-5.9 C
Toronto
Monday, January 5, 2026
spot_img
Homeਕੈਨੇਡਾਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਦੀ ਐੱਮ.ਪੀ.ਪੀ. ਸਾਰਾ ਸਿੰਘ ਨਾਲ ਹੋਈ...

ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਦੀ ਐੱਮ.ਪੀ.ਪੀ. ਸਾਰਾ ਸਿੰਘ ਨਾਲ ਹੋਈ ਮੀਟਿੰਗ ਵਿਚ ਕਈ ਮਸਲੇ ਵਿਚਾਰੇ ਗਏ

ਬਰੈਂਪਟਨ/ਡਾ. ਝੰਡ : ਪ੍ਰੋ.ਨਿਰਮਲ ਸਿੰਘ ਧਾਰਨੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਹੇਠ ਇਸ ਦੀ ਕਾਰਜਕਾਰਨੀ ਦੇ ਮੈਂਬਰਾਂ ਦੀ ਮੀਟਿੰਗ ਪਿਛਲੇ ਦਿਨੀਂ ਐੱਮ.ਪੀ.ਪੀ. ਦੇ ਦਫ਼ਤਰ ਵਿਚ ਹੋਈ। ਮੀਟਿੰਗ ਵਿਚ ਮੁੱਖ ਤੌਰ ‘ਤੇ ਬਰੈਂਪਟਨ ਵਿਚ ਯੂਨੀਵਰਸਿਟੀ, ਇੱਥੇ ਇਕ ਹੋਰ ਹਸਪਤਾਲ ਦੀ ਅਹਿਮ ਜ਼ਰੂਰਤ, ਦੂਸਰੇ ਸ਼ਹਿਰਾਂ ਦੇ ਮੁਕਾਬਲੇ ਬਰੈਂਪਟਨ-ਵਾਸੀਆਂ ਵੱਲੋਂ ਵਧੇਰੇ ਅਦਾ ਕੀਤੀ ਜਾ ਰਹੀ ਆਟੋ ਇੰਸੋਰੈਂਸ, ਟਰੱਕਾਂ-ਟਰੇਲਰਾਂ ਦੀਆਂ ਚੋਰੀਆਂ, ਆਦਿ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਬਰੈਂਪਟਨ ਵਿਚ ਇਕ ਹੋਰ ਹਸਪਤਾਲ ਦੀ ਜ਼ਰੂਰਤ ਉੱਪਰ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਮੀਟਿੰਗ ਦੌਰਾਨ ਐੱਮ.ਪੀ.ਪੀ. ਸਾਰਾ ਸਿੰਘ ਨੇ ਮੰਨਿਆ ਕਿ ਬਰੈਂਪਟਨ ਵਿਚ ਆਟੋ ਇੰਸੋਰੈਂਸ ਦੀਆਂ ਦਰਾਂ ਵਾਕਿਆ ਈ ਵਧੇਰੇ ਹਨ ਅਤੇ ਉਹ ਇਨ੍ਹਾਂ ਨੂੰ ਘਟਾਉਣ ਲਈ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਹਾਊਸ ਵਿਚ ਆਵਾਜ਼ ਉਠਾਉਣਗੇ। ਇਸ ਦੇ ਲਈ ਬੀ.ਸੀ.ਅਤੇ ਕਿਊਬਿਕ ਸੂਬਿਆਂ ਵਿਚ ਇਸ ਸਮੇਂ ਚੱਲ ਰਹੀਆਂ ਦਰਾਂ ਬਾਰੇ ਵੀ ਧਿਆਨ ਵਿਚ ਰੱਖਿਆ ਜਾਏਗਾ। ਬਰੈਂਪਟਨ ਵਿਚ ਯੂਨੀਵਰਸਿਟੀ ਬਾਰੇ ਗੱਲ ਕਰਨ ਸਮੇਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਰਿਹਾਇਸ਼ ਲਈ ਹੋਸਟਲਾਂ ਦੀ ਸਮੱਸਿਆ ਬਾਰੇ ਵੀ ਚਰਚਾ ਹੋਈ। ਇਸ ਦੌਰਾਨ ਸਾਰਾ ਸਿੰਘ ਨੇ ਦੱਸਿਆ ਕਿ ਬਰੈਂਪਟਨ ਵਿਚ ਨੌਜੁਆਨ ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਰਕੇ ਸੂਬਾ ਸਰਕਾਰ ਵੱਲੋਂ ਇੱਥੇ ਯੂਨੀਵਰਸਿਟੀ ਲਈ ਟਾਲ-ਮਟੋਲ ਦੀ ਨੀਤੀ ਅਪਨਾਈ ਜਾ ਰਹੀ ਹੈ। ਉਨ੍ਹਾਂ ਇਸ ਵਫ਼ਦ ਦੇ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਕੇਸ ਦਾ ਗੰਭੀਰਤਾ ਨਾਲ ਅਧਿਐਨ ਕਰਨਗੇ ਅਤੇ ਉਨ੍ਹਾਂ ਦੇ ਨਾਲ ਇਕ ਹੋਰ ਮੀਟਿੰਗ ਕਰਕੇ ਉਨ੍ਹਾਂ ਕੋਲੋਂ ਇਸ ਦੇ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨਗੇ। ਹੋ ਸਕਦਾ ਹੈ ਕਿ ਉਹ ਇਸ ਦੇ ਬਾਰੇ ਓਨਟਾਰੀਓ ਅਸੈਂਬਲੀ ਵਿਚ ਆਪਣੇ ਵੱਲੋਂ ਮਤਾ ਵੀ ਪੇਸ਼ ਕਰਨ। ਇਹ ਮੀਟਿੰਗ ਬੜੇ ਹੀ ਘਰੇਲੂ ਮਾਹੌਲ ਵਿਚ ਹੋਈ ਅਤੇ ਇਸ ਦੌਰਾਨ ਸਾਰਾ ਸਿੰਘ ਨੇ ਬਹੁਤ ਵਧੀਆ ਪੰਜਾਬੀ ਪ੍ਰਾਹੁਣਚਾਰੀ ਦੀ ਖ਼ੂਬਸੂਰਤ ਮਿਸਾਲ ਪੇਸ਼ ਕੀਤੀ। ਉਨ੍ਹਾਂ ਮੈਂਬਰਾਂ ਨਾਲ ਬਰੈਂਪਟਨ ਦੇ ਹੋਰ ਵੀ ਕਈ ਮਸਲੇ ਵਿਚਾਰੇ ਅਤੇ ਉਨ੍ਹਾਂ ਦੇ ਹੱਲ ਲਈ ਆਪਣੇ ਸੁਝਾਅ ਵੀ ਦਿੱਤੇ। ਇਸ ਮੌਕੇ ਐਸੋਸੀਏਸ਼ਨ ਦੇ ਵਫ਼ਦ ਵਿਚ ਇਸ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੇ ਨਾਲ ਪ੍ਰੋ. ਨਿਰਮਲ ਸਿੰਘ ਧਾਰਨੀ, ਪ੍ਰੀਤਮ ਸਿੰਘ ਸਰਾਂ, ਕਰਤਾਰ ਸਿੰਘ ਚਾਹਲ, ਬਲਵਿੰਦਰ ਸਿੰਘ ਬਰਾੜ ਅਤੇ ਦੇਵ ਸੂਦ ਸ਼ਾਮਲ ਸਨ।

RELATED ARTICLES
POPULAR POSTS