ਚੰਡੀਗੜ੍ਹ/ਬਿਊਰੋ ਨਿਊਜ਼ : ਕੌਮਾਂਤਰੀ ਪੰਜਾਬੀ ਇਲਮ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ ਅਤੇ ਅਦਬੀ ਦਾਇਰਾ ਮੁੱਲਾਂਪੁਰ ਦੇ ਕਨਵੀਨਰ ਤਰਲੋਚਨ ਝਾਂਡੇ ਤੇ ਪ੍ਰੋ. ਰਾਕੇਸ਼ ਰਮਨ ਨੇ ਇਥੋਂ ਜਾਰੀ ਸਾਂਝੇ ਬਿਆਨ ਵਿਚ ਫਿਰਕੂ ਆਧਾਰ ‘ਤੇ ਬਣਾਏ ਗਏ ਨਾਗਰਿਕਤਾ ਸੋਧ ਐਕਟ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਦੇਸ਼ ਭਰ ‘ਚ ਵਿਦਿਆਰਥੀਆਂ, ਨੌਜਵਾਨਾਂ ਅਤੇ ਇਨਸਾਫ਼ਪਸੰਦ ਲੋਕਾਂ ਉੱਪਰ ਪੁਲੀਸ ਵਲੋਂ ਢਾਹੇ ਜਾ ਰਹੇ ਜਬਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਲੇਖਕਾਂ ਅਤੇ ਬੁੱਧੀਜੀਵੀਆਂ ਦੀਆਂ ਇਨ੍ਹਾਂ ਦੋਹਾਂ ਜਥੇਬੰਦੀਆਂ ਦੇ ਬੁਲਾਰਿਆਂ ਨੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਪੰਜਾਬੀ ਲੇਖਕਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ। ਲੇਖਕ ਆਗੂਆਂ ਨੇ ਭਾਰਤੀ ਸੰਵਿਧਾਨ ਦੇ ਬੁਨਿਆਦੀ ਢਾਂਚੇ ਨਾਲ ਕੇਂਦਰ ਦੀ ਫਿਰਕੂ ਸਰਕਾਰ ਵਲੋਂ ਕੀਤੀ ਜਾ ਰਹੀ ਗੰਭੀਰ ਛੇੜਛਾੜ ਦੀ ਨਿਖੇਧੀ ਕੀਤੀ ਹੈ। ਇਸ ਛੇੜਛਾੜ ਦੇ ਵਿਰੁੱਧ ਪੂਰਬ-ਉੱਤਰ ਦੇ ਰਾਜਾਂ ਤੋਂ ਸ਼ੁਰੂ ਹੋਇਆ ਅੰਦੋਲਨ ਹੁਣ ਪੂਰੇ ਦੇਸ਼ ਵਿਚ ਫੈਲ ਗਿਆ ਹੈ। ਸਰਕਾਰ ਆਪਣੀਆਂ ਫੁੱਟਪਾਊ ਨੀਤੀਆਂ ਨੂੰ ਬਰਤਾਨਵੀ ਬਸਤੀਵਾਦੀਆਂ ਦੀ ਤਰਜ਼ ‘ਤੇ ਲਾਗੂ ਕਰ ਰਹੀ ਹੈ ਤੇ ਦੇਸ਼ ਦੀ ਜਨਤਾ ਵੀ ਸਰਕਾਰੀ ਕੁਚਾਲਾਂ ਦਾ ਮੂੰਹਤੋੜ ਜਵਾਬ ਅੰਗਰੇਜ਼ੀ ਸਾਮਰਾਜ ਵਿਰੁੱਧ ਚੱਲੇ ਸੁਤੰਤਰਤਾ ਅੰਦੋਲਨ ਦੀ ਤਰਜ਼ ‘ਤੇ ਹੀ ਦੇ ਰਹੀ ਹੈ। ਯਾਦ ਰਹੇ ਕਿ ਸਾਡਾ ਸੰਵਿਧਾਨ ਦੇਸ਼ ਦੇ ਧਰਮ-ਨਿਰਪੱਖ ਤਾਣੇ-ਬਾਣੇ ਦੀ ਸੁਰੱਖਿਆ ਕਰਦਾ ਹੈ ਜਦਕਿ ਨਾਗਰਿਕਤਾ ਸੋਧ ਐਕਟ ਰਾਹੀਂ ਸੰਵਿਧਾਨ ਵਿਚ ਇਕ ਅਤੀਨਿੰਦਣਯੋਗ ਵਿਤਕਰੇ ਭਰੀ ਫਿਰਕੂ ਧਾਰਾ ਜੋੜ ਦਿੱਤੀ ਗਈ ਹੈ।
ਸੰਵਿਧਾਨ ਦੇ ਬੁਨਿਆਦੀ ਢਾਂਚੇ ਨਾਲ ਛੇੜਛਾੜ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਦਰਸ਼ਨ ਬੁੱਟਰ ਅਤੇ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਸਰਕਾਰ ਦੀ ਇਹ ਕਾਰਵਾਈ ਦੇਸ਼ ਨੂੰ ਤਬਾਹੀ ਵੱਲ ਲੈ ਜਾਵੇਗੀ। ਸਰਕਾਰ ਦੀ ਇਸ ਕਾਰਵਾਈ ਵਿਰੁੱਧ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਅਤੇ ਮੁਸਲਿਮ ਯੂਨੀਵਰਸਿਟੀ ਲਖਨਊ ਦੇ ਵਿਦਿਆਰਥੀਆਂ ਨੇ ਰੋਸ ਲਹਿਰ ਸ਼ੁਰੂ ਕੀਤੀ ਤਾਂ ਉਨ੍ਹਾਂ ਨਾਲ ਬਰਬਰਤਾਪੂਰਵਕ ਵਿਹਾਰ ਕੀਤਾ ਗਿਆ। ਜਾਮੀਆ ਮਿਲੀਆ ਯੂਨੀਵਰਸਿਟੀ ਦੇ ਕੈਂਪਸ ਵਿਚ ਜ਼ਬਰਦਸਤੀ ਦਾਖ਼ਲ ਹੋ ਕੇ ਪੁਲੀਸ ਨੇ ਜਿਸ ਤਰ੍ਹਾਂ ਦਾ ਦਮਨ ਚੱਕਰ ਚਲਾਇਆ, ਉਸ ਨੇ ਜਨਰਲ ਡਾਇਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਯੂਨੀਵਰਸਿਟੀ ਦੀ ਲਾਇਬਰੇਰੀ ਵਿਚ ਆਪਣੇ ਇਮਤਿਹਾਨ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਅੰਨ੍ਹੇ ਲਾਠੀਚਾਰਜ ਦੇ ਸ਼ਿਕਾਰ ਵਿਦਿਆਰਥੀਆਂ ਨਾਲ ਇਕਮੁੱਠਤਾ ਪ੍ਰਗਟਾਉਂਦਿਆਂ ਕੌਮਾਂਤਰੀ ਪੰਜਾਬੀ ਇਲਮ ਅਤੇ ਅਦਬੀ ਦਾਇਰਾ ਮੁੱਲਾਂਪੁਰ ਦੇ ਬੁਲਾਰਿਆਂ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਅਹਿਮ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਸਮੂਹ ਭਾਰਤੀਆਂ ਦੀ ਆਪਣੀ ਲੜਾਈ ਹੈ ਅਤੇ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨਾਗਰਿਕਤਾ ਸੋਧ ਐਕਟ ਵਾਪਸ ਨਹੀਂ ਲਿਆ ਜਾਂਦਾ। ਬੁਲਾਰਿਆਂ ਨੇ ਇਹ ਵੀ ਅਹਿਦ ਕੀਤਾ ਕਿ ਨੌਜਵਾਨਾਂ ਵਲੋਂ ਖਾਧੀਆਂ ਲਾਠੀਆਂ ਤੇ ਉੱਤਰ-ਪੂਰਬੀ ਰਾਜਾਂ ਦੇ ਨੌਜਵਾਨਾਂ ਦੀਆਂ ਸ਼ਹਾਦਤਾਂ ਅਜਾਈਂ ਨਹੀਂ ਜਾਣ ਦਿੱਤੀਆਂ ਜਾਣਗੀਆਂ। ਕੌਮਾਂਤਰੀ ਪੰਜਾਬੀ ਇਲਮ ਦੇ ਆਗੂਆਂ ਨੇ ਸਮੂਹ ਲੇਖਕ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਜੰਗ ਵਿਚ ਵਿਦਿਆਰਥੀਆਂ ਨਾਲ ਇਕਮੁੱਠਤਾ ਪ੍ਰਗਟਾਉਣ।
ਕਾਂਗਰਸੀ ਵਿਧਾਇਕਾਂ ‘ਤੇ ਨਜ਼ਰ
ਕੁੱਝ ਸਮਾਂ ਪਹਿਲਾਂ ਮੁੱਖ ਮੰਤਰੀ ਨੇ ਛੇ ਵਿਧਾਇਕਾਂ ਨੂੰ ਐਡਵਾਈਜ਼ਰ ਬਣਾ ਕੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਕੀਤੀ ਸੀ। ਹੁਣ ਕਾਂਗਰਸ ਦੀ ਨਜ਼ਰ ਯੂਥ ਵਿਧਾਇਕਾਂ ‘ਤੇ ਹੈ ਕਿਉਂਕਿ ਪਾਰਟੀ ਨੂੰ ਪਤਾ ਲੱਗਿਆ ਹੈ ਕਿ ਕਾਂਗਰਸ ਦੇ 10 ਤੋਂ ਜਿਆਦਾ ਯੂਥ ਵਿਧਾਇਕ ਅਜਿਹੇ ਹਨ ਜੋ ਉਨ੍ਹਾਂ ਦੇ ਕੰਮ ਨਾ ਹੋਣ ਕਾਰਨ ਸਰਕਾਰ ਤੇ ਪਾਰਟੀ ਤੋਂ ਨਾਰਾਜ਼ ਹਨ। ਹੁਣ ਪਾਰਟੀ ਨੇ ਇਨ੍ਹਾਂ ਦੀ ਗੱਲ ਸੁਣਨ ਲਈ ਇਨ੍ਹਾਂ ਨਾਲ ੇ ਮੀਟਿੰਗ ਕਰਨ ਦਾ ਫੈਸਲਾ ਲਿਆ ਹੈ ਤਾਂ ਕਿ ਨਾਰਾਜ਼ਗੀ ਨੂੰ ਦੂਰ ਕੀਤਾ ਜਾ ਸਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਨੂੰ ਗੁੱਟਬਾਜ਼ੀ ਤੋਂ ਬਚਾਇਆ ਜਾ ਸਕੇ। ਇਸ ਦੇ ਲਈ ਰਾਜ ਦੇ ਇਕ ਵੱਡੇ ਆਗੂ ਦੀ ਡਿਊਟੀ ਵੀ ਲਗਾਈ ਗਈ ਹੈ।
ਸਿਹਤ ਦੀ ਚਿੰਤਾ
ਪੰਜਾਬ ਦੇ ਕੁਝ ਕੈਬਨਿਟ ਮੰਤਰੀ ਆਪਣੀ ਸਿਹਤ ਸੰਭਾਲ ਦੇ ਪ੍ਰਤੀ ਕਾਫ਼ੀ ਚਿੰਤਤ ਅਤੇ ਜਾਗਰੂਕ ਦਿਖਾਈ ਦੇ ਰਹੇ ਹਨ। ਪਿਛਲੇ ਦਿਨੀਂ ਕੁੱਝ ਮੰਤਰੀਆਂ ਨੇ ਆਪਣੇ ਲਈ ਡਾਇਟੀਸ਼ਨ ਫਿਕਸ ਕਰ ਲਿਆ ਅਤੇ ਉਸ ਦੇ ਅਨੁਸਾਰ ਹੀ ਖਾਣਾ ਖਾਂਦੇ ਹਨ। ਹੁਣ ਕੁਝ ਮੰਤਰੀ ਯੋਗ ਗੁਰੂ ਦੀ ਭਾਲ ‘ਚ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰੀ ਪ੍ਰੋਗਰਾਮਾਂ ਦੇ ਰੁਝੇਵਿਆਂ ਕਾਰਨ ਉਹ ਖੁਦ ਦੇ ਲਈ ਜ਼ਿਆਦਾ ਸਮਾਂ ਨਹੀਂ ਕੱਢ ਪਾਉਂਦੇ। ਇਸ ਲਈ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਲਈ ਕਿਉਂ ਨਾ ਯੋਗ ਦਾ ਸਹਾਰਾ ਲਿਆ ਜਾਵੇ ਤਾਂ ਕਿ ਯੋਗ ਦੇ ਰਾਹੀਂ ਸਿਹਤ ਦਾ ਚੰਗਾ ਖਿਆਲ ਰੱਖਿਆ ਜਾ ਸਕੇ। ਇਨ੍ਹਾਂ ਮੰਤਰੀਆਂ ਨੂੰ ਚੰਗੇ ਯੋਗ ਗੁਰੂ ਦੀ ਭਾਲ ਹੈ ਜੋ ਇਨ੍ਹਾਂ ਨੂੰ ਕੁੱਝ ਦੇਰ ਯੋਗ ਕਰਵਾ ਕੇ ਨਿਰੋਗ ਰਹਿਣ ਦਾ ਗੁਰ ਦੱਸ ਸਕੇ।
ਵਿੱਤ ਵਿਭਾਗ ਦੀ ਚਿੰਤਾ
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਬੇਸ਼ੱਕ ਇਸ ਮਹੀਨੇ ਕਰਮਚਾਰੀਆਂ ਨੂੰ ਤਨਖਾਹਾਂ ਦੇ ਦਿੱਤੀਆਂ ਹਨ ਪ੍ਰੰਤੂ ਵਿੱਤ ਵਿਭਾਗ ਦੇ ਅਧਿਕਾਰੀਆਂ ਨੂੰ ਹੁਣ ਅਗਲੇ ਮਹੀਨੇ ਦੀਆਂ ਤਨਖਾਹਾਂ ਦੀ ਚਿੰਤਾ ਸਤਾਉਣ ਲੱਗੀ ਹੈ। ਵਿਭਾਗ ਦੇ ਅਧਿਕਾਰੀਆਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਟੈਕਸ ਘੱਟ ਇਕੱਠਾ ਹੋਇਆ ਤਾਂ ਅਗਲੇ ਮਹੀਨੇ ਦੀਆਂ ਤਨਖਾਹਾਂ ਅਤੇ ਸੂਬੇ ਦੇ ਹੋਰ ਖਰਚਿਆਂ ਨੂੰ ਕਿਸ ਤਰ੍ਹਾਂ ਕੱਢਿਆ ਜਾਵੇਗਾ। ਅਜਿਹੇ ‘ਚ ਹੁਣ ਅਧਿਕਾਰੀ ਜ਼ਿਆਦਾ ਤੋਂ ਜ਼ਿਆਦਾ ਟੈਕਸ ਇਕੱਠਾ ਕਰਨ ‘ਚ ਲੱਗੇ ਹੋਏ ਹਨ। ਵਿੱਤ ਵਿਭਾਗ ਦੇ ਅਧਿਕਾਰੀ ਇਹ ਜੁਗਾੜ ਕਰਨ ‘ਚ ਰੁੱਝੇ ਹੋਏ ਹਨ ਕਿਸੇ ਨਾ ਕਿਸੇ ਤਰ੍ਹਾਂ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਹੋਰ ਖਰਚ ਨਿਕਲ ਆਉਣ।
ਟ੍ਰੈਫਿਕ ਨਿਯਮਾਂ ਦੀ ਉਲੰਘਣਾ
ਲਗਦਾ ਹੈ ਕਿ ਪੰਜਾਬ ਦੇ ਗਾਇਕਾਂ ਨੂੰ ਨਜ਼ਰ ਲੱਗ ਗਈ ਹੈ। ਪੰਜਾਬ ਦੇ ਗਾਇਕ ਨਹੀਂ ਚਾਹੁੰਦੇ ਕਿ ਉਹ ਪੁਲਿਸ ਦੇ ਗੇੜ ‘ਚ ਫਸੇ ਰਹਿਣ। ਪਹਿਲਾਂ ਜਿੱਥੇ ਇਕ ਗਾਇਕ ਦੀ ਧਮੀ ਦੇਣ ਅਤੇ ਬਾਅਦ ‘ਚ ਕਿਸੇ ਦੂਜੇ ਦੀ ਗੰਨ ਤੋਂ ਫਾਇਰ ਕਰਨ ਦੇ ਮਾਮਲੇ ‘ਚ ਪੁਲਿਸ ਦੇ ਘੇ ਆਉਣਾ ਪਿਆ ਸੀ, ਉਥੇ ਹੀ ਹੁਣ ਹੋਰ ਗਾਇਕ ਸਬ ਫੜੇ ਜਾਣਗੇ ਬਿਨਾ ਹੈਲਮਟ ਦੇ ਬੁਲਟ ਮੋਟਰ ਸਾਈਕਲ ਚਲਾਉਣ ਦੇ ਮਾਮਲੇ ‘ਚ ਪੁਲਿਸ ਦੀ ਰਾਡਾਰ ‘ਤੇ ਹਨ। ਪੁਲਿਸ ਨੇ ਇਸ ਗਾਇਕ ਦੇ ਘਰ ਜਾ ਕੇ ਬਿਨਾ ਹੈਲਮਟ ਦੇ ਮੋਟਰ ਸਾਈਕਲ ਚਲਾਉਣ ਦਾ ਚਲਾਨ ਉਨ੍ਹਾਂ ਦੇ ਹੱਥ ਫੜਾ ਦਿੱਤਾ। ਇੰਨਾ ਹੀ ਨਹੀਂ ਅਜੇ ਇਸ ਗਾਇਕ ਦਾ ਇਸ ਮਾਮਲੇ ਤੋ ਖਹਿੜਾ ਨਹੀਂ ਛੁਟਿਆ ਸੀ ਅਤੇ ਨਾਲ ਹੀ ਪੁਲਿਸ ਹੁਣ ਇਹ ਵੀ ਚੈਕ ਕਰ ਰਹੀ ਹੈ ਕਿ ਬੁਲਟ ਚਲਾਉਂਦੇ ਸਮੇਂ ਇਸ ਗਾਇਕ ਨੇ ਕਿਹੜਾ ਕਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …