ਪ੍ਰਧਾਨ ਦਵਿੰਦਰ ਮਲਹਾਂਸ ਨੇ ਕੁਝ ਇਹੋ ਜਿਹੇ ਸ਼ਬਦਾਂ ਨਾਲ ਹੀ ਡਾ: ਦਲੀਪ ਕੌਰ ਟਿਵਾਣਾ ਦੇ ਜੀਵਨ ਤੇ ਲਿਖਤਾਂ ਬਾਰੇ ਕਿਹਾ ਕਿ ਉਹਨਾਂ ਔਰਤ ਦੀ ਜ਼ਿੰਦਗੀ ਦੇ ਹਰ ਪਹਿਲੂ ਬਾਰੇ ਬਾਖੂਬੀ ਲਿਖਿਆ। ਉਹਨਾਂ ਦੀਆਂ ਕਿਤਾਬਾਂ ਤੇ ਸਨਮਾਨਾਂ ਦਾ ਸਫਰ ਬਹੁਤ ਲੰਬਾ ਹੈ ਤੇ ਉਹਨਾਂ ਬਾਰੇ ਵਿਸ਼ੇਸ਼ ਚਰਚਾ ਕੀਤੀ। ਅੱਗੋ ਸਰਬਜੀਤ ਜਵੰਧਾ ਨੇ ਇਸੇ ਲੜੀ ਵਿੱਚ ਵਾਧਾ ਕੀਤਾ ਤੇ ਆਪਣੀ ਇੱਕ ਨਜ਼ਮ ਸੁਣਾਈ। ਜਗਦੇਵ ਸਿੱਧੂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਲੇਖਕਾਂ ਦੀਆਂ ਯਾਦਾਂ ਤਾਜ਼ਾ ਰੱਖਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜਿਵੇਂ ਕਿ ਵਿਦੇਸ਼ੀ ਲੇਖਕਾਂ ਦਾ ਸਰਮਾਇਆਂ ਮਿਊਜੀਅਮਾਂ ਵਿੱਚ ਸੰਭਾਲਿਆ ਹੋਇਆ ਹੈ। ਡਾਕਟਰ ਮਨੋਜ ਕੁਮਾਰ ਨੇ ਡਿਪਰੈਸ਼ਨ ਵਰਗੀ ਬਿਮਾਰੀ ਦੇ ਲੱਛਣ, ਪ੍ਰਭਾਵ ਤੇ ਉਸਦੇ ਖਤਰਨਾਕ ਸਿੱਟੇ ਦੀ ਗੱਲ ਕਰਦਿਆਂ ਬਹੁਤ ਬਿਹਤਰ ਤਰੀਕੇ ਨਾਲ ਇਹ ਵੀ ਦੱਸਿਆ ਕਿ ਅੱਜ ਦੇ ਦਿਨਾਂ ਵਿੱਚ ਇਹ ਬਿਮਾਰੀ ਕਿੰਨੀ ਤੇਜ਼ੀ ਨਾਲ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਆਪਣੀ ਪਕੜ ਵਿੱਚ ਲੈ ਰਹੀ ਹੈ। ਸੁਹਿਰਦ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਉਹਨਾਂ ਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਦਿੱਤੇ ,ਉਥੇ ਹੀ ਇਸ ਰੋਗ ਦੇ ਇਲਾਜ ਲਈ ਵੇਚੀਆਂ ਜਾ ਰਹੀਆਂ ਨਸ਼ੀਲੀਆਂ ਦਵਾਈਆਂ ਤੇ ਸਿਹਤ ਵਿਭਾਗ ਦੇ ਕਾਰੋਬਾਰ ਦੀ ਅਣ ਡਿੱਠੀ ਧੁੰਦਲੀ ਤਸਵੀਰ ਵੀ ਸਾਹਮਣੇ ਆਈ। ਸਿਹਤ ਸੰਬੰਧੀ ਇਹੋ ਜਿਹੀ ਜਾਣਕਾਰੀ ਸਾਹਿਤ ਦੀ ਮੀਟਿੰਗ ਦਾ ਨਵਾਂ ਤਜਰਬਾ ਜੋ ਕਾਮਯਾਬ ਸਾਬਿਤ ਹੋਇਆ। ਰਚਨਾਵਾਂ ਦੇ ਦੌਰ ਵਿੱਚ ਤਰਲੋਚਨ ਸੈਭੀ ਨੇ ‘ਬੰਦਿਆਂ ਵਾਲੀ ਗੱਲ ਕਰੀਏ’, ਪਰਮਿੰਦਰ ਰਮਨ ਨੇ ਗਜ਼ਲ, ਮਹਿੰਦਰਪਾਲ ਐਸ ਪਾਲ ਨੇ ਕੁਝ ਵਿਚਾਰਾਂ ਨਾਲ ‘ਨਫ਼ਰਤ ਦੀ ਅੱਗ'(ਗਜ਼ਲ), ਹਰਕੀਰਤ ਧਾਲੀਵਾਲ ਨੇ ਸੁਚੱਜੇ ਵਿਚਾਰਾਂ ਨਾਲ ਕਿਰਤ ਦੀ ਲੁਟ ਦੀ ਗੱਲ ਕੀਤੀ ‘ਸਾਰੇ ਤੇਰੇ ਵਰਗੇ ਲੋਕ’। ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨਾਲ 403 993 2201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨਾਲ 587 437 7805 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …