Breaking News
Home / ਸੰਪਾਦਕੀ / ਅੰਧਾ ਆਗੂ ਜੇ ਥੀਐ

ਅੰਧਾ ਆਗੂ ਜੇ ਥੀਐ

ਫਾਜ਼ਿਲਕਾ ਤੋਂ ਨੌਜਵਾਨ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਲੋਂ ਇਕ ਔਰਤ ਪੁਲਿਸ ਅਧਿਕਾਰੀ ਨਾਲ ਮੋਬਾਇਲ ਫ਼ੋਨ ‘ਤੇ ਗ਼ੈਰ-ਇਖ਼ਲਾਕੀ ਵਿਹਾਰ ਦਾ ਮਾਮਲਾ ਇਸ ਵੇਲੇ ਪੰਜਾਬ ‘ਚ ਭਖਿਆ ਹੋਇਆ ਹੈ। ਇਹੀ ਨਹੀਂ, ਸੋਸ਼ਲ ਮੀਡੀਆ ‘ਤੇ ਸੰਸਾਰ ਭਰ ‘ਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਇਹ ਮਸਲਾ ਚਰਚਾ ‘ਚ ਹੈ। ਫ਼ਾਜ਼ਿਲਕਾ ਤੋਂ ਨੌਜਵਾਨ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਪੰਜਾਬ ਦਾ ਸਭ ਤੋਂ ਛੋਟੀ ਉਮਰ ਦਾ ਵਿਧਾਇਕ ਹੈ ਅਤੇ ਉਹ ਫ਼ਿਰੋਜ਼ਪੁਰ ਤੋਂ ਅਕਾਲੀ ਲੋਕ ਸਭਾ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਪੁੱਤਰ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਆਡੀਓ ‘ਚ ਨੌਜਵਾਨ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਇਕ ਔਰਤ ਥਾਣਾ ਮੁਖੀ ਨੂੰ ਫ਼ੋਨ ਕਰਕੇ ਕਿਸੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਤੰਗ ਕਰਨ ਦੇ ਦੋਸ਼ ਲਾ ਰਿਹਾ ਹੈ। ਅੱਗੋਂ ਔਰਤ ਥਾਣਾ ਮੁਖੀ ਇਹ ਉਲਾਂਭਾ ਦੇ ਰਹੀ ਹੈ ਕਿ ਨੌਜਵਾਨ ਕੋਲੋਂ ਉਸ ਨੇ ਮੋਟਰਸਾਈਕਲ ਦੇ ਕਾਗਜ਼ ਮੰਗੇ ਸਨ ਪਰ ਉਹ ਅੱਗੋਂ ਉਸ ਦੇ ਨਾਲ ਦੁਰਵਿਹਾਰ ‘ਤੇ ਉਤਰ ਆਇਆ। ਔਰਤ ਪੁਲਿਸ ਅਧਿਕਾਰੀ ਕਾਂਗਰਸੀ ਵਿਧਾਇਕ ਨਾਲ ਰੋਸ ਕਰ ਰਹੀ ਹੈ ਕਿ ਮੈਂ ਥਾਣਾ ਮੁਖੀ ਬੇਇੱਜ਼ਤੀ ਕਰਵਾਉਣ ਲਈ ਨਹੀਂ ਲੱਗੀ। ਇਸ ਤੋਂ ਬਾਅਦ ਤੈਸ਼ ‘ਚ ਆ ਕੇ ਨੌਜਵਾਨ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਔਰਤ ਪੁਲਿਸ ਅਧਿਕਾਰੀ ਨੂੰ ‘ਆਪਣਾ ਜੁੱਲੀ-ਬਿਸਤਰਾ ਬੰਨ੍ਹ ਰੱਖਣ’ ਦੀ ਧਮਕੀ ਦੇ ਦਿੰਦਾ ਹੈ। ਇਸ ਆਡੀਓ ‘ਚ ਨੌਜਵਾਨ ਕਾਂਗਰਸੀ ਵਿਧਾਇਕ ਔਰਤ ਪੁਲਿਸ ਅਧਿਕਾਰੀ ਨਾਲ ਬੜੇ ਰੁੱਖੇ ਅਤੇ ਹੰਕਾਰ ਭਰੇ ਲਹਿਜੇ ਵਿਚ ਗੱਲ ਕਰਦਾ ਸੁਣਾਈ ਦਿੰਦਾ ਹੈ। ਇਸ ਆਡੀਓ ਨੂੰ ਲੈ ਕੇ ਜਿੱਥੇ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਗੁੱਸਾ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ‘ਤੇ ਨਿਕਲ ਰਿਹਾ ਹੈ ਉਥੇ ਵਿਰੋਧੀ ਸਿਆਸੀ ਪਾਰਟੀਆਂ ਵੀ ਕਾਂਗਰਸੀ ਪਾਰਟੀ ਨੂੰ ਘੇਰਨ ਦੇ ਯਤਨ ਕਰ ਰਹੀਆਂ ਹਨ।
ਇਸ ਸੰਦਰਭ ‘ਚ ਜ਼ਿਕਰ ਕਰਨਾ ਬਣਦਾ ਹੈ ਕਿ ਪਿਛਲੇ ਸਾਲ ਹੋਈਆਂ ਪੰਜਾਬ ਚੋਣਾਂ ‘ਚ ਪੰਜਾਬ ਦੇ ਲੋਕਾਂ ਨੇ ਲਗਾਤਾਰ 10 ਸਾਲ ਰਾਜ ਕਰਨ ਵਾਲੀ ਅਕਾਲੀ-ਭਾਜਪਾ ਨੂੰ ਇਸ ਕਰਕੇ ਸੱਤਾ ਤੋਂ ਲਾਂਭੇ ਕੀਤਾ ਸੀ ਕਿ ਉਸ ਦੀ ਸਰਕਾਰ ਵੇਲੇ ਅਮਨ-ਕਾਨੂੰਨ ਵਿਵਸਥਾ ਨੂੰ ਰਾਜਨੀਤਕ ਤਾਣੇ-ਬਾਣੇ ਨੇ ਬੁਰੀ ਤਰ੍ਹਾਂ ਨਕਾਰ ਕੇ ਰੱਖ ਦਿੱਤਾ ਸੀ। ਥਾਣਿਆਂ ਵਿਚ ਪੁਲਿਸ ਅਧਿਕਾਰੀਆਂ ਦੀ ਘੱਟ, ਅਕਾਲੀ ਆਗੂਆਂ ਦੀ ਜ਼ਿਆਦਾ ਚੱਲਦੀ ਸੀ। ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਥਾਣੇਦਾਰ ਤਾਂ ਸਿਰਫ਼ ਸੱਤਾਧਾਰੀਆਂ ਦੀ ਚਾਕਰੀ ਲਈ ਹੀ ਰੱਖੇ ਹੋਏ ਹਨ, ਅਸਲ ਥਾਣੇਦਾਰ ਤਾਂ ਅਕਾਲੀ ਜਥੇਦਾਰ ਬਣੇ ਹੋਏ ਸਨ। ਛੋਟੇ-ਮੋਟੇ ਲੜਾਈ-ਝਗੜੇ ਤੋਂ ਲੈ ਕੇ ਕਤਲਾਂ ਤੱਕ ਦੇ ਮੁਕੱਦਮੇ ਉਦੋਂ ਤੱਕ ਥਾਣਿਆਂ ਵਿਚ ਦਰਜ ਨਹੀਂ ਹੁੰਦੇ ਸਨ, ਜਦੋਂ ਤੱਕ ਅਕਾਲੀ ਦਲ ਦੇ ਹਲਕਾ ਇੰਚਾਰਜ ਇਸ਼ਾਰਾ ਨਹੀਂ ਕਰਦੇ ਸਨ। ਸਿਆਸੀ ਰੰਜ਼ਿਸ਼ਾਂ ਕਾਰਨ ਪੁਲਿਸ ਰਾਹੀਂ ਲੋਕਾਂ ‘ਤੇ ਝੂਠੇ ਮੁਕੱਦਮੇ ਦਰਜ ਕਰਵਾਏ ਗਏ, ਉਹ ਇਕ ਵੱਖਰਾ ਮਸਲਾ ਹੈ। ਇਸ ਤਰ੍ਹਾਂ ਦੀ ਅਨਾਰਕੀ ਕਾਰਨ ਹੀ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਨੂੰ ਬੁਰੀ ਤਰ੍ਹਾਂ ਸੱਤਾ ਤੋਂ ਲਾਂਭੇ ਕਰਕੇ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਤਾਇਆ ਸੀ। ਕਾਂਗਰਸ ਸਰਕਾਰ ਬਣਨ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸਤੰਤਰ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਨ ਦੀ ਦਿਸ਼ਾ ‘ਚ ਕੁਝ ਅਹਿਮ ਕਦਮ ਵੀ ਚੁੱਕੇ ਸਨ, ਜਿਵੇਂ ਕਿ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਿਆਂ ਮੁਤਾਬਕ ਥਾਣਿਆਂ ਦੀ ਕੀਤੀ ਹਦਬੰਦੀ ਨੂੰ ਭੰਗ ਕਰਨਾ ਅਤੇ ਹਲਕਾ ਇੰਚਾਰਜਾਂ ਦਾ ਸੱਭਿਆਚਾਰ ਖ਼ਤਮ ਕਰਨਾ। ਪਰ ਹੁਣ ਦੇਖਣ ‘ਚ ਆ ਰਿਹਾ ਹੈ ਕਿ ਕਾਂਗਰਸੀ ਆਗੂਆਂ ਅਤੇ ਵਿਧਾਨਕਾਰਾਂ ਦੇ ਸਿਰਾਂ ਨੂੰ ਵੀ ਉਸੇ ਤਰ੍ਹਾਂ ਸੱਤਾ ਦਾ ਹੰਕਾਰ ਚੜ੍ਹਨ ਲੱਗ ਪਿਆ ਹੈ, ਜਿਸ ਤਰ੍ਹਾਂ ਪਿਛਲੇ ਦਸ ਸਾਲ ਅਕਾਲੀਆਂ ਨੂੰ ਸੀ। ਫ਼ਾਜ਼ਿਲਕਾ ਤੋਂ ਕਾਂਗਰਸੀ ਵਿਧਾਇਕ ਵਲੋਂ ਇਕ ਔਰਤ ਪੁਲਿਸ ਅਧਿਕਾਰੀ ਨਾਲ ਦੁਰਵਿਹਾਰ ਤੋਂ ਪਹਿਲਾਂ ਵੀ ਕਈ ਕਾਂਗਰਸੀ ਆਗੂਆਂ ਦੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਦਰਅਸਲ ਲੋਕ ਹਿੱਤਾਂ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਭਾਰਤੀ ਰਾਜਨੀਤੀ ਨੇ ਆਪਣੇ ਸੌੜੇ ਹਿੱਤਾਂ ਲਈ ਸਮਾਜਿਕ ਤਾਣੇ-ਬਾਣੇ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਵੀ ਬੁਰੀ ਤਰ੍ਹਾਂ ਵਲੂੰਧਰ ਕੇ ਰੱਖ ਦਿੱਤਾ ਹੈ। ਪਿੰਡਾਂ, ਸ਼ਹਿਰਾਂ ‘ਚ ਸਮਾਜਿਕ ਭਾਈਚਾਰਾ, ਸਾਕ-ਸਕੀਰੀਆਂ ਅਤੇ ਭਰਾ-ਭਰਾਤਰੀ ਦੀਆਂ ਸੱਭਿਅਕ ਰੀਤਾਂ ਜਿਵੇਂ ਖੰਭ ਲਾ ਕੇ ਉਡ ਗਈਆਂ ਹੋਣ। ਸਿਆਸਤ ਨੇ ਸਮਾਜ ‘ਚ ਨਫ਼ਰਤ ਦਾ ਛਿੱਟਾ ਬੜੀ ਕਾਮਯਾਬੀ ਨਾਲ ਦਿੱਤਾ ਹੈ।
