Breaking News
Home / ਕੈਨੇਡਾ / ਬਰੈਂਪਟਨ ਐਕਸ਼ਨ ਕਮੇਟੀ ਵਲੋਂ ਰੱਖੀ ਪਬਲਿਕ ਮੀਟਿੰਗ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ

ਬਰੈਂਪਟਨ ਐਕਸ਼ਨ ਕਮੇਟੀ ਵਲੋਂ ਰੱਖੀ ਪਬਲਿਕ ਮੀਟਿੰਗ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਐਕਸ਼ਨ ਕਮੇਟੀ ਵਲੋਂ ਇਕ ਪਬਲਿਕ ਮੀਟਿੰਗ 13 ਮਈ ਦਿਨ ਐਤਵਾਰ ਨੂੰ ਟੈਰੀ ਮਿੱਲਰ ਰੀਕਰੀਏਸ਼ਨ ਸੈਂਟਰ ਵਿਖੇ ਕੀਤੀ ਗਈ। ਇਹ ਮੀਟਿੰਗ ਉਨਟਾਰੀਓ ‘ਚ ਹੋ ਰਹੇ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਚੋਣਾਂ ਲੜ ਰਹੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਦੇ ਕੈਂਡੀਡੇਟਸ ਨਾਲ ਲੋਕਾਂ ਦੇ ਮਸਲਿਆਂ ਦਾ ਜਵਾਬ ਦੇਣ ਲਈ ਰੱਖੀ ਗਈ ਸੀ। ਪੀ: ਸੀ, ਲਿਬਰਲ ਤੇ ਐਨ:ਡੀ:ਪੀ ਪਾਰਟੀ ਦੇ ਪੰਜ ਕੈਂਡੀਡੇਟਸ ਨੇ ਇਸ ਮੀਟਿੰਗ ‘ਚ ਆਉਣ ਦੇ ਸੱਦੇ ਨੂੰ ਪਰਵਾਨ ਕਰ ਲਿਆ ਸੀ। ਇਸ ਮੀਟਿੰਗ ‘ਚ ਹਿੱਸਾ ਲੈਣ ਲਈ ਸੁਹਿਰਦ ਲੋਕ ਦੋ ਵਜੇ ਤੋਂ ਪਹਿਲਾਂ ਹੀ ਪਹੁੰਚਣੇ ਸ਼ੁਰੂ ਹੋ ਗਏ ਸਨ ਤੇ ਮੀਟਿੰਗ ਦੇ ਸ਼ੁਰੂ ਹੋਣ ਤੱਕ ਹਾਲ ਪੂਰਾ ਭਰ ਗਿਆ ਸੀ ਤੇ ਕੁਝ ਲੋਕਾਂ ਨੂੰ ਤਾਂ ਖੜ੍ਹੇ ਹੋ ਕੇ ਹੀ ਸਾਰੀ ਕਾਰਵਾਈ ਨੂੰ ਸੁਣਨਾ ਪਿਆ। ਹਾਲ ਦੀਆਂ ਕੰਧਾਂ ‘ਤੇ ਵੱਖੋਰੋ ਵੱਖਰੇ ਕਿਸਮ ਦੇ ਨਾਅਰਿਆਂ ਨਾਲ ਲਿਖੇ ਪੋਸਟਰ ਦਿਖਾਈ ਦੇ ਰਹੇ ਸਨ, ਟੇਬਲਾਂ ‘ਤੇ ਪੰਜਾਬੀ ਅਤੇ ਇੰਗਲਿਸ਼ ਭਾਸ਼ਾ ‘ਚ ਲਿਖੇ ਹੋਏ ਜਾਣਕਾਰੀ ਭਰਪੂਰ ਲੀਫਲੈਟ ਰੱਖੇ ਹੋਏ ਸਨ। ਮੀਟਿੰਗ ਦੀ ਕਾਰਵਾਈ ਨਵੀ ਔਜਲਾ ਤੇ ਮੈਗਨ ਵਲੋਂ ਵਰਕਰਾਂ ਲਈ ਜਿੱਤੇ ਗਏ ਨਵੇਂ ਹੱਕਾਂ ਦੀ ਜਾਣਕਾਰੀ ਲੋਕਾਂ ਨੂੰ ਮਹੱਈਆਂ ਕਰਵਾਉਂਣ ਨਾਲ ਕੀਤੀ ਗਈ। ਪਰਮਿੰਦਰ ਚੌਹਾਨ ਨੇ ਏਜੰਸੀਆਂ ਰਾਹੀਂ ਕੀਤੇ ਕੰਮਾਂ ਦੀ ਆਪਣੀ ਦਾਸਤਾਨ ਸੰਖੇਪ ‘ਚ ਲੋਕਾਂ ਨਾਲ ਸਾਂਝੀ ਕੀਤੀ। ਟੋਰਾਂਟੋ ਸਟਾਰ ਦੀ ਪ੍ਰੈਸ ਰਿਪੋਰਟਰ ਸੈਰਾ ਨੇ ਅੰਡਰ- ਕਵਰ ਰਹਿ ਕੇ ਏਜੰਸੀਆਂ ਰਾਹੀਂ ਆਪ ਕੰਮ ਕਰ ਕੇ ਲੋਕਾਂ ਨਾਲ ਹੁੰਦੀਆਂ ਵਧੀਕੀਆਂ ਦੀ ਸਾਰੀ ਕਹਾਣੀ ਆਪਣੀ ਜੁਬਾਨੀ ਸੁਣਾਈ।
ਸੈਰਾ ਨੇ ਦੱਸਿਆ ਕਿ ਏਜੰਸੀਆਂ ਰਾਹੀਂ ਕੰਮ ਕਰਦੇ ਲੋਕਾਂ ਤੋਂ ਸਖਤ, ਫਾਸਟ ਤੇ ਖਤਰੇ ਵਾਲੇ ਕੰਮ ਬਿਨਾਂ ਕਿਸੇ ਪਰਾਪਰ ਟਰੇਨਿੰਗ ਦੇ ਕਰਵਾਏ ਜਾਂਦੇ ਹਨ ਜਿਸ ਕਾਰਨ ਕੁਝ ਲੋਕਾਂ ਦੀ ਮੌਤ ਵੀ ਹੋਈ ਤੇ ਬਹੁਤ ਸਾਰੇ ਗੰਭੀਰ ਹਾਲਤ ‘ਚ ਫੱਟੜ ਵੀ ਹੋ ਜਾਂਦੇ ਹਨ। ਕੰਮ ਤੇ ਸੱਟਾਂ ਲੱਗ ਜਾਣ ਵਾਲੇ ਲੋਕਾਂ ‘ਚ ਏਜੰਸੀਆਂ ਰਾਹੀਂ ਕੰਮ ਕਰਦੇ ਲੋਕਾਂ ਦੀ ਗਿਣਤੀ ਦੁੱਗਣੀ ਹੈ। ਏਜੰਸੀਆਂ ਰਾਹੀਂ ਲੋਕਾਂ ਨੂੰ ਬਹੁਤ ਹੀ ਮਾੜੀਆਂ ਹਾਲਤਾਂ ‘ਚ ਕੰਮ ਕਰਨਾ ਪੈਂਦਾ ਹੈ। ਨਾਹਰ ਔਜਲਾ ਵਲੋਂ ਸੈਰਾ ਵਲੋਂ ਦੱਸੀਆਂ ਕੁਝ ਖਾਸ ਘਟਨਾਵਾਂ ਨੂੰ ਲੋਕਾਂ ਨਾਲ ਪੰਜਾਬੀ ਭਾਸ਼ਾ ‘ਚ ਸਾਂਝਾ ਕੀਤਾ ਗਿਆ। ਵਰਕਰਜ਼ ਐਕਸ਼ਨ ਸੈਂਟਰ ਟੋਰਾਂਟੋ ਦੀ ਆਰਗੇਨਾਈਜ਼ਰ ਡੀਨਾ ਲੈਡ ਨੇ ਵਰਕਰਾਂ ਵਲੋਂ ਆਪਣੇ ਹੱਕਾਂ ਲਈ ਕੀਤੀ ਗਈ ਸਟਰਗਲ ਬਾਰੇ ਸੰਖੇਪ ‘ਚ ਦੱਸਿਆ। ਉਸਨੇ ਕਿਹਾ ਕਿ ਅਗਰ ਚੋਣਾਂ ‘ਚ ਕੋਈ ਇਹੋ ਜਿਹੀ ਪਾਰਟੀ ਜਿੱਤਦੀ ਹੈ ਜੋ ਵਰਕਰਾਂ ਦੇ ਮਿਲੇ ਹੱਕਾਂ ਨੂੰ ਖੋਹਣਾ ਚਾਹੇਗੀ ਤਾਂ ਸਾਨੂੰ ਸਾਰਿਆ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ। ਉਸਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਲੈਕਸ਼ਨ ਤੋਂ ਬਾਅਦ 16 ਜੂਨ ਨੂੰ ਟੋਰਾਂਟੋ ‘ਚ ਹੋਣ ਵਾਲੀ ਰੈਲੀ ‘ਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਨਵੀ ਬਣੀ ਸਰਕਾਰ ਨੂੰ ਇਹ ਯਾਦ ਕਰਵਾਈਏ ਕਿ ਉਹ ਮਿਹਨਤੀ ਲੋਕਾਂ ਦੀਆਂ ਜ਼ਰੂਰੀ ਮੰਗਾਂ ਨੂੰ ਪੂਰਾ ਕਰਨ। ਮਦਰਜ਼ ਡੇਅ ਨੂੰ ਯਾਦ ਰੱਖਦਿਆਂ ਕੁਝ ਡਰਾਅ ਵੀ ਕੱਢੇ ਗਏ ਜਿਹੜੇ ਕਰਮਵਾਰ ਅਮਰਜੀਤ ਕੌਰ ਢਿਲੋਂ, ਕੁਲਦੀਪ ਕੌਰ ਗਰੇਵਾਲ, ਨਰਿੰਦਰ ਕੌਰ ਖਿੰਡ ਤੇ ਸੁੰਦਰਪਾਲ ਰਾਜਾਸਾਂਸੀ ਵਲੋਂ ਜਿੱਤੇ ਗਏ। ਸਾਰੇ ਲੋਕ ਚੋਣਾਂ ਲੜ ਰਹੇ ਕੈਂਡੀਡੇਟਸ ਦੀ ਉਡੀਕ ‘ਚ ਸਨ ਪਰ ਉਹਨਾਂ ਵਲੋਂ ਦਿੱਤੇ ਸਮੇ ਮੁਤਾਬਕ ਸਿਰਫ ਸੈਰਾ ਸਿੰਘ ਐਨ ਡੀ ਪੀ ਦੀ ਬਰੈਂਪਟਨ ਸੈਂਟਰ ਦੀ ਕੈਂਡੀਡੇਟ ਹੀ ਉੱਥੇ ਪਹੁੰਚੀ। ਆਪਣੇ ਵਿਚਾਰਾਂ ਤੋਂ ਬਾਅਦ ਉਸਨੇ ਬੜੇ ਹੀ ਠਰੰਮੇ ਨਾਲ ਲੋਕਾਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ।
ਲਿਬਰਲ ਪਾਰਟੀ ਦੀ ਕੈਂਡੀਡੇਟ ਹਰਿੰਦਰ ਮੱਲ੍ਹੀ ਦਾ ਡੇਢ ਕੁ ਵਜੇ ਫੋਨ ਆਇਆ ਸੀ ਕਿ ਉਹਨਾਂ ਦੀ ਪਾਰਟੀ ਲੀਡਰ ਬਰੈਂਪਟਨ ਆਈ ਹੋਈ ਹੈ ਇਸ ਲਈ ਉਹ ਕੌਸ਼ਿਸ਼ ਕਰੇਗੀ ਅਗਰ ਮੀਟਿੰਗ ‘ਚ ਪਹੁੰਚ ਸਕੇ। ਦੂਸਰੇ ਸਾਰੇ ਹੀ ਕੈਂਡੀਡੇਟਸ ਦਾ ਮੀਟਿੰਗ ਮੁੱਕਣ ਤੋਂ ਬਾਅਦ ਹੀ ਫੋਨ ਆਇਆ ਕਿ ਉਹ ਕਿਸੇ ਜ਼ਰੂਰੀ ਕੰਮ ‘ਚ ਸਟੱਕ ਹੋ ਗਏ ਸਨ ਜਿਸ ਕਾਰਨ ਨਾ ਪਹੁੰਚ ਸਕਣ ਦੀ ਮੁਆਫੀ ਚਾਹੁੰਦੇ ਹਨ। ਪ੍ਰਬੰਧਕਾਂ ਨੇ ਤਾਂ ਲੋਕਾਂ ਅਤੇ ਕੈਂਡੀਡੇਟਸ ਲਈ ਇਕ ਪਲੇਟਫਾਰਮ ਮੁਹੱਈਆ ਕਰਵਾਇਆ ਸੀ ਉਹਨਾਂ ਦੇ ਨਾ ਪਹੁੰਚਣ ਨੂੰ ਤੇ ਸਮੇਂ ਸਿਰ ਫੋਨ ਕਰ ਕੇ ਨਾ ਦੱਸਣ ਨੂੰ ਸਾਰੇ ਹੀ ਲੋਕਾਂ ਨੇ ਚੰਗਾ ਨਹੀਂ ਸਮਝਿਆ।
ਸੀ: ਪੀ: ਸੀ ਦੇ ਬਰੈਂਪਟਨ ਦੇ ਕੈਂਡੀਡੇਟ ਸੁਰਜੀਤ ਸਹੋਤਾ ਨੇ ਵੀ ਆਪਣੇ ਵਿਚਾਰ ਦੱਸੇ ਤੇ ਲੋਕਾਂ ਦੇ ਸੁਆਲਾਂ ਦੇ ਜੁਆਬ ਦਿੱਤੇ। ਕੈਨੇਡਾ ਦੇ ਪ੍ਰਸਿੱਧ ਡਾਕੂਮੈਂਟਰੀ ਫਿਲਮ ਨਿਰਮਾਤਾ ਅਵੀ ਲੈਵਿਸ ਵੀ ਇਸ ਮੀਟਿੰਗ ਦੇ ਕਲਿੱਪ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਅੰਤ ‘ਚ ਨਵੀ ਔਜਲਾ ਵਲੋਂ ਸਾਰੇ ਹੀ ਲੋਕਾਂ ਦਾ, ਸਾਰੇ ਹੀ ਮੀਡੀਏ ਦਾ, ਸੁਰਿੰਦਰ ਸਿੰਘ ਦਾ ਜਿਸ ਨੇ ਚਾਹ ਤੇ ਸਨੈਕਸ ਦਾ ਫ੍ਰੀ ਪ੍ਰਬੰਧ ਕੀਤਾ, ਵਲੰਟੀਅਰਜ਼ ਤੇ ਕਮਿਊਨਿਟੀ ਆਗੂਆਂ ਦਾ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …