Breaking News
Home / ਜੀ.ਟੀ.ਏ. ਨਿਊਜ਼ / ਫੈਡਰਲ ਸਰਕਾਰ-ਆਖਰੀ ਬਜਟ-ਘਾਟਾ ਬਰਕਰਾਰ

ਫੈਡਰਲ ਸਰਕਾਰ-ਆਖਰੀ ਬਜਟ-ਘਾਟਾ ਬਰਕਰਾਰ

ਵਿੱਤ ਮੰਤਰੀ ਬਿਲ ਮੌਰਨਿਊ ਵੱਲੋਂ 14.9 ਅਰਬ ਡਾਲਰ ਦਾ ਬਜਟ ਪੇਸ਼, ਘਾਟਾ 19.8 ਅਰਬ ਡਾਲਰ ਦੱਸਿਆ
ਓਟਵਾ/ਬਿਊਰੋ ਨਿਊਜ਼ : ਫੈਡਰਲ ਲਿਬਰਲ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਆਖ਼ਰੀ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਸੰਸਦ ਵਿਚ ਫੈਡਰਲ ਵਿੱਤ ਮੰਤਰੀ ਬਿਲ ਮੌਰਨਿਊ ਨੇ 14.9 ਅਰਬ ਡਾਲਰ ਦੇ ਘਾਟੇ ਵਾਲਾ ਬਜਟ ਪੇਸ਼ ਕਰਦਿਆਂ ਅਗਲੇ ਪੰਜ ਸਾਲਾਂ ਵਿਚ 22.8 ਅਰਬ ਡਾਲਰ ਦੇ ਨਵੇਂ ਖ਼ਰਚ ਕੀਤੇ ਜਾਣ ਦੀ ਤਜਵੀਜ਼ ਰੱਖੀ ਹੈ। ਇਸ ਬਜਟ ਨੂੰ ‘ਇਨਵੈਸਟਿੰਗ ਇਨ ਦ ਮਿਡਲ ਕਲਾਸ’ ਦਾ ਨਾਂ ਦਿੱਤਾ ਗਿਆ ਹੈ।ਸਾਲ 2019-20 ਵਿਚ ਬਜਟ ਘਾਟਾ 19.8 ਅਰਬ ਡਾਲਰ ਦਾ ਦੱਸਿਆ ਗਿਆ ਹੈ ਜਿਸ ਵਿਚ 3 ਅਰਬ ਡਾਲਰ ਦੀ ਰਿਸਕ ਐਡਜਸਟਮੈਂਟ ਦੀ ਗੁੰਜਾਇਸ਼ ਵੀ ਰੱਖੀ ਗਈ ਹੈ। ਸਰਕਾਰ ਸਿਰ 685.6 ਅਰਬ ਡਾਲਰ ਕਰਜ਼ ਚੜ੍ਹ ਜਾਵੇਗਾ ਅਤੇ ਸਾਲ 2023-24 ਤਕ ਇਹ ਕਰਜ਼ਾ ਵਧ ਕੇ 761.7 ਅਰਬ ਡਾਲਰ ‘ਤੇ ਪੁੱਜ ਜਾਵੇਗਾ। ਆਮਦਨੀ ਦੇ ਮੁਕਾਬਲੇ ਕਰਜ਼ਾ 30.8% ਦੱਸਿਆ ਗਿਆ ਹੈ।
ਮੂਲ ਨਿਵਾਸੀਆਂ ਵਾਸਤੇ ਪਾਣੀ ਸਪਲਾਈ, ਚਾਈਲਡ ਵੈਲਫੇਅਰ, ਸਿੱਖਿਆ ਅਤੇ ਹੋਰ ਸਹਾਇਕ ਪ੍ਰੋਗਰਾਮਾਂ ਉੱਪਰ ਸਰਕਾਰ 3.25 ਅਰਬ ਡਾਲਰ ਦਾ ਖ਼ਰਚ ਕਰੇਗੀ। ਸ਼ਹਿਰਾਂ ਦੇ ਇਨਫ੍ਰਾਸਟਰੱਕਚਰ ਖ਼ਰਚ ਲਈ ਇਕਮੁਸ਼ਤ ਗੈਸ ਟੈਕਸ ਕੈਸ਼ ਡਬਲ ਕੀਤਾ ਜਾਵੇਗਾ ਤੇ ਇਸ ਵਾਸਤੇ 2.2 ਅਰਬ ਡਾਲਰ ਦਾ ਖ਼ਰਚਾ ਆਵੇਗਾ। ਬਾਰਡਰ ਸਕਿਓਰਿਟੀ ਨੂੰ ਮਜ਼ਬੂਤ ਕਰਨ ਅਤੇ ਆਧੁਨਿਕੀਕਰਨ ਉੱਪਰ ਅਗਲੇ 5 ਸਾਲ ਵਿਚ 1.2 ਅਰਬ ਡਾਲਰ ਖ਼ਰਚੇ ਜਾਣਗੇ। ਕੈਨੇਡੀਅਨ ਡਰੱਗ ਏਜੰਸੀ ਦਾ ਗਠਨ ਕੀਤਾ ਜਾਵੇਗਾ ਅਤੇ ਥੋਕ ਵਿਚ ਦਵਾਈਆਂ ਖ਼ਰੀਦਣ ਲਈ ਇਸ ਏਜੰਸੀ ਦੀ ਮਦਦ ਲੈਣੀ ਪਵੇਗੀ ਅਤੇ ਮਹਿੰਗੀਆਂ ਦਵਾਈਆਂ ਦੀ ਖ਼ਰੀਦਦਾਰੀ ਲਈ ਰਾਸ਼ਟਰੀ ਨੀਤੀ ਬਣਾਈ ਜਾਵੇਗੀ।
ਇਸ ਕੰਮ ਲਈ 35 ਅਰਬ ਡਾਲਰ ਰੱਖੇ ਗਏ ਹਨ।ਭਿਆਨਕ ਬਿਮਾਰੀਆਂ ਦੇ ਪੀੜਤ ਮਰੀਜ਼ਾਂ ਵਾਸਤੇ ਬਹੁਤ ਮਹਿੰਗੀਆਂ ਦਵਾਈਆਂ ਖ਼ਰੀਦਣ ਵਿਚ ਮਦਦ ਲਈ ਇਕ ਅਰਬ ਡਾਲਰ ਰਾਖਵੇਂ ਰੱਖੇ ਜਾਣਗੇ ਪਰ ਇਹ ਰਕਮ 2022 ਤਕ ਨਹੀਂ ਮਿਲੇਗੀ।ਏਅਰਪੋਰਟ ਸਕਿਓਰਿਟੀ ਸਕਰੀਨਿੰਗ ਏਜੰਸੀ ‘ਕੈਟਸਾ’ ਨੂੰ ਸਰਕਾਰੀ ਦਬਾਅ ਤੋਂ ਮੁਕਤ ਕੀਤਾ ਜਾਵੇਗਾ ਅਤੇ ਅਗਲੇ 2 ਸਾਲਾਂ ਵਿਚ ਏਜੰਸੀ ਨੂੰ 597 ਮਿਲੀਅਨ ਡਾਲਰ ਦੀ ਵਾਧੂ ਰਕਮ ਜਾਰੀ ਕੀਤੀ ਜਾਵੇਗੀ। ਘੱਟ ਕਮਾਈ ਕਰਨ ਵਾਲੇ ਸੀਨੀਅਰ ਸਿਟੀਜ਼ਨਜ਼ ਨੂੰ ‘ਗਾਰੰਟੀ ਇੰਸ਼ੋਰਡ ਇਨਕਮ’ ਵਿਚੋਂ ਕਟੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਜਰਨਲਿਜ਼ਮ ਨੂੰ ਸਪੋਟ ਕਰਨ ਵਾਸਤੇ 595 ਮਿਲੀਅਨ ਡਾਲਰ ਖ਼ਰਚੇ ਜਾਣਗੇ ਤੇ ਇਸ ਵਿਚ 15% ਟੈਕਸ ਕ੍ਰੈਡਿਟ ਨਵੀਆਂ ਸਬਸਕ੍ਰਿਪਸ਼ਨਾਂ ਵਾਸਤੇ ਹੋਵੇਗਾ। ਸਾਲ 2030 ਤਕ ਸਾਰੇ ਕੈਨੇਡੀਅਨਜ਼ ਨੂੰ ਹਾਈ ਸਪੀਡ ਇੰਟਰਨੈੱਟ ਸੁਵਿਧਾ ਦਿੱਤੀ ਜਾਵੇਗੀ।
ਪਹਿਲੀ ਵਾਰ ਘਰ ਖਰੀਦਣ ਵਾਲਿਆਂ ਵਾਸਤੇ 10 ਫੀਸਦੀ ਦੀ ਰਾਹਤ
ਵਿੱਤ ਮੰਤਰੀ ਬਿਲ ਮੌਰਨਿਊ ਨੇ ਐਲਾਨ ਕੀਤਾ ਹੈ ਕਿ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਵਾਸਤੇ ਸ਼ੇਅਰਡ ਐਕੁਇਟੀ ਮੌਰਗੇਜ ਪ੍ਰੋਗਰਾਮ ਲਿਆਂਦਾ ਜਾਵੇਗਾ ਜਿਸ ਉੱਪਰ 1.25 ਅਰਬ ਡਾਲਰ ਅਗਲੇ ਤਿੰਨ ਸਾਲਾਂ ਵਿਚ ਖ਼ਰਚੇ ਜਾਣਗੇ। ਇਸ ਨਾਲ ਘਰ ਦੀ ਕੀਮਤ ਦਾ 10% ਬੋਝ ਘੱਟ ਕੀਤਾ ਜਾ ਸਕੇਗਾ।ਪਹਿਲੀ ਵਾਰ ਘਰ ਖ਼ਰੀਦਣ ਵਾਲੇ ਹੁਣ ਆਰਈਐੱਸਪੀ ਫੰਡ ਵਿਚੋਂ 25 ਹਜ਼ਾਰ ਦੀ ਥਾਂ 35 ਹਜ਼ਾਰ ਡਾਲਰ ਕਢਵਾ ਸਕਣਗੇ।
ਸਟੂਡੈਂਟ ਲੋਨ ਦਾ ਵਿਆਜ ਹੁਣ ਪ੍ਰਾਈਮ ਰੇਟ ‘ਤੇ
ਕੈਨੇਡਾ ਸਟੂਡੈਂਟ ਲੋਨ ਦਾ ਵਿਆਜ ਹੁਣ ਪ੍ਰਾਈਮ ਰੇਟ ‘ਤੇ ਆਵੇਗਾ ਅਤੇ ਗ੍ਰੈਜੂਏਸ਼ਨ ਪੂਰੀ ਹੋਣ ਤੋਂ 6 ਮਹੀਨੇ ਤਕ ਵਿਆਜ ਨਹੀਂ ਲਿਆ ਜਾਵੇਗਾ। ਇਲੈਕਟ੍ਰਿਕ ਵਾਹਨ ਖ਼ਰੀਦਣ ‘ਤੇ 5000 ਡਾਲਰ ਤਕ ਦਾ ਕ੍ਰੈਡਿਟ ਦਿੱਤਾ ਜਾਵੇਗਾ ਪਰ ਵਹੀਕਲ ਦੀ ਕੀਮਤ 45 ਹਜ਼ਾਰ ਡਾਲਰ ਤਕ ਹੋਣੀ ਚਾਹੀਦੀ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …