Breaking News
Home / ਜੀ.ਟੀ.ਏ. ਨਿਊਜ਼ / ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦਾ ਕੈਨੇਡਾ ‘ਚ ਸਤਿਕਾਰ : ਨਵਦੀਪ ਬੈਂਸ

ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਦਾ ਕੈਨੇਡਾ ‘ਚ ਸਤਿਕਾਰ : ਨਵਦੀਪ ਬੈਂਸ

ਐਲ.ਐਮ.ਆਈ.ਏ. ਪ੍ਰਣਾਲੀ ਵਿਚ ਕਰਾਂਗੇ ਸੁਧਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਕਾਢ, ਖੋਜ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੇ ਕਿਹਾ ਹੈ ਕਿ ਵਿਦੇਸ਼ਾਂ ਤੋਂ ਆ ਰਹੇ ਵਿਦਿਆਰਥੀਆਂ ਤੇ ਕਾਮਿਆਂ ਸਮੇਤ ਹਰੇਕ ਪ੍ਰਕਾਰ ਦੇ ਪਰਵਾਸੀਆਂ ਦਾ ਦੇਸ਼ ‘ਚ ਸਤਿਕਾਰ ਹੈ। ਲੇਬਰ ਮਾਰਿਕਟ ਇੰਪੈਕਟ ਅਸੈਸਮੈਂਟ (ਐਲ. ਐਮ. ਆਈ. ਏ.) ਪ੍ਰਣਾਲੀ ‘ਚ ਵੱਡੇ ਸੁਧਾਰਾਂ ਦੀ ਲੋੜ ਬਾਰੇ ਗੱਲਬਾਤ ਕਰਦਿਆਂ ਬੈਂਸ ਨੇ ਦੱਸਿਆ ਕਿ ਇਮੀਗ੍ਰੇਸ਼ਨ ਸਲਾਹਕਾਰਾਂ ਤੇ ਕਾਰੋਬਾਰਾਂ ਦੇ ਮਾਲਕਾਂ ਵਿਚਕਾਰ ਗਠਜੋੜ ਨਾਲ ਐਲ.ਐਮ.ਆਈ.ਏ. ਵੇਚਣ ਦੇ ਭ੍ਰਿਸ਼ਟਾਚਾਰ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਵੱਢੀਖੋਰੀ ਨਾਲ ਖਤਮ ਹੋਏ ਆਪਣੇ ਦੇਸ਼ਾਂ ਦੇ ਸਿਸਟਮ ਦੇ ਸਤਾਏ ਲੋਕ ਕੈਨੇਡਾ ਦੀ ਚੋਣ ਇਸ ਕਰਕੇ ਹੀ ਕਰਦੇ ਹਨ ਕਿ ਕੈਨੇਡਾ ਵਿਚ ਉਨ੍ਹਾਂ ਦਾ ਸ਼ੋਸ਼ਣ ਨਹੀਂ ਹੋਣ ਦਿੱਤਾ ਜਾ ਸਕਦਾ। ਬੀਤੇ ਕੁਝ ਸਾਲਾਂ ਤੋਂ ਕੈਨੇਡਾ ਵੱਲ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਵਜੋਂ ਲੜਕੇ ਅਤੇ ਲੜਕੀਆਂ ਦਾ ਵੱਡਾ ਝੁਕਾਅ ਬਣਿਆ ਹੋਇਆ ਹੈ, ਜਿਨ੍ਹਾਂ ਦਾ ਇਰਾਦਾ ਕੈਨੇਡਾ ਵਿਚ ਪੱਕੇ ਤੌਰ ‘ਤੇ ਰਹਿਣ ਦਾ ਹੁੰਦਾ ਹੈ। ਉਨ੍ਹਾਂ ਨੂੰ ਕਿਸੇ ਸਥਾਨਕ ਕਾਰੋਬਰ ਵਿਚ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਨੌਕਰੀ ਦੀ ਪੇਸ਼ਕਸ਼ ਮਿਲ ਜਾਵੇ, ਤਾਂ ਵਰਕ ਪਰਮਿਟ ਮਿਲਣ ਤੇ ਪੱਕੇ ਹੋਣ ਲਈ ਰਾਹ ਪੱਧਰਾ ਹੋਣ ਲੱਗਦਾ ਹੈ। ਨੌਕਰੀ ਦੀ ਪੇਸ਼ਕਸ਼ ਨੂੰ ਸਰਕਾਰੀ ਵਿਭਾਗ, ਇੰਪਲਾਏਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈ.ਐਸ.ਡੀ.ਸੀ.) ਵਲੋਂ ਮਾਨਤਾ ਦੇਣ ਦੀ ਪ੍ਰਕਿਰਿਆ ਉਪਰੰਤ ਮਿਲਦੀ ਮਨਜ਼ੂਰੀ ਨੂੰ ਐਲ.ਐਮ.ਆਈ.ਏ. ਕਿਹਾ ਜਾਂਦਾ ਹੈ। ਸਰਕਾਰ ਤੋਂ ਐਲ.ਐਮ.ਆਈ.ਏ. ਲੈ ਕੇ ਵਿਦੇਸ਼ੀ ਕਾਮੇ ਰੱਖਣ ਦੇ ਸਿਲਸਿਲੇ ਵਿਚ ਬਹੁਤ ਸਾਰੇ ਕੈਨੇਡੀਅਨ ਕਾਰੋਬਾਰੀਆਂ ਤੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਮਾਹਿਰਾਂ ਦੀਆਂ ਧਾਂਦਲੀਆਂ ਬਾਰੇ ਕਈ ਕੌਮੀ ਪੱਧਰ ਦੀਆਂ ਮੀਡੀਆ ਰਿਪੋਰਟਾਂ ਤੇ ਦੰਦਕਥਾਵਾਂ ਬੀਤੇ ਸਾਲਾਂ ਤੋਂ ਕੈਨੇਡਾ ਵਿਚ ਚਰਚਿਤ ਹਨ, ਜਿਸ ਦੌਰਾਨ ਐਲ.ਐਮ.ਆਈ.ਏ. ਦਾ ਅਖੌਤੀ ਲੈਣ-ਦੇਣ 5000 ਡਾਲਰ ਤੋਂ ਸ਼ੁਰੂ ਹੋ ਕੇ ਇਸ ਸਮੇਂ 50000 ਡਾਲਰਾਂ ਤੱਕ ਪੁੱਜ ਗਿਆ ਦੱਸਿਆ ਜਾਂਦਾ ਹੈ। ਇਹ ਵੀ ਕਿ ਬਹੁਤ ਸਾਰੇ ਮਾਲਕ ਆਪਣੇ ਕੰਮ ਵਿਚੋਂ ਓਨੇ ਡਾਲਰ ਨਹੀਂ ਕਮਾ ਰਹੇ, ਜਿੰਨਾ ਪੈਸਾ ਮਜ਼ਬੂਰੀਆਂ ‘ਚ ਫਸੇ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਐਲ.ਐਮ.ਆਈ.ਏ. ਵੇਚ ਕੇ ਇਕੱਠਾ ਕੀਤਾ ਜਾ ਰਿਹਾ ਹੈ। ਇਸ ਰੁਝਾਨ ਨਾਲ ਕੈਨੇਡਾ ਵਿਚ ਵੱਢੀਖੋਰੀ ਨੂੰ ਉਤਸ਼ਾਹ ਮਿਲਿਆ ਹੈ, ਜਿਸ ਨੂੰ ਠੱਲ੍ਹ ਪਾਉਣ ਬਾਰੇ ਬੈਂਸ ਨੇ ਕਿਹਾ ਕਿ ਦੇਸ਼ ਦੀ ਕਿਬ ਮੰਤਰੀ ਫਿਲੋਮਨਾ ਤਾਸੀ ਤੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨਾਲ ਮਿਲ ਕੇ ਇਸ ਸਮੱਸਿਆ ਦਾ ਠੋਸ ਹੱਲ ਕੱਢਿਆ ਜਾਵੇਗਾ। ਬੈਂਸ ਨੇ ਇਹ ਵੀ ਕਿਹਾ ਕਿ ਕੈਨੇਡਾ ਵਿਚ ਦੁਨੀਆਂ ਦੇ ਲੋਕਾਂ ਦਾ ਵਿਸ਼ਵਾਸ਼ ਬਣਾ ਕੇ ਰੱਖਣਾ ਅਤਿ ਜ਼ਰੂਰੀ ਹੈ, ਜਿਸ ਕਰਕੇ ਕਿਸੇ ਨੂੰ ਵੀ ਸਰਕਾਰ ਦੀ ਇਸ ਪ੍ਰਣਾਲੀ ਨਾਲ ਖਿਲਵਾੜ ਕਰਨ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …