2.1 C
Toronto
Friday, November 21, 2025
spot_img
Homeਸੰਪਾਦਕੀਭਾਰਤ-ਚੀਨ ਰੇੜਕਾ

ਭਾਰਤ-ਚੀਨ ਰੇੜਕਾ

ਚੀਨ ਅਤੇ ਭਾਰਤ ਵਿਚਾਲੇ ਸੰਵੇਦਨਸ਼ੀਲ ਸਰਹੱਦੀ ਮੁੱਦੇ ‘ਤੇ ਇਕ ਵਾਰ ਫਿਰ ਸਮਝੌਤਾ ਹੋਣਾ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਸਮੇਂ ਪੂਰਬੀ ਲੱਦਾਖ ਦੇ ਕਈ ਸਰਹੱਦੀ ਇਲਾਕਿਆਂ ਵਿਚ ਦੋਵੇਂ ਦੇਸ਼ਾਂ ਦੀਆਂ ਵੱਡੀ ਗਿਣਤੀ ਵਿਚ ਫ਼ੌਜਾਂ ਇਕ-ਦੂਜੇ ਦੇ ਸਾਹਮਣੇ ਖੜ੍ਹੀਆਂ ਹਨ। ਲਗਭਗ ਪਿਛਲੇ ਸਾਢੇ 4 ਸਾਲ ਤੋਂ ਉੱਥੇ ਸਖ਼ਤ ਟਕਰਾਅ ਦੀ ਸਥਿਤੀ ਬਣੀ ਹੋਈ ਹੈ, ਜਿਸ ਦੇ ਹੁਣ ਹੱਲ ਹੋਣ ਨਾਲ ਜਿੱਥੇ ਆਪਸੀ ਤਣਾਅ ਘਟੇਗਾ, ਉੱਥੇ ਹੋਰ ਰਹਿੰਦੇ ਮਸਲਿਆਂ ਦੇ ਬਾਵਜੂਦ ਦੋਹਾਂ ਵਿਚ ਮੁੜ ਚੰਗਾ ਮਿਲਵਰਤਨ ਆਰੰਭ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਸਾਲ 1962 ਵਿਚ ਚੀਨ ਨੇ ਭਾਰਤ ‘ਤੇ ਹਮਲਾ ਕਰਕੇ ਇਕ ਵੱਡੇ ਰਕਬੇ ‘ਤੇ ਕਬਜ਼ਾ ਕਰ ਲਿਆ ਸੀ। ਉਸ ਸਮੇਂ ਤੋਂ ਹੀ ਦੋਵਾਂ ਦੇਸ਼ਾਂ ਵਿਚ ਕਿਸੇ ਨਾ ਕਿਸੇ ਰੂਪ ਵਿਚ ਆਪਸੀ ਤਣਾਅ ਚਲਦਾ ਰਿਹਾ ਹੈ। ਚਾਹੇ ਸਮੇਂ-ਸਮੇਂ ਦੋਵਾਂ ਦੇਸ਼ਾਂ ਦੇ ਮੁਖੀਆਂ ਸਮੇਤ ਹਰ ਪੱਧਰ ਦੇ ਅਧਿਕਾਰੀ ਦੋਵਾਂ ਦੇਸ਼ਾਂ ਦੇ ਦੌਰੇ ਵੀ ਕਰਦੇ ਰਹੇ ਹਨ ਅਤੇ ਤਜ਼ਾਰਤੀ ਤੌਰ ‘ਤੇ ਵੀ ਇਕ-ਦੂਸਰੇ ਨਾਲ ਜੁੜੇ ਰਹੇ ਹਨ।
ਭਾਰਤ ਨਾਲ ਚੀਨ ਦੀ 3488 ਕਿਲੋਮੀਟਰ ਸਰਹੱਦ ਲਗਦੀ ਹੈ, ਜਿਸ ਦੇ ਕਈ ਹਿੱਸਿਆਂ ਵਿਚ ਅਕਸਰ ਚੀਨੀ ਫ਼ੌਜਾਂ ਘੁਸਪੈਠ ਕਰਦੀਆਂ ਰਹੀਆਂ ਹਨ ਅਤੇ ਭਾਰਤ ਦੇ ਬਹੁਤ ਸਾਰੇ ਖੇਤਰਾਂ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਵੀ ਕਰਦੀਆਂ ਰਹਿੰਦੀਆਂ ਹਨ। ਚਾਹੇ ਦੋਵਾਂ ਦੇਸ਼ਾਂ ਵਿਚ ਇਕ ਕੰਟਰੋਲ ਰੇਖਾ ਤਾਂ ਸਥਾਪਿਤ ਕਰ ਲਈ ਗਈ ਸੀ ਪਰ ਚੀਨ ਨੇ ਹਾਲੇ ਤੱਕ ਵੀ ਭਾਰਤ ਦੇ ਬਹੁਤ ਸਾਰੇ ਇਲਾਕਿਆਂ ‘ਤੇ ਆਪਣਾ ਦਾਅਵਾ ਨਹੀਂ ਛੱਡਿਆ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਸਰਹੱਦਾਂ ‘ਤੇ ਗਸ਼ਤ ਕਰਦੀਆਂ ਰਹਿੰਦੀਆਂ ਹਨ, ਜਿਥੇ ਅਕਸਰ ਆਪਸੀ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਅਜਿਹੀ ਹੀ ਸਥਿਤੀ 15 ਜੂਨ, 2020 ਵਿਚ ਪੈਦਾ ਹੋਈ ਸੀ, ਜਦੋਂ ਗਲਵਾਨ ਘਾਟੀ ਵਿਚ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਦੀ ਆਪਸੀ ਝੜਪ ਹੋ ਗਈ ਸੀ, ਜਿਸ ਵਿਚ ਭਾਰਤ ਦੇ ਕਰਨਲ ਸਮੇਤ 20 ਫ਼ੌਜੀ ਸ਼ਹੀਦ ਹੋਏ ਸਨ। ਚੀਨ ਨੇ ਆਪਣੇ ਮਾਰੇ ਗਏ ਫ਼ੌਜੀਆਂ ਦੀ ਗਿਣਤੀ ਜ਼ਾਹਿਰ ਨਹੀਂ ਸੀ ਕੀਤੀ। ਇਸ ਤੋਂ ਬਾਅਦ ਦੋਵੇਂ ਹੀ ਦੇਸ਼ ਆਪੋ-ਆਪਣੇ ਪਾਸੇ ਫ਼ੌਜੀ ਜਮਾਵੜਾ ਕਰਦੇ ਰਹੇ ਸਨ। ਉਨ੍ਹਾਂ ਨੇ ਇਕ-ਦੂਸਰੇ ਦੇ ਸਾਹਮਣੇ ਆਪਣੇ ਆਧੁਨਿਕ ਹਥਿਆਰ ਵੀ ਲਿਆ ਖੜ੍ਹੇ ਕੀਤੇ ਸਨ, ਪਰ ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਨੇ ਫ਼ੌਜੀ ਅਤੇ ਕੂਟਨੀਤਕ ਪੱਧਰ ‘ਤੇ ਗੱਲਬਾਤ ਜਾਰੀ ਰੱਖੀ ਸੀ। ਭਾਰਤ ਇਸ ਗੱਲ ‘ਤੇ ਬਜ਼ਿੱਦ ਰਿਹਾ ਕਿ ਹਾਲਾਤ ਨੂੰ ਆਮ ਵਾਂਗ ਬਣਾਉਣ ਲਈ ਪੂਰਬੀ ਲੱਦਾਖ ਦੇ ਵਿਵਾਦਤ ਖੇਤਰਾਂ ਵਿਚ ਮਈ, 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਕੀਤੀ ਜਾਣੀ ਜ਼ਰੂਰੀ ਹੈ ਪਰ ਚੀਨ ਇਨ੍ਹਾਂ ਇਲਾਕਿਆਂ ‘ਤੇ ਆਪਣਾ ਅਧਿਕਾਰ ਜਮਾਉਂਦਾ ਰਿਹਾ, ਜੋ ਭਾਰਤ ਨੂੰ ਕਦਾਚਿਤ ਵੀ ਪ੍ਰਵਾਨ ਨਹੀਂ ਸੀ। ਇਸ ਲੰਮੀ ਗੱਲਬਾਤ ਵਿਚ ਪਹਿਲਾਂ ਪੈਂਗਾਂਗ ਝੀਲ ਦੇ ਉੱਤਰੀ ਤੇ ਦੱਖਣੀ ਹਿੱਸਿਆਂ ਤੋਂ ਫ਼ੌਜਾਂ ਹਟਾਈਆਂ ਗਈਆਂ। ਉਸ ਤੋਂ ਬਾਅਦ ਘੋਗਰਾ ਅਤੇ ਹਾਰਟ ਸਪਰਿੰਗ ਵਿਚੋਂ ਵੀ ਫ਼ੌਜਾਂ ਨੂੰ ਹਟਾ ਲਿਆ ਗਿਆ ਪਰ ਇਸ ਨਾਲ ਵੀ ਭਾਰਤ ਦੀ ਤਸੱਲੀ ਨਹੀਂ ਸੀ ਹੋਈ।
ਹੁਣ ਸਾਢੇ 4 ਸਾਲ ਦੇ ਅਰਸੇ ਤੋਂ ਬਾਅਦ ਪੂਰਬੀ ਲੱਦਾਖ ਦੇ ਦੋ ਸਰਹੱਦੀ ਖੇਤਰਾਂ ਦੇਪਸਾਂਗ ਅਤੇ ਡੇਮਚੋਕ ਤੋਂ ਵੀ ਫ਼ੌਜਾਂ ਹਟਾਉਣ ਸੰਬੰਧੀ ਸਮਝੌਤਾ ਸਿਰੇ ਚੜ੍ਹਾ ਲਿਆ ਗਿਆ ਹੈ। ਪਹਿਲਾਂ ਇਸ ਦੀ ਜਾਣਕਾਰੀ ਭਾਰਤ ਦੇ ਵਿਦੇਸ਼ ਸਕੱਤਰ ਅਤੇ ਉਸ ਤੋਂ ਬਾਅਦ ਵਿਦੇਸ਼ ਮੰਤਰੀ ਵਲੋਂ ਵੀ ਦਿੱਤੀ ਗਈ ਹੈ। ਹੁਣ ਚੀਨ ਦੇ ਵੀ ਵਿਦੇਸ਼ ਮੰਤਰਾਲੇ ਨੇ ਇਹ ਸੂਚਨਾ ਨਸ਼ਰ ਕਰ ਦਿੱਤੀ ਹੈ।
ਬਿਨਾਂ ਸ਼ੱਕ ਭਾਰਤ ਨੇ ਇਹ ਸਫ਼ਲਤਾ ਬਹੁਤ ਠਰੰਮੇ ਪਰ ਆਪਣਾ ਮਜ਼ਬੂਤ ਇਰਾਦਾ ਦਿਖਾ ਕੇ ਪ੍ਰਾਪਤ ਕੀਤੀ ਹੈ। ਇਸ ਤੋਂ ਪਹਿਲਾਂ ਵੀ ਭੁਟਾਨ ਨਾਲ ਲਗਦੀ ਚੀਨ ਦੀ ਸਰਹੱਦ ‘ਤੇ ਅਜਿਹਾ ਹੀ ਟਕਰਾਅ ਪੈਦਾ ਹੋਇਆ ਸੀ। ਸਾਲ 2017 ਵਿਚ ਚੀਨ ਦੀ ਫ਼ੌਜ ਭੂਟਾਨ ਅਤੇ ਭਾਰਤ ਦੀਆਂ ਹੱਦਾਂ ਅੰਦਰ ਡੋਕਲਾਮ ਤੱਕ ਪਹੁੰਚ ਗਈ ਸੀ, ਜਿਸ ਕਾਰਨ ਭਾਰਤ ਨੇ ਵੀ ਉੱਥੇ ਆਪਣੀਆਂ ਫ਼ੌਜਾਂ ਲਿਆ ਖੜ੍ਹੀਆਂ ਕੀਤੀਆਂ ਸਨ। 72 ਦਿਨ ਤਕ ਆਹਮੋ-ਸਾਹਮਣੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਖੜ੍ਹੀਆਂ ਰਹੀਆਂ ਸਨ ਪਰ ਅਖ਼ੀਰ ਚੀਨ ਨੇ ਭਾਰਤ ਦੇ ਸਖ਼ਤ ਰੁੱਖ ਨੂੰ ਦੇਖਦਿਆਂ ਉੱਥੋਂ ਆਪਣੀਆਂ ਫ਼ੌਜਾਂ ਹਟਾ ਲਈਆਂ ਸਨ।
ਬਿਨਾਂ ਸ਼ੱਕ ਅੱਜ ਚੀਨ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਭਾਰਤ ਉਸ ਦੇ ਸਾਹਮਣੇ ਦਲੇਰੀ ਨਾਲ ਖੜ੍ਹਾ ਹੋ ਸਕਦਾ ਹੈ। ਚੀਨ ਦੀ ਨੀਅਤ ਆਪਣੇ ਛੋਟੇ ਗੁਆਂਢੀ ਦੇਸ਼ਾਂ ਨੂੰ ਧਮਕਾਉਣ ਦੀ ਬਣੀ ਰਹੀ ਹੈ। ਉਹ ਦੱਖਣੀ ਚੀਨ ਦੇ ਸਮੁੰਦਰ ਦੇ ਵੱਡੇ ਹਿੱਸੇ ‘ਤੇ ਵੀ ਆਪਣਾ ਹੱਕ ਜਤਾ ਰਿਹਾ ਹੈ, ਜੋ ਅੱਜ ਹਿੰਦ-ਪ੍ਰਸ਼ਾਂਤ ਖੇਤਰ ਲਈ ਇਕ ਵੱਡਾ ਖ਼ਤਰਾ ਬਣ ਚੁੱਕਾ ਹੈ, ਇਸੇ ਲਈ ਹੀ ਉਸ ਦੇ ਖਿਲਾਫ਼ ਅੱਜ ਕਈ ਦੇਸ਼ਾਂ ਨੇ ਇਕੱਠੇ ਹੋ ਕੇ ਸੰਗਠਨ ਬਣਾ ਲਏ ਹਨ। ਇਸ ਸੰਦਰਭ ਵਿਚ ਹੀ ‘ਕੁਆਡ’ ਦੇ ਨਾਂਅ ‘ਤੇ ਚੀਨ ਦੇ ਸਮੁੰਦਰੀ ਖ਼ਤਰੇ ਨੂੰ ਭਾਂਪਦਿਆਂ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਦਾ ਸੰਗਠਨ ਹੋਂਦ ਵਿਚ ਆਇਆ ਹੈ, ਜਿਸ ਨੇ ਸਾਂਝੇ ਰੂਪ ਵਿਚ ਚੀਨ ਦੀ ਇਸ ਪਾਸਾਰਵਾਦੀ ਨੀਤੀ ਨੂੰ ਰੋਕਣ ਦਾ ਤਹੱਈਆ ਕਰ ਲਿਆ ਹੈ। ਭਾਰਤ ਵਲੋਂ ਅਪਣਾਏ ਰੁੱਖ ਅਤੇ ਦਿਖਾਈ ਦ੍ਰਿੜ੍ਹਤਾ ਨਾਲ ਚੀਨ ਨੂੰ ਕੁਝ ਠੱਲ੍ਹ ਜ਼ਰੂਰ ਪਈ ਹੈ ਪਰ ਅਜੇ ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਆਪਣੀ ਪਾਸਾਰਵਾਦੀ ਨੀਤੀ ਤੋਂ ਕਿਨਾਰਾ ਕਰ ਲਵੇਗਾ।

RELATED ARTICLES
POPULAR POSTS