-5.8 C
Toronto
Sunday, January 18, 2026
spot_img
Homeਕੈਨੇਡਾਕੈਲੇਡਨ ਵਾਰਡ-2 ਦੇ ਸਿਟੀ ਕਾਊਂਸਲਰ ਉਮੀਦਵਾਰ ਸੰਦੀਪ ਸਿੰਘ ਦੀ ਚੋਣ-ਮੁਹਿੰਮ ਪੂਰੇ ਜੋਬਨ...

ਕੈਲੇਡਨ ਵਾਰਡ-2 ਦੇ ਸਿਟੀ ਕਾਊਂਸਲਰ ਉਮੀਦਵਾਰ ਸੰਦੀਪ ਸਿੰਘ ਦੀ ਚੋਣ-ਮੁਹਿੰਮ ਪੂਰੇ ਜੋਬਨ ‘ਤੇ

ਬਰੈਂਪਟਨ/ਡਾ. ਝੰਡ : 22 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਕੈਲੇਡਨ ਦੇ ਵਾਰਡ-2 ਤੋਂ ਕਾਊਂਸਲਰ ਲਈ ਚੋਣ ਲੜ ਰਹੇ ਉਮੀਦਵਾਰ ਸੰਦੀਪ ਸਿੰਘ ਨੂੰ ਲੋਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਆਪਣੀਆਂ ਚੋਣ-ਸਰਗ਼ਰਮੀਆਂ ਕਾਫ਼ੀ ਤੇਜ਼ ਕਰ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਵਾਲੰਟੀਅਰ ਲੋਕਾਂ ਦੇ ਘਰੋ-ਘਰੀਂ ਜਾ ਕੇ ਉਨ੍ਹਾਂ ਦੇ ਦਰਵਾਜ਼ਿਆਂ ਦੀਆਂ ਬੈੱਲਾਂ ਦੇ ਕੇ ਉਨ੍ਹਾਂ ਨੂੰ ਵੋਟਾਂ ਲਈ ਪਰੇਰ ਰਹੇ ਹਨ ਜਿਸ ਦਾ ਲੋਕ ਵਧੀਆ ਹੁੰਗਾਰਾ ਭਰ ਰਹੇ ਹਨ। ਇਸ ਨਾਲ ਵਾਲੰਟੀਅਰਾਂ ਦਾ ਵੀ ਕਾਫ਼ੀ ਉਤਸ਼ਾਹ ਵਧਿਆ ਹੈ ਅਤੇ ਉਹ ਹੁਣ ਅੱਗੇ ਨਾਲੋਂ ਵੀ ਵਧ ਚੜ੍ਹ ਕੇ ਸੰਦੀਪ ਸਿੰਘ ਦੀ ਚੋਣ-ਮੁਹਿੰਮ ਵਿਚ ਹਿੱਸਾ ਲੈ ਰਹੇ ਹਨ।
ਇੱਥੇ ਇਹ ਜ਼ਿਕਰਯੋਗ ਹੈ ਕਿ ਤਿੰਨ-ਚਾਰ ਹਫ਼ਤੇ ਪਹਿਲਾਂ ਸੰਦੀਪ ਸਿੰਘ ਨੂੰ ਆਪਣੇ ਸਿੱਖੀ ਸਰੂਪ ਕਾਰਨ ਕਈ ਥਾਵਾਂ ‘ਤੇ ਨਸਲਵਾਦੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਬੰਧੀ ਪਹਿਲੀ ਮੰਦਭਾਗੀ ਘਟਨਾ ਤਾਂ ਉਨ੍ਹਾਂ ਵੱਲੋਂ ਉਮੀਦਵਾਰੀ ਐਲਾਨਣ ਤੋਂ ਪਹਿਲਾਂ ਹੀ ਵਾਪਰ ਗਈ ਜਦੋਂ ਇਕ ਔਰਤ ਦਾ ਉਨ੍ਹਾਂ ਨੂੰ ਫ਼ੋਨ ਆਇਆ ਕਿ ਕੈਲੇਡਨ ਵਿਚ ਚੋਣ ਲੜਨ ਲਈ ਉਨ੍ਹਾਂ ਨੂੰ ਕਲੀਨ-ਸ਼ੇਵਨ ਹੋਣਾ ਜ਼ਰੂਰੀ ਹੈ। ਫਿਰ ਚੋਣ-ਮੁਹਿੰਮ ਸ਼ੁਰੂ ਕਰਦਿਆਂ ਹੀ ਉਨ੍ਹਾਂ ਦੇ ਵਾਲੰਟੀਅਰਾਂ ਨੂੰ ਦੋ ਹੋਰ ਨਸਲੀ ਵਿਤਕਰੇ ਵਾਲੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਸੰਦੀਪ ਸਿੰਘ ਦੇ ਫ਼ਲਾਇਰ ਪਾਉਂਦਿਆਂ ਉਨ੍ਹਾਂ ਨੂੰ ਇਕ ਘਰ ਦੇ ਅੰਦਰੋਂ ਰੋੜੇ ਮਾਰੇ ਗਏ ਅਤੇ ਇਕ ਹੋਰ ਘਰ ਦੇ ਮਾਲਕ ਵੱਲੋਂ ਪਾਲਤੂ ਕੁੱਤੇ ਨੂੰ ਭੌਂਕਣ ਲਈ ਛਿਛਕਾਰ ਕੇ ਉਨ੍ਹਾਂ ਉੱਪਰ ਹਮਲਾ ਕਰਨ ਲਈ ਉਕਸਾਇਆ ਗਿਆ। ਪਰ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਵਾਲੰਟੀਅਰਾਂ ਵੱਲੋਂ ਇਨ੍ਹਾਂ ਵਿੱਚੋਂ ਕੋਈ ਵੀ ਘਟਨਾ ਪੋਲੀਸ ਨੂੰ ਰਿਪੋਰਟ ਨਹੀਂ ਕੀਤੀ ਗਈ, ਸਗੋਂ ਇਨ੍ਹਾਂ ਨੂੰ ਪ੍ਰੇਮ-ਪਿਆਰ ਨਾਲ ਹੀ ਨਜਿੱਠਿਆ ਗਿਆ।
ਸੰਦੀਪ ਸਿੰਘ ਵੱਲੋਂ ਵਿਖਾਈ ਗਈ ਇਸ ਦੂਰ-ਅੰਦੇਸ਼ੀ ਦਾ ਬਹੁਤ ਵੀ ਵਧੀਆ ਪ੍ਰਭਾਵ ਕੈਲੇਡਨ-ਵਾਸੀਆਂ ਉੱਪਰ ਪਿਆ ਹੈ ਜਿਸ ਦੇ ਨਤੀਜੇ ਵਜੋਂ ਹੁਣ ਸੰਦੀਪ ਸਿੰਘ ਦੇ ਵੱਡੇ ਅਤੇ ਛੋਟੇ ਸਾਈਨ-ਬੋਰਡ ਚਾਰ-ਚੁਫੇਰੇ ਨਜ਼ਰ ਆ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਹ ਚੋਣ ਭਾਰੀ ਬਹੁ-ਮੱਤ ਨਾਲ ਜਿੱਤਣਗੇ। ਇਹ ਵਰਨਣਯੋਗ ਹੈ ਕਿ ਸੰਦੀਪ ਸਿੰਘ ਅੰਮ੍ਰਿਤਧਾਰੀ ਸਿੱਖ ਹਨ। ਉਹ ਕੈਲੇਡਨ ਵਿਚ ਪਿਛਲੇ 10 ਸਾਲ ਤੋਂ ਰਹਿ ਰਹੇ ਹਨ ਅਤੇ ਉਹ ਇਸ ਸ਼ਹਿਰ ਤੇ ਇਸ ਦੀ ਕੁਦਰਤੀ ਸੁੰਦਰਤਾ ਨੂੰ ਬੇਹੱਦ ਪਿਆਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇਕ ਦੂਸਰੇ ਨਾਲ ਪ੍ਰੇਮ-ਪਿਆਰ ਨਾਲ ਰਹਿਣਾ ਚਾਹੀਦਾ ਹੈ ਅਤੇ ਕਦੇ ਵੀ ਨਫ਼ਰਤ ਦਾ ਜੁਆਬ ਨਫ਼ਰਤ ਨਾਲ ਨਹੀਂ ਦੇਣਾ ਚਾਹੀਦਾ। ਪਿਆਰ ਸੱਭ ਤੋਂ ਵਧੀਆ ਹਥਿਆਰ ਹੈ ਅਤੇ ਇਸ ਨਾਲ ਅਸੀਂ ਹਰੇਕ ਦਾ ਦਿਲ ਜਿੱਤ ਸਕਦੇ ਹਾਂ। ਉਨ੍ਹਾਂ ਦੇ ਇਸ ਪ੍ਰੇਮ-ਸੰਦੇਸ਼ ਦਾ ਅਸਰ ਲੋਕਾਂ ਵੱਲੋਂ ਹਾਂ-ਪੱਖੀ ਹੁੰਗਾਰੇ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।

RELATED ARTICLES
POPULAR POSTS