ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਬੀਤੇ ਦਿਨੀਂ ਪਹਿਲੀ ‘ਨੈਸ਼ਨਲ ਫ਼ੂਡ ਸਕਿਉਰਿਟੀ ਸਟਰੈਟਿਜੀ’ ਦੀ ਸ਼ੁਭ-ਸ਼ੁਰੂਆਤ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਕੈਨੇਡਾ-ਵਾਸੀਆਂ ਲਈ ਲਈ ਯਥਾਯੋਗ ਖਾਧ-ਪਦਾਰਥ ਬਨਾਉਣ ਦੀ ਦਿਸ਼ਾ ਵਿਚ ਕੀਤਾ ਗਿਆ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਨੂੰ ਕੈਨੇਡਾ ਦੇ ਘਰੇਲੂ ਫ਼ੂਡ-ਸਿਸਟਮ ਵਿੱਚ ‘ਮੀਲ-ਪੱਥਰ’ ਕਿਹਾ ਜਾ ਸਕਦਾ ਹੈ।
ਆਉਂਦੇ ਦਹਾਕੇ ਵਿੱਚ ਇਸ ਖ਼ੇਤਰ ਵਿੱਚ ਕੀਤਾ ਜਾ ਰਿਹਾ 3 ਬਿਲੀਅਨ ਡਾਲਰ ਤੋਂ ਵਧੀਕ ਪੂੰਜੀ ਨਿਵੇਸ਼ ਗਰੌਸਰੀ ਸੈੱਕਟਰ ਵਿੱਚ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰੇਗਾ, ਕੈਨੇਡੀਅਨ ਕਿਸਾਨਾਂ ਤੇ ਫੂਡ ਪ੍ਰੋਸੈੱਸਰਾਂ ਦੀ ਯੋਗ ਸਹਾਇਤਾ ਕਰੇਗਾ ਅਤੇ ਵਿਦੇਸ਼ੀ ਸਪਲਾਈ-ਚੇਨਾਂ ਉੱਪਰ ਨਿਰਭਰਤਾ ਨੂੰ ਘੱਟ ਕਰੇਗਾ। ਇਸ ਨਾਲ ਕੈਨੇਡਾ ਦੇ ਲੋਕਾਂ ਦੀਆਂ ਡਾਈਨਿੰਗ ਟੇਬਲਾਂ ‘ਤੇ ਹੋਰ ਉੱਚ- ਗੁਣਵੱਤਾ ਅਤੇ ਪੌਸ਼ਟਿਕ ਕੈਨੇਡੀਅਨ ਭੋਜਨ ਉਪਲਬਧ ਕਰਵਾਇਆ ਜਾ ਸਕੇਗਾ।
ਇਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ, ”ਗਰੌਸਰੀ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਕਾਰਨ ਬਰੈਂਪਟਨ ਅਤੇ ਸਮੁੱਚੇ ਕੈਨੇਡਾ-ਵਾਸੀ ਇਸਦਾ ਬੋਝ ਮਹਿਸੂਸ ਕਰ ਰਹੇ ਹਨ।
ਸਰਕਾਰ ਦੀ ਇਹ ਨਵੀਂ ‘ਨੈਸ਼ਨਲ ਫ਼ੂਡ ਸਕਿਉਰਿਟੀ ਸਟਰੈਟਿਜੀ’ ਗਰੌਸਰੀ ਖ਼ੇਤਰ ਵਿੱਚ ਮੁਕਾਬਲੇਬਾਜ਼ੀ ਨੂੰ ਵਧਾਉਣ, ਸਥਾਨਕ ਕਿਸਾਨਾਂ ਤੇ ਉਤਪਾਦਕਾਂ ਦੀ ਸਹਾਇਤਾ ਕਰਨ ਅਤੇ ਕੈਨੇਡਾ-ਵਾਸੀਆਂ ਨੂੰ ਵਾਜਬ ਕੀਮਤਾਂ ਉੱਪਰ ਉਚੇਰਾ ਗੁਣਵਤਾਭੋਜਨ ਮੁਹੱਈਆ ਕਰਨ ਵਿੱਚ ਕਾਰਗਰ ਸਾਬਤ ਹੋਵੇਗੀ।”
‘ਨੈਸ਼ਨਲ ਫ਼ੂਡ ਸਕਿਉਰਿਟੀ ਸਟਰੈਟਿਜੀ’ ਗਰੌਸਰੀ ਸੈੱਕਟਰ ਵਿੱਚ ਮੁਕਾਬਲੇ ਨੂੰ ਉਤਸ਼ਾਹਿਤ ਕਰੇਗੀ ਜਿਸ ਨਾਲ ਕੈਨੇਡਾ-ਵਾਸੀਆਂ ਨੂੰ ਵਧੀਆ ਚੋਣ ਅਤੇ ਬਿਹਤਰ ਕੀਮਤਾਂ ਮਿਲ ਸਕਣਗੀਆਂ। ਸਰਕਾਰ ਦੀ ਇਸ ਨਵੀਂ ਨੀਤੀ ਨਾਲ ਕਿਸਾਨਾਂ ਅਤੇ ਸਥਾਨਕ ਫੂਡ ਪ੍ਰੋਸੈੱਸਰਾਂ ਵਿੱਚ ਪੂੰਜੀ ਨਿਵੇਸ਼ ਨਾਲ ਘਰੇਲੂ ਉਤਪਾਦਨ ਮਜ਼ਬੂਤ ਹੋਵੇਗਾ, ਗਰੀਨ-ਹਾਊਸਾਂ ਤੇ ‘ਇਨ-ਡੋਰ ਖੇਤੀ’ ਦੇ ਨਾਲ ਕੈਨੇਡਾ-ਵਾਸੀਆਂ ਨੂੰ ਸਾਰਾ ਸਾਲ ਤਾਜ਼ਾ ਖਾਧ-ਪਦਾਰਥ ਮਿਲ ਸਕਣਗੇ, ਲੋੜੀਂਦੀਆਂ ਵਸਤਾਂ ਦੀ ਆਵਾਜਾਈ ਦੀਆਂ ਰੁਕਾਵਟਾਂ ਘੱਟ ਹੋ ਜਾਣ ਨਾਲ ਬਿਜ਼ਨੈੱਸ ਤਰੱਕੀ ਕਰਨਗੇ ਅਤੇ ਇਸ ਨਾਲ ਉਤਪਾਦਕਾਂ ਲਈ ਆਪਣੇ ਭੋਜਨਸਮੱਗਰੀ ਨੂੰ ਸਾਰੇ ਦੇਸ਼ ਦੀਆਂ ਮੰਡੀਆਂ ਵਿੱਚ ਲਿਜਾਣਾ ਵੀ ਆਸਾਨ ਹੋ ਜਾਏਗਾ।
ਸਰਕਾਰ ਦੀ ਇਸ ਨਵੀਂ ਨੀਤੀ ਦੇ ਸਥਾਨਕ ਪ੍ਰਭਾਵ ਬਾਰੇ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ, ”ਸਾਡੀ ਕਮਿਊਨਿਟੀ ਬੜੀ ਮਿਹਨਤੀ ਹੈ ਅਤੇ ਮੈਨੂੰ ਆਸ ਹੈ ਕਿ ਕਮਿਊਨਿਟੀ ਦੇ ਪਰਿਵਾਰ, ਛੋਟੇ ਬਿਜ਼ਨੈੱਸ ਤੇ ਉਦਯੋਗਪਤੀ ਸਥਾਨਕ ਸਪਲਾਈ-ਚੇਨਾਂ ਅਤੇ ਐਗਰੀ ਫ਼ੂਡ ਸੈੱਕਟਰ ਦੇ ਇਨ੍ਹਾਂ ਨਵੇਂ ਮੌਕਿਆਂ ਦਾ ਜ਼ਰੂਰ ਲਾਭ ਉਠਾਉਣਗੇ।” ਉਨ੍ਹਾਂ ਹੋਰ ਕਿਹਾ ਕਿ ਕੈਨੇਡੀਅਨ ਖੋਜ ਅਤੇ ਉਤਪਾਦਨ ਵਿੱਚ ਪੂੰਜੀ ਨਿਵੇਸ਼ ਕਰਕੇ ਅਸੀਂ ਦੇਸ਼ ਦੇ ਅਰਥਚਾਰੇ ਨੂੰ ਲਚਕੀਲਾ ਬਨਾਉਣ ਦੇ ਯਤਨ ਕਰ ਰਹੇ ਹਾਂ, ਜਿਨ੍ਹਾਂ ਦੀ ਇਸ ਸਮੇਂ ਬੜੀ ਜ਼ਰੂਰਤ ਹੈ। ‘ਨੈਸ਼ਨਲ ਫ਼ੂਡ ਸਕਿਉਰਿਟੀ ਸਟਰੈਟਿਜੀ’ ਸਰਕਾਰ ਦੀ ਦੇਸ਼ ਦੇ ਅਰਥਚਾਰੇ ਨੂੰ ਆਜ਼ਾਦਾਨਾ ਤੌਰ ‘ਤੇ ਮਜ਼ਬੂਤ ਅਤੇ ਆਤਮਨਿਰਭਰ ਕਰਨ ਦੀ ਵੱਡੀ ਯੋਜਨਾ ਦਾ ਇੱਕ ਮੁੱਖ ਭਾਗ ਹੈ ਅਤੇ ਇਹ ਨੀਤੀ ਫ਼ੂਡ ਤੇ ਐਨੱਰਜੀ ਸਿਸਟਮਾਂ ਉੱਪਰ ਪੈਣ ਵਾਲੇ ਅੰਤਰਰਾਸ਼ਟਰੀ ਦਬਾਅ ਨੂੰ ਵੀ ਧਿਆਨ ਵਿੱਚ ਰੱਖ ਰਹੀ ਹੈ।
ਸੋਨੀਆ ਸਿੱਧੂ ਨੇ ਕਿਹਾ, ”ਜਦੋਂ ਅਸੀਂ ਸਪਲਾਈ-ਚੇਨ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੋਂ ਲੈ ਕੇ ਵਾਤਾਵਰਣ ਉੱਪਰ ਪੈਣ ਵਾਲੇ ਪ੍ਰਭਾਵਾਂ ਤੱਕ ਨੂੰ ਅੰਤਰਰਾਸ਼ਟਰੀ ਦ੍ਰਿਸ਼ਟੀ ਤੋਂ ਵੇਖਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਕਿ ਕੈਨੇਡਾ ਨੂੰ ਇਨ੍ਹਾਂ ਦਾ ਭਵਿੱਖਮਈ ਕੰਟਰੋਲ ਆਪਣੇ ਹੱਥਾਂ ‘ਚ ਲੈਣਾ ਚਾਹੀਦਾ ਹੈ। ਸਰਕਾਰ ਦੀ ਇਹ ਨਵੀਂ ਨੀਤੀ ਇਹ ਯਕੀਨੀ ਬਣਾਉਂਦੀ ਹੈ ਕਿ ਅਸੀਂ ਉਹ ਸੱਭ ਆਪਣੇ ਦੇਸ਼’ਚ ਕੇਵਲ ਆਪਣੀ ਲੋੜ ਅਨੁਸਾਰ ਹੀ ਨਹੀਂ, ਸਗੋਂ ਉਸ ਤੋਂ ਵਧੇਰੇ ਵੀ ਬਣਾ ਸਕਦੇ ਹਾਂ ਜੋ ਦੂਸਰੇ ਦੇਸ਼ਾਂ ਨੂੰ ਨਿਰਯਾਤ ਕੀਤਾ ਜਾ ਸਕਦਾ ਹੈ, ਇਸ ਨਾਲ ਰੋਜ਼ਾਨਾ ਲੋੜੀਂਦੀਆਂ ਵਸਤਾਂ ਦੀ ਕੀਮਤਾਂ ਵਿੱਚ ਕਮੀ ਆਏਗੀ ਅਤੇ ਸਮੂਹ ਕੈਨੇਡਾ-ਵਾਸੀਆਂ ਲਈ ਖਾਧ-ਸੁਰੱਖਿਆ ਵਿੱਚ ਵੀ ਵਾਧਾ ਹੋਵੇਗਾ।”

