ਟੈਕਸ ਵਾਧੇ ਦਾ ਆਉਂਦੇ ਸਮੇਂ ‘ਚ ਹੋਵੇਗਾ ਲਾਭ : ਜੌਹਨ ਟੋਰੀ
ਟੋਰਾਂਟੋ/ਬਿਊਰੋ ਨਿਊਜ਼ : ਟਰਾਂਜ਼ਿਟ ਤੇ ਹਾਊਸਿੰਗ ਲਈ ਕਈ ਬਿਲੀਅਨ ਡਾਲਰ ਇੱਕਠੇ ਕਰਨ ਵਾਸਤੇ ਟੈਕਸਾਂ ਵਿੱਚ ਵਾਧਾ ਕਰਨ ਦੇ ਫੈਸਲੇ ਨੂੰ ਸਿਟੀ ਕਾਉਂਸਲ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਮੁੱਦੇ ਉੱਤੇ ਲੰਮਾਂ ਸਮਾਂ ਬਹਿਸ ਕਰਨ ਤੋਂ ਬਾਅਦ ਇਸ ਨੂੰ ਮਨਜੂਰੀ ਦਿੱਤੀ ਗਈ। ਮੰਗਲਵਾਰ ਦੁਪਹਿਰ ਨੂੰ ਕਾਉਂਸਲ ਨੇ ਮੇਅਰ ਜੌਹਨ ਟੋਰੀ ਦੀ ਪ੍ਰਾਪਰਟੀ ਟੈਕਸਾਂ, ਜਿਨ੍ਹਾਂ ਨੂੰ ਸਿਟੀ ਬਿਲਡਿੰਗ ਫੰਡ ਵੀ ਆਖਿਆ ਜਾਂਦਾ ਹੈ, ਵਿੱਚ ਵਾਧਾ ਕਰਨ ਦੀ ਯੋਜਨਾ ਦੇ ਪੱਖ ਵਿੱਚ 21-3 ਦੇ ਹਿਸਾਬ ਨਾਲ ਵੋਟਾਂ ਪਾਈਆਂ। ਕਾਉਂਸਲਰਜ਼ ਐਨਥਨੀ ਪੇਰੂਜ਼ਾ, ਸਟੀਫਨ ਹੌਲੀਡੇਅ ਤੇ ਮਾਈਕਲ ਫੋਰਡ ਨੇ ਇਸ ਯੋਜਨਾ ਦੇ ਖਿਲਾਫ ਵੋਟਾਂ ਪਾਈਆਂ। ਇਹ ਟੈਕਸ ਸੱਭ ਤੋਂ ਪਹਿਲਾਂ 2017 ਵਿੱਚ ਸ਼ੁਰੂ ਕੀਤੇ ਗਏ ਸਨ। 2021 ਤੱਕ ਇਨ੍ਹਾਂ ਵਿੱਚ 2.5 ਫੀਸਦੀ ਦਾ ਵਾਧਾ ਕੀਤਾ ਜਾਣਾ ਸੀ ਪਰ ਹੁਣ 2020 ਤੇ 2021 ਵਿੱਚ ਇਨ੍ਹਾਂ ਵਿੱਚ ਇੱਕ ਫੀਸਦੀ ਦਾ ਵਾਧਾ ਕੀਤਾ ਜਾਵੇਗਾ ਤੇ 2022, 2023, 2024 ਤੇ 2025 ਵਿੱਚ 1.5 ਫੀਸਦੀ ਵਾਧਾ ਕੀਤਾ ਜਾਵੇਗਾ। ਜਿਸ ਨਾਲ ਇਨ੍ਹਾਂ ਦੇ ਪੂਰੀ ਤਰ੍ਹਾਂ ਲਾਗੂ ਹੋਣ ਨਾਲ ਇਹ 10.5 ਫੀਸਦੀ ਤੱਕ ਅੱਪੜ ਜਾਣਗੇ। ਮੰਗਲਵਾਰ ਨੂੰ ਵੋਟ ਕਰਵਾਉਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੋਰੀ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਕਾਉਂਸਲਰਜ਼ ਟੈਕਸ ਵਿੱਚ ਇਸ ਵਾਧੇ ਦਾ ਸਮਰਥਨ ਕਰਨ ਦਾ ਹੌਸਲਾ ਕਰਨਗੇ ਤੇ ਆਉਣ ਵਾਲੇ ਸਮੇਂ ਵਿੱਚ ਇਸ ਨਾਲ ਫਾਇਦਾ ਹੋਵੇਗਾ। ਟੋਰੀ ਨੇ ਆਖਿਆ ਕਿ ਮੌਜੂਦਾ ਸਿਆਸੀ ਮਾਹੌਲ ਤੋਂ ਇਲਾਵਾ ਆਮਦਨ ਦੇ ਜ਼ਰੀਆਂ ਦੀ ਘਾਟ ਕਾਰਨ ਟਰਾਂਜ਼ਿਟ ਤੇ ਹਾਊਸਿੰਗ ਲਈ ਬਿਲੀਅਨ ਡਾਲਰ ਇੱਕਠੇ ਕਰਨ ਲਈ ਇਹੋ ਇੱਕ ਰਾਹ ਹੈ। ਜ਼ਿਕਰਯੋਗ ਹੈ ਕਿ 2020 ਵਿੱਚ ਟੈਕਸਾਂ ਵਿੱਚ ਇਸ 1.5 ਫੀਸਦੀ ਟੈਕਸ ਵਾਧੇ ਨਾਲ ਆਮ ਹੋਮਓਨਰ ਉੱਤੇ 43 ਡਾਲਰ ਦਾ ਹੀ ਬੋਝ ਪਵੇਗਾ, ਹਾਲਾਂਕਿ 2025 ਵਿੱਚ ਇਹ 280 ਡਾਲਰ ਤੱਕ ਵੱਧ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …