Breaking News
Home / ਕੈਨੇਡਾ / ਕਾਫ਼ਲੇ ਦੀ ਮੀਟਿੰਗ ‘ਚ ਮਹੱਤਵਪੂਰਨ ਗੱਲਬਾਤ ਨੂੰ ਭਰਵਾਂ ਹੁੰਗਾਰਾ

ਕਾਫ਼ਲੇ ਦੀ ਮੀਟਿੰਗ ‘ਚ ਮਹੱਤਵਪੂਰਨ ਗੱਲਬਾਤ ਨੂੰ ਭਰਵਾਂ ਹੁੰਗਾਰਾ

ਬਰੈਂਪਟਨ/ਬਿਊਰੋ ਨਿਊਜ਼ : ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਮਈ ਮਹੀਨੇ ਦੀ ਇਕੱਤਰਤਾ ਨਵੇਂ ਚੁਣੇ ਗਏ ਸੰਚਾਲਕਾਂ: ਕੁਲਵਿੰਦਰ ਖਹਿਰਾ, ਬ੍ਰਜਿੰਦਰ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਅਗਵਾਈ ਹੇਠ ਇੱਕ ਸਫ਼ਲ ਇਕੱਤਰਤਾ ਹੋ ਨਿੱਬੜੀ ਜਿਸ ਵਿੱਚ ਦਿੱਲੀ ਤੋਂ ਸਾਹਿਤ ਅਕੈਡਮੀ ਦੇ ਕਨਵੀਨਰ ਡਾ. ਵਨੀਤਾ, ਖੇਤੀਬਾੜੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫ਼ੈਸਰ ਡਾ. ਦਵਿੰਦਰ ਲੱਧੜ, ਅਤੇ ਡਾ. ਸੁਰਜੀਤ ਪਾਤਰ ਦੇ ਭਰਾ ਅਤੇ ਨਾਮਵਰ ਗਾਇਕ ਉਪਕਾਰ ਸਿੰਘ ਨਾਲ਼ ਗੱਲਬਾਤ ਹੋਈ।
ਮੀਟਿੰਗ ਸ਼ੁਰੂ ਹੋਣ ‘ਤੇ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਕੁਲਵਿੰਦਰ ਖਹਿਰਾ ਦੇ ਪਿਤਾ ਜੀ ਦੀ ਮੌਤ ‘ਤੇ ਦੁੱਖ ਦਾ ਪਰਗਟਾਵਾ ਕਰਦਿਆਂ ਹੋਇਆਂ ਦੋ ਮਿੰਟ ਦਾ ਮੌਨ ਰਖਵਾਇਆ ਗਿਆ। ਇਸਤੋਂ ਬਾਅਦ ਡਾ.ਵਨੀਤਾ ਅਤੇ ਡਾ. ਲੱਧੜ ਨੂੰ ਸਟੇਜ ‘ਤੇ ਬੁਲਾਉਂਦਿਆਂ ਕੁਲਵਿੰਦਰ ਖਹਿਰਾ ਨੇ ਅਗਲੇ ਸਾਲ ਦੀਆਂ ਮੀਟਿੰਗਾਂ ਦਾ ਅਜੰਡਾ ਪੇਸ਼ ਕੀਤਾ ਜਿਸਨੂੰ ਹਾਜ਼ਰ ਮੈਂਬਰਾਂ ਵੱਲੋਂ ਪਰਵਾਨ ਕੀਤਾ ਗਿਆ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਕਾਫ਼ਲੇ ਦਾ ਮਕਸਦ ਕੇਵਲ ਮੈਂਬਰਾਂ ਦੀ ਗਿਣਤੀ ਵਧਾਉਣਾ ਨਹੀਂ ਸਗੋਂ ਸਾਰਥਿਕ ਵਿਚਾਰ-ਚਰਚਾ ਰਾਹੀਂ ਇਸ ਗੱਲ ਦਾ ਉਪਰਾਲਾ ਕਰਨਾ ਹੈ ਕਿ ਅਸੀਂ ਪੰਜਾਬੀ, ਪੰਜਾਬੀਅਤ, ਅਤੇ ਪੰਜਾਬੀ ਸਾਹਿਤ ਦੀ ਬਿਹਤਰੀ ਲਈ ਕਿੰਨੇ ਕੁ ਫ਼ਿਕਰਮੰਦ ਹਾਂ?
ਡਾ. ਵਨੀਤਾ ਜੀ ਨੇ ਕਿਹਾ ਕਿ ਭਾਰਤੀ ਨਾਰੀ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੱਛਮੀ ਨਾਰੀਵਾਦ ਦਾ ਫ਼ਲਸਫ਼ਾ ਲਾਗੂ ਨਹੀਂ ਹੋ ਸਕਦਾ ਕਿਉਂਕਿ ਭਾਰਤੀ ਨਾਰੀ ਨੂੰ ਆਪਣੇ ਆਲ਼ੇ-ਦੁਆਲ਼ੇ ‘ਚੋਂ ਆਜ਼ਾਦੀ ਹਾਸਿਲ ਕਰਨ ਲਈ ਆਪਣੇ ਰਾਹ ਖੁਦ ਲੱਭਣੇ ਪੈਣੇ ਨੇ। ਹਰਿਆਣਾ ਤੋਂ ਆਏ ਵਿਸ਼ਵਦੀਪ ਸਿੰਘ ਦੇ ਇਹ ਕਹਿਣ ‘ਤੇ ਕਿ ”ਸਮੁੱਚੀ ਮਾਨਵਤਾ ਦੀ ਅਜ਼ਾਦੀ ਦੇ ਉਪਰਾਲੇ ਬਿਨਾਂ ਔਰਤ ਦੀ ਆਜ਼ਾਦੀ ਸੰਭਵ ਨਹੀਂ”, ਡਾ. ਵਨੀਤਾ ਨੇ ਦੱਿਸਆ ਕਿ ਹੁਣ ਤੱਕ ਉਹ 45 ਕਿਤਾਬਾਂ ਸਾਹਿਤ ਦੀ ਝੋਲ਼ੀ ਵਿੱਚ ਪਾ ਚੁੱਕੇ ਨੇ। ਖੇਤੀ-ਬਾੜੀ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਡਾ ਦਵਿੰਦਰ ਲੱਧੜ ਨੇ ਹਾਜ਼ਰੀ ਲਵਾਉਂਦਿਆਂ ਕਿਹਾ ਕਿ ਕਾਫ਼ਲੇ ਦੀ ਮੀਟਿੰਗ ਵਿੱਚ ਆ ਕੇ ਉਹ ਮਾਣ ਮਹਿਸੂਸ ਕਰ ਰਹੇ ਨੇ। ਲੰਮੇਂ ਅਰਸੇ ਤੋਂ ਕੀਨੀਆ ਵਿੱਚ ਰਹਿ ਰਹੇ ਅਤੇ 45 ਸਾਲ ਫ਼ਿਜ਼ਿਕਸ ਦੇ ਟੀਚਰ ਰਹੇ ਉਪਕਾਰ ਸਿੰਘ (ਸੁਰਜੀਤ ਪਾਤਰ ਦੇ ਛੋਟੇ ਭਰਾ) ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਲਜ ਦੇ ਦਿਨਾਂ ਤੋਂ ਹੀ ਉਨ੍ਹਾਂ ਨੂੰ ਗਾਉਣ ਦਾ ਸ਼ੌਕ ਸੀ ਤੇ ਸ਼ੁਰੂ ਤੋਂ ਹੀ ਉਨ੍ਹਾਂ ਨੇ ਪੰਜਾਬੀ ਨਾਮਵਰ ਸ਼ਾਇਰਾਂ ਦੇ ਨਾਲ਼ ਨਾਲ਼ ਮੁੱਖ ਰੂਪ ਵਿੱਚ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਬਹੁਤ ਗਾਇਆ।
ਕਾਫ਼ਲਾ ਸੰਚਾਲਕ ਬ੍ਰਜਿੰਦਰ ਗੁਲਾਟੀ ਜੀ ਨੇ ਸੰਚਾਲਨਾ ਦੀਆਂ ਹੋਰ ਜ਼ਿੰਮੇਂਵਾਰੀਆਂ ਨਿਭਾਉਂਦਿਆਂ ਹੋਇਆਂ ਜਾਣਕਾਰੀ ਵੀ ਸਾਂਝੀ ਕੀਤੀ ਕਿ ਚਿੰਗਕੂਜੀ ਲਾਇਬਰੇਰੀ ਕਾਫ਼ਲੇ ਦੇ ਉਨ੍ਹਾਂ ਮੈਂਬਰਾਂ ਤੋਂ ਆਪਣੇ ਸ਼ੋਅਕੇਸ ਲਈ ਕਿਤਾਬਾਂ ਦੀ ਮੰਗ ਕਰ ਰਹੀ ਹੈ ਜਿਨ੍ਹਾਂ ਦੀਆਂ ਕਿਤਾਬਾਂ ਪਿਛਲੇ ਪੰਜ ਸਾਲਾਂ ਦੌਰਾਨ ਛਪੀਆਂ ਨੇ। ਸ਼ਿਵਰਾਜ ਸਨੀ ਅਤੇ ਰਿੰਟੂ ਭਾਟੀਆ ਜੀ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਸਾਰਿਆਂ ਦਾ ਮਨ ਮੋਹਿਆ। ਮੀਟਿੰਗ ਵਿੱਚ ਕਿਰਪਾਲ ਪੰਨੂੰ, ਕਹਾਣੀਕਾਰਾ ਮਿੰਨੀ ਗਰੇਵਾਲ, ਜਗੀਰ ਸਿੰਘ ਕਾਹਲ਼ੋਂ, ਪ੍ਰਿੰਸੀਪਲ ਸਰਵਣ ਸਿੰਘ, ਕਮਲਜੀਤ ਨੱਤ, ਅਰਸ਼ਪ੍ਰੀਤ, ਕਰਨਦੀਪ ਕੌਰ, ਵਕੀਲ ਕਲੇਰ, ਸ਼ਰਨਜੀਤ ਸਿੰਘ, ਗੁਰਦਾਸ ਮਿਨਹਾਸ, ਅਮਰਜੀਤ ਕੌਰ ਮਿਨਹਾਸ, ਸੁਰਿੰਦਰ ਸੰਧੂ, ਗੁਰਬਚਨ ਸਿੰਘ ਚਿੰਤਕ, ਡਾ. ਜਗਮੋਹਨ ਸੰਘਾ, ਹਰਪ੍ਰੀਤ ਕੌਰ, ਅਤੇ ਓਮਨੀ ਟੀਵੀ ਤੋਂ ਸ਼ਮੀਲ ਜੀ ਸ਼ਾਮਲ ਸਨ। ਮਨਮਹੋਨ ਸਿੰਘ ਗੁਲਾਟੀ ਜੀ ਨੇ ਹਮੇਸ਼ਾਂ ਵਾਂਗ ਹੀ ਵਲੰਟੀਅਰ ਕੰਮ ਵਿੱਚ ਤਨਦੇਹੀ ਨਾਲ਼ ਹਾਜ਼ਰੀ ਲਵਾਈ। ਸਟੇਜ ਦੀ ਜ਼ਿੰਮੇਂਵਾਰੀ ਨਿਭਾਉਂਦਿਆਂ ਕੁਲਵਿੰਦਰ ਖਹਿਰਾ ਨੇ ਵਾਅਦਾ ਕੀਤਾ ਕਿ ਕਾਫ਼ਲੇ ਦੀਆਂ ਆਉਣ ਵਾਲ਼ੀਆਂ ਮੀਟਿੰਗਾਂ ਠੀਕ ਸਮੇਂ ਸਿਰ ਸ਼ੁਰੂ ਹੋਇਆ ਕਰਨਗੀਆਂ ਜਿਸ ਲਈ ਸਭ ਦੇ ਸਹਿਯੋਗ ਦੀ ਲੋੜ ਹੈ।

Check Also

ਪੀਐੱਸਬੀ ਸੀਨੀਅਰਜ਼ ਕਲੱਬ ਨੇ ਮਲਟੀਕਲਚਰਲ ਡੇਅ ਸਮਾਗ਼ਮ ਦੌਰਾਨ ਦੰਦਾਂ ਦੀ ਸੰਭਾਲ ਬਾਰੇ ਕੀਤਾ ਸੈਮੀਨਾਰ ਦਾ ਆਯੋਜਨ

ਟੋਰਾਂਟੋ ਮਿਊਜ਼ੀਕਲ ਗਰੁੱਪ ਵੱਲੋਂ ਮੈਂਬਰਾਂ ਦਾ ਕੀਤਾ ਗਿਆ ਮਨੋਰੰਜਨ ਬਰੈਂਪਟਨ/ਡਾ. ਝੰਡ : ਪੰਜਾਬ ਐਂਡ ਸਿੰਧ …