ਬਰੈਂਪਟਨ/ਪਰਵਾਸੀ ਨਿਊਜ਼ : ਕੈਨੇਡਾ ਦੀ ਲੰਬੀ, ਅਕਾਊ ਸਰਦ ਰੁੱਤ ਤੋਂ ਬਾਅਦ ਬਸੰਤ ਬਹਾਰ ਤੇ ਗਰਮੀਆਂ ਦੇ ਮੌਸਮ ਦੇ ਸ਼ੁਰੂ ਹੁੰਦਿਆ ਹੀ, ਬਰਫ ਤੇ ਠੰਡ ਨਾਲ ਝੰਬੇ, ਵੀਰਾਨ ਖੜ੍ਹੇ ਰੁੱਖਾਂ ਦੀਆਂ ਟਾਹਣੀਆਂ, ਨਵੀਆਂ ਨਿਕਲ ਰਹੀਆਂ ਕਰੂਬਲਾ ਤੇ ਫੁੱਲ ਪੱਤਿਆਂ ਨਾਲ ਭਰਨ ਲੱਗ ਜਾਂਦੀਆਂ ਹਨ। ਦਿਨਾਂ ਵਿੱਚ ਹੀ ਚਾਰੇ ਪਾਸੇ ਸੂਰਜ ਦੀ ਤਪਸ਼ ਨਾਲ ਕਮਿਊਨਿਟੀ ਪਾਰਕ ਤੇ ਵੱਡੇ-ਵੱਡੇ ਮੀਲਾਂ ਤੱਕ ਫੈਲੇ ਕਣਕ, ਮੱਕੀ ਤੇ ਸਬਜ਼ੀਆਂ ਦੇ ਫਾਰਮਾਂ ਤੇ ਹਰਿਆਲੀ ਆਉਣ ਲੱਗਦੀ ਹੈ। ਨਾਲ ਹੀ ਮਹੀਨਿਆਂ ਵੱਧੀ ਸਰਦੀਆਂ ਦੇ ਸਖਤ ਮੌਸਮ ਦੀ ਮਾਰ ਨਾਲ ਠਰੇ ਹੋਏ ਮਨੁੱਖੀ ਮਨ ਵੀ ਮੁੜ ਖਿੜ੍ਹ ਉਠਦੇ ਨੇ। ਸਿਹਤਮੰਦ ਜ਼ਿੰਦਗੀ ਜਿਊਣ ਲਈ ਤਹਿ ਕੀਤੇ ਲਾਈਫ ਸਟਾਈਲ ਤੇ ਅਮਲ ਕਰਨ ਵਾਲੇ ਸੀਨੀਅਰਜ਼ ਸਵੇਰ ਦੀ ਸੈਰ ਤੇ ਹੱਸਦੇ, ਮੁਸਕਰਾਹਟਾਂ ਵੰਡਦੇ, ਲੰਮੀਆਂ ਪੁਲਾਂਘਾਂ ਪੁੱਟਣ ਲਗਦੇ ਨੇ। ਹਰ ਕਮਿਊਨਟੀ ਪਾਰਕ ਵਿੱਚ ਸੀਨੀਅਰਜ਼, ਔਰਤਾਂ ਤੇ ਬੱਚਿਆਂ ਦੀ ਭਰਪੂਰ ਆਮਦ ਨਾਲ ਜ਼ਿੰਦਗੀ ਮੁੜ ਧੜਕਣ ਲਗਦੀ ਹੈ। ਨਾਲ ਹੀ ਪਾਰਕਾਂ ਵਿੱਚ ਵੱਖ ਵੱਖ ਕਲੱਬਾਂ ਵਲੋਂ ਆਪੋ ਆਪਣੇ ਪਾਰਕਾਂ ਵਿੱਚ ਨਿਰੰਤਰ ਸ਼ੁਰੂ ਹੋ ਜਾਂਦੇ ਨੇ, ਗੀਤ-ਸੰਗੀਤ ਦੀਆਂ ਧੁਨਾਂ ਤੇ ਲੰਮੀਆਂ ਹੇਕਾਂ ਵਾਲੇ ਪੰਜਾਬੀ ਗਾਇਕਾਂ ਦੇ ਸੁਰੀਲੇ ਬੋਲ ਤੇ ਭਗੜੇ, ਗਿੱਧੇ ਦੀਆਂ ਧਮਕਾਂ। ਕੈਨੇਡਾ ਡੇਅ ਤਾਂ ਭਾਵੇਂ ਪਹਿਲੀ ਜੁਲਾਈ ਨੂੰ ਹਰ ਸਾਲ ਸਾਰੇ ਕਨੇਡਾ ਵਿੱਚ ਮਨਾਇਆ ਜਾਂਦਾ ਹੈ। ਪਰ ਬਰੈਂਪਟਨ ਦੇ ਸਾਰੇ ਕਲੱਬ ਆਪਸੀ ਸਹਿਮਤੀ ਨਾਲ ਤੇ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਸਹਿਯੋਗ ਨਾਲ ਵੱਖ-ਵੱਖ ਤਰੀਕਾਂ ਵਿੱਚ ਹਰ ਵੀਕਐਡ ਤੇ ਕੈਨੇਡਾ ਡੇਅ ਫੈਸਟੀਵਲ ਨੂੰ ਵੱਡੇ ਪੱਧਰ ‘ਤੇ ਮਨਾਉਂਦੇ ਆ ਰਹੇ ਹਨ। ਹੁਣ ਇਸ ਸਾਲ ਦਾ ਆਖਰੀ ਵੱਡਾ ਫੰਕਸ਼ਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਵਲੋਂ ਕੈਨੇਡਾ ਡੇਅ ਤੇ ਮਲਟੀਕਲਚਰਲ ਡੇਅ ਦੇ ਤੌਰ ‘ਤੇ ਮਨਾਉਣ ਦੀ ਤਿਆਰੀ ਹੈ। ਇਸੇ ਸਬੰਧ ਵਿੱਚ ਬਰੈਂਪਟਨ ਦੀਆਂ ਸਾਰੀਆਂ ਸਰਗਰਮ ਸੀਨੀਅਰ ਕਲੱਬਾਂ ਦੇ ਸਹਿਯੋਗ ਨਾਲ ਪ੍ਰਧਾਨ ਜੰਗੀਰ ਸਿੰਘ ਸੈਬੀਂ ਤੇ ਅਗਜ਼ੈਕਟਿਵ ਕਮੇਟੀ ਦੀ ਅਗਵਾਈ ਵਿੱਚ, ਐਸੋਸੀਏਸ਼ਨ ਆਫ ਸੀਨੀਅਰਜ ਕਲੱਬਜ਼ ਬਰੈਂਪਟਨ ਵਲੋਂ 22 ਅਗਸਤ ਦਿਨ ਸਨਿਚਰਵਾਰ ਨੂੰ ਮਲਟੀਕਲਚਰਲ ਫੈਸਟੀਵਲ ਤੇ ਕੈਨੇਡਾ ਡੇਅ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਟੀਵਲ ਸੋਕਰ ਸੈਂਟਰ ਜੋ ਡੈਕਸੀ ਰੋਡ ਅਤੇ ਸੈਡਲਵੁਡ ਪਾਰਕ ਵੇ ਦੇ ਇੰਟਰ ਸ਼ੈਕਸ਼ਨ ‘ਤੇ ਸਥਿਤ ਹੈ, ਵਿਖੇ ਖੁੱਲ੍ਹੇ ਹਾਲ ਵਿੱਚ ਸਵੇਰੇ 11 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਲਗਾਤਾਰ ਚੱਲੇਗਾ। ਫੈਡਰਲ ਪਰੋਵੈਨਸ ਤੇ ਸਿਟੀ ਦੇ ਅਹੁਦੇਦਾਰ ਤੇ ਨੁਮਾਇੰਦੇ ਸੀਨੀਅਰਜ਼ ਦੇ ਇਸ ਫੰਕਸ਼ਨ ਵਿੱਚ ਹਾਜ਼ਰ ਹੋਣਗੇ। ਇਸਦੇ ਨਾਲ ਪੰਜਾਬੀ ਸਭਿਆਚਾਰ ਨਾਲ ਜੁੜੇ ਹੋਏ ਕਲਾਕਾਰਾਂ ਵਲੋਂ ਸੰਗੀਤਕ ਪ੍ਰੋਗਰਾਮ ਪੇਸ਼ ਕਰਦਿਆਂ ਸਹਿਤਕ ਰੰਗ ਵਖੇਰੇ ਜਾਣਗੇ। ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੀ ਮਿਸੀਸਾਗਾ ਦੀ ਸੀਨੀਅਰ ਲੇਡੀਜ ਦੀ ਟੀਮ ਦੀ ਪ੍ਰੋਫਾਰਮੈਂਸ ਖਾਸ ਤੌਰ ‘ਤੇ ਖਿੱਚ ਦਾ ਕੇਂਦਰ ਬਣੇਗੀ। ਗਿੱਧੇ, ਭੰਗੜੇ ਤੇ ਜਾਗੋ ਦੀਆਂ ਟੀਮਾਂ ਵੀ ਆਪਣੇ ਹੁਨਰ ਦੀ ਪੇਸ਼ਕਾਰੀ ਕਰਨਗੀਆਂ। ਸਾਰਾ ਸਮਾਂ ਸਿਹਤਮੰਦ ਸਵਾਦਲੇ ਤਾਜ਼ਾ ਫੂਡ ਦੀ ਸਪਲਾਈ ਲਗਾਤਾਰ ਜਾਰੀ ਰਹੇਗੀ। ਇਸ ਲਈ ਆਉ ਇਕ ਵਾਰ ਫਿਰ ਆਪਣੇ ਹਾਣੀਆਂ ਤੇ ਮਿੱਤਰ ਪਿਆਰਿਆਂ ਨਾਲ ਰਲ ਕੇ ਜ਼ਿੰਦਗੀ ਦੀ ਪੈ ਚੁੱਕੀ ਸ਼ਾਮ ਨੂੰ ਖੂਬਸੂਰਤ ਢੰਗ ਨਾਲ ਮਾਣੀਏ ਤੇ ਸਜ ਧਜ ਕੇ ਮੁਸਕਰਾਉਂਦੇ ਹੋਏ ਜੁੜ ਬੈਠ ਕੇ, ਗਰਮੀਆਂ ਦੇ ਬੀਤਦੇ ਜਾ ਰਹੇ ਮੌਸਮ ਦੇ ਇਸ ਆਖਰੀ ਵੱਡੇ ਫੈਸਟੀਵਲ ਦਾ ਹਿੱਸਾ ਬਣੀਏ। ਹੋਰ ਜਾਣਕਾਰੀ ਹੇਠ ਲਿਖੇ ਕਿਸੇ ਵੀ ਪ੍ਰਬੰਧਕ ਨੂੰ ਕਾਲ ਕੀਤੀ ਜਾ ਸਕਦੀ ਹੈ।
ਜੰਗੀਰ ਸਿੰਘ ਸੈਂਹਬੀ (ਪ੍ਰਧਾਨ)416 409 0126, ਲਾਲ ਸਿੰਘ ਬਰਾੜ (ਉਪ ਪ੍ਰਧਾਨ)416 617 3514, ਪ੍ਰੀਤਮ ਸਿੰਘ ਸਰਾਂ (ਸਕੱਤਰ)416 833 0567, ਅਮਰੀਕ ਸਿੰਘ ਕੁਮਰੀਆ (ਵਿਤ ਸਕੱਤਰ)647 998 7253, ਮਹਿੰਦਰ ਸਿੰਘ ਮੋਹੀ (ਮੀਡੀਆ ਐਡਵਾਈਜ਼ਰ) 416 659 1232), ਇਕਬਾਲ ਸਿੰਘ ਵਿਰਕ (ਡਰੈਕਟਰ)647 704 7803, ਕੁਲਦੀਪ ਕੌਰ ਗਰੇਵਾਲ (ਡਰੈਕਟਰ), ਗਿਆਨ ਸਿੰਘ ਨਾਗਰਾ (ਡਰੈਕਟਰ)
ਗੁਰਮੀਤ ਕੌਰ ਜਗਦੇਵ (ਡਰੈਕਟਰ)