ਕਿਸੇ ਸੱਭਿਅਕ ਸਮਾਜ ਤੇ ਚੰਗੇ ਲੋਕਤੰਤਰ ਵਿਚ ਰਾਜਨੀਤਕ ਆਗੂਆਂ ਤੋਂ ਅਜਿਹੇ ਵਿਹਾਰ ਦੀ ਉਮੀਦ ਕਤਈ ਨਹੀਂ ਕੀਤੀ ਜਾ ਸਕਦੀ ਕਿ ਜਿਸ ਨਾਲ ਸਮਾਜ ਤੇ ਤਹਿਜ਼ੀਬ ਨੂੰ ਸ਼ਰਮਸਾਰ ਹੋਣਾ ਪਵੇ। ਸਿਆਸਤਦਾਨ ਦਾ ਇਖਲਾਕ ਬਹੁਤ ਉਚਾ-ਸੁੱਚਾ, ਸਮਾਜਿਕ ਵਿਹਾਰ ਦਰਵੇਸ਼ਾਂ ਜੇਹਾ ਤੇ ਮਾਨਸਿਕਤਾ ਨਿਰਮਲ ਹੋਣੀ ਚਾਹੀਦੀ ਹੈ। ‘ਸੱਤਾ’ ਦਾ ਸੁੱਖ ਮਾਨਣਾ ਤਾਂ ਸੌਖਾ ਹੈ ਪਰ ਸੱਤਾ ਦੇ ‘ਰੱਬ ਵਰਗੇ’ ਫ਼ਰਜ਼ ਨਿਭਾਉਣਾ ਬਹੁਤ ਔਖਾ ਹੈ। ਰਾਜ ਧਰਮ ਦੀ ਮਰਿਆਦਾ ਇਹ ਸਿਖਾਉਂਦੀ ਹੈ ਕਿ ਰਾਜਸੱਤਾ ‘ਤੇ ਬੈਠੇ ਹਾਕਮ ਦੇ ਹੱਥ ਵਿਚ ਤੱਕੜੀ ਤੇ ਦਿਲ ਵਿਚ ਰੱਬ ਹੋਵੇ। ਉਸ ਦਾ ਕਾਨੂੰਨ ਸਾਰਿਆਂ ਲਈ ਇਕ ਹੋਵੇ ਤੇ ਉਸ ਦੀ ਅੱਖ ਸਾਰਿਆਂ ਨੂੰ ਇਕ ਕਰਕੇ ਦੇਖੇ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਪਵਿੱਤਰ ਫ਼ੁਰਮਾਨ ਹੈ ਕਿ ਜੇਕਰ ਆਗੂ ਹੀ ਅੰਨ੍ਹਾ ਹੋਵੇ ਤਾਂ ਲੋਕਾਂ ਨੂੰ ਸਹੀ ਰਸਤਾ ਕਿਵੇਂ ਲੱਭ ਸਕਦਾ ਹੈ? ਸਾਡੀ ਇਹ ਮਨੁੱਖੀ ਦੁਨੀਆ ਇਕ ‘ਪਿੰਡ’ ਦੀ ਨਿਆਈਂ ਹੈ ਤੇ ਇਸ ਪਿੰਡ ਦੇ ਲੋਕਾਂ ਨੇ ਹਜ਼ਾਰਾਂ ਸਾਲਾਂ ਦੇ ਆਪਣੀ ਸੱਭਿਅਤਾ ਦੇ ਵਿਕਾਸ ਦੌਰਾਨ ਸੁਹਜ ਤੇ ਸਮਝ ਨੂੰ ਵੀ ਨਿਖਾਰਿਆ ਹੈ। ਲਿੰਗ, ਜਾਤ-ਪਾਤ, ਊਚ-ਨੀਚ, ਅਮੀਰੀ ਤੇ ਗਰੀਬੀ ਦਾ ਪਾੜਾ ਖ਼ਤਮ ਕਰਕੇ ਅਜਿਹੇ ਸਮਾਜ ਦੀ ਸਿਰਜਣਾ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿਚ ਹਰੇਕ ਦਾ ਆਤਮ-ਸਨਮਾਨ ਕਾਇਮ ਰਹੇ ਅਤੇ ਮਨੁੱਖੀ ਅਧਿਕਾਰਾਂ ਦੀ ਬਿਹਤਰੀਨ ਰਖਵਾਲੀ ਹੋਵੇ। ਇਨ੍ਹਾਂ ਹੀ ਚੰਗੇ ਉਦੇਸ਼ਾਂ ਵਾਲੇ ਆਦਰਸ਼ਕ ਸਮਾਜ ਦੀ ਸਿਰਜਣਾ ਲਈ ਸਮੇਂ-ਸਮੇਂ ਸਾਡੇ ਅਵਤਾਰ, ਰਿਸ਼ੀ-ਮੁੰਨੀ, ਗੁਰੂ, ਭਗਤ ਤੇ ਪੀਰ ਦੁਨੀਆ ਰੂਪੀ ਪਿੰਡ ‘ਤੇ ਆਏ ਹਨ। ਪਰ ਰਾਜਸੱਤਾ ‘ਤੇ ਕਾਬਜ਼ ਅਣਮਨੁੱਖੀ ਪ੍ਰਵਿਰਤੀ ਦੇ ਮਾਲਕ ਸਮੇਂ-ਸਮੇਂ ਦੇ ਤਾਨਾਸ਼ਾਹ ਹਾਕਮਾਂ ਨੇ ਸੱਤਾ ਦੇ ਗਰੂਰ ‘ਚ ਅੰਨ੍ਹੇ ਹੋ ਕੇ ਮਨੁੱਖੀ ਅਧਿਕਾਰਾਂ ਨੂੰ ਕੁਚਲਣ, ਦੂਜਿਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਅਤੇ ਜ਼ਰ, ਜ਼ੋਰੂ ਤੇ ਜ਼ਮੀਨ ‘ਤੇ ਕਬਜ਼ੇ ਜਮਾਉਣ ‘ਚ ਕੋਈ ਕਸਰ ਨਹੀਂ ਛੱਡੀ। ਬੇਸ਼ੱਕ ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਹਾਉਂਦਾ ਹੈ ਪਰ ਆਜ਼ਾਦੀ ਤੋਂ ਪੌਣੀ ਸਦੀ ਬਾਅਦ ਵੀ ਭਾਰਤ ਵਿਚ ਲੋਕਤੰਤਰੀ ਹਾਕਮਾਂ ਦੀ ਮਾਨਸਿਕਤਾ ਅੰਦਰ ਅਜੇ ਤੱਕ ਤਾਨਾਸ਼ਾਹਾਂ ਵਾਲਾ ਹੰਕਾਰ ਤੇ ਹੈਵਾਨ ਹੀ ਵੱਸਿਆ ਹੋਇਆ ਹੈ। ਜਿਸ ਕਰਕੇ ਹੀ ਉਪਰਲੀਆਂ ਘਟਨਾਵਾਂ ਵਰਗੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ ਤੇ ਪਰਜਾ ਦਾ ਸਵੈਮਾਣ, ਇੱਜ਼ਤ ਅਤੇ ਮਾਨਵੀ ਅਧਿਕਾਰ ਹਾਕਮ ਸ਼੍ਰੇਣੀ ਦੇ ਅਹਿਲਕਾਰਾਂ ਦੀਆਂ ਹੰਕਾਰ ਰੂਪੀ ਜੁੱਤੀਆਂ ਹੇਠਾਂ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਜਦੋਂ ਤੱਕ ਹਉਮੈ ‘ਚ ਅੰਨ੍ਹੇ ਹੋਏ ਆਗੂ ਇਖ਼ਲਾਕਹੀਣਤਾ ਦਾ ਮੁਜ਼ਾਹਰਾ ਕਰਦੇ ਰਹਿਣਗੇ, ਉਦੋਂ ਤੱਕ ਭਾਰਤੀ ਸਮਾਜ ਨੂੰ ਵਧੇਰੇ ਸੱਭਿਅਕਤਾ, ਨੈਤਿਕਤਾ ਤੇ ਸੁਹਜ ਦਾ ਪਾਠ ਪੜ੍ਹਾਉਣ ਦੀਆਂ ਗੱਲਾਂ ਨਿਰੀਆਂ ਖਿਆਲੀ ਪੁਲਾਓ ਹਨ।

Check Also

ਭਾਰਤ ਵਿਚ ਵਧਦੀ ਫਿਰਕੂ ਹਿੰਸਾ

ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …