ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਉੱਤਰੀ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਸਮਾਜ ਵਿੱਚ ਵਧ ਰਹੇ ਅਪਰਾਧ ਵਿਸ਼ੇਸ਼ ਕਰਕੇ ਬੰਦੂਕਾਂ ਅਤੇ ਗੈਂਗਸਟਰ ਹਿੰਸਾ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸਰਹੱਦ ਸੁਰੱਖਿਆ ਮੰਤਰੀ ਬਿਲ ਬਲੇਅਰ ਤੋਂ ਪੁੱਛਿਆ ਕਿ ਸੰਘੀ ਸਰਕਾਰ ਵੱਲੋਂ ਗੈਰਕਾਨੂੰਨੀ ਬੰਦੂਕਾਂ ਅਤੇ ਗਰੋਹਾਂ ਨੂੰ ਨੱਥ ਪਾਉਣ ਲਈ ਕੀਤੇ ਗਏ 65 ਮਿਲੀਅਨ ਡਾਲਰ ਦੇ ਨਿਵੇਸ਼ ਤੱਕ ਪੀਲ ਰੀਜ਼ਨ ਪੁਲਿਸ ਕਿਵੇਂ ਪਹੁੰਚ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਗਏ 65 ਮਿਲੀਅਨ ਡਾਲਰਾਂ ਵਿੱਚੋਂ ਪ੍ਰਾਂਤਕ ਸਰਕਾਰ ਨੇ ਸਿਰਫ਼ 11 ਮਿਲੀਅਨ ਡਾਲਰ ਦਾ ਹੀ ਨਿਵੇਸ਼ ਕੀਤਾ ਹੈ ਜਦੋਂਕਿ ਬਰੈਂਪਟਨ ਵਿੱਚ ਅਪਰਾਧ ਦੀ ਦਰ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਂਤਕ ਕੰਸਰਵੇਟਿਵ ਸਰਕਾਰ ਨੂੰ ਇਸ ਪ੍ਰਤੀ ਤੁਰੰਤ ਧਿਆਨ ਦੇਣ ਦੀ ਲੋੜ ਹੈ। ਮੰਤਰੀ ਨੇ ਸਪੱਸ਼ਟ ਕੀਤਾ ਕਿ ਗੈਰਕਾਨੂੰਨੀ ਬੰਦੂਕਾਂ ਅਤੇ ਗਰੋਹਾਂ ਨੂੰ ਕਾਬੂ ਕਰਨ ਲਈ ਸੰਘੀ ਸਰਕਾਰ ਵੱਲੋਂ ਦਿੱਤੀ ਰਾਸ਼ੀ ਉਨਟਾਰੀਓ ਦੀ ਪ੍ਰਾਂਤਕ ਸਰਕਾਰ ਕੋਲ ਹੈ, ਉਸਨੇ ਹੀ ਇਸ ਪੈਸੇ ਨੂੰ ਨਿਵੇਸ਼ ਕਰਨ ਸਬੰਧੀ ਫੈਸਲਾ ਕਰਨਾ ਹੈ।
ਜਗਤਾਰ ਸਿੰਘ ਜੱਗਾ ਟੋਰਾਂਟੋ ਵਿੱਚ
ਪੰਜਾਬ ਦੇ ਹਲਕਾ ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ (ਹਿੱਸੋਵਾਲ) ਇਨ੍ਹੀਂ ਦਿਨੀਂ ਟੋਰਾਂਟੋ ਆਏ ਹੋਏ ਹਨ। ਉਂਕਾਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਜਗਤਾਰ ਸਿੰਘ ਜੱਗਾ ਦੇ ਟੋਰਾਂਟੋ ਪਹੁੰਚਣ ‘ਤੇ ਉਨ੍ਹਾਂ ਨੂੰ ਜੀ ਅਇਆਂ ਆਖਿਆ ਜਾਂਦਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਗਤਾਰ ਸਿੰਘ ਜੱਗਾ ਆਮ ਆਦਮੀ ਪਾਰਟੀ ਤੋਂ ਵਿਧਾਇਕ ਚੁਣੇ ਗਏ ਸਨ। ਵਿਧਾਇਕ ਬਣਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਕੈਨੇਡਾ ਫੇਰੀ ਹੈ। ਉਨ੍ਹਾਂ ਦੇ ਸਨਮਾਨ ਵਿੱਚ ਕਈ ਸਮਾਗਮ ਉਲੀਕੇ ਗਏ ਹਨ। ਵਧੇਰੇ ਜਾਣਕਾਰੀ ਲਈ ਉਂਕਾਰ ਸਿੰਘ ਗਰੇਵਾਲ ਨਾਲ 416-910-2124 ਫੋਨ ਨੰਬਰ ‘ਤੇ ਗੱਲ ਕੀਤੀ ਜਾ ਸਕਦੀ ਹੈ।