ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਬੀਤੇ ਐਤਵਾਰ, ਪੈਰਿਟੀ ਰੋਡ ‘ਤੇ ਸਥਿਤ ਜੈਨਿੰਗਜ ਪਾਰਕ ਵਿੱਚ ਮੈਕਲਿਓਰ ਕਲੱਬ ਦੇ ਮੈਂਬਰਾਂ ਨੇ ਕੈਨੇਡਾ ਦਿਵਸ ਬੜੀ ਧੂੰਮ ਧਾਮ ਨਾਲ ਮਨਾਇਆ। ਇਸ ਕਲੱਬ ਦੀ ਕਾਰਜਕਰਨੀ ਕੁਝ ਦੇਰ ਪਹਿਲਾਂ ਚੁਣੀ ਗਈ ਸੀ, ਜਿਸ ਵਿੱਚ ਪ੍ਰਧਾਨ ਹਰਬੰਸ ਸਿੰਘ ਸਿੱਧੂ, ਮੀਤ ਪ੍ਰਧਾਨ ਗਿਆਨ ਸਿੰਘ ਸੰਧੂ, ਸਕੱਤਰ ਰਜਿੰਦਰ ਸਿੰਘ ਗਰੇਵਾਲ ਅਤੇ ਡਾਇਰੈਕਟਰ ਕੀਰਤ ਸਿੰਘ, ਗੁਰਦੇਵ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ ਖੈਰ੍ਹਾ ਅਤੇ ਡਾ ਪਟੇਲ ਚੁਣੇ ਗਏ ਸਨ। ਇਸ ਕਾਰਜਕਰਨੀ ਨੇ ਸਾਰੇ ਮੈਂਬਰਾਂ ਨੂੰ ਨਾਲ ਜੋੜ ਕੇ ਇਸ ਪ੍ਰੋਗਰਾਮ ਦਾ ਅਯੋਜਨ ਕੀਤਾ। ਮੈਂਬਰਾਂ ਦੇ ਨਾਲ ਨਾਲ ਦੂਸਰੇ ਕਲੱਬਾਂ ਵਿੱਚੋਂ ਵੀ ਕਈ ਬਜ਼ੁਰਗ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਸਿਟੀ ਕੌਂਸਲ ਵਲੋਂ ਸ਼ਾਮਲ ਹੋਏ, ਕੌਂਸਲਰ ਨਵਜੀਤ ਕੌਰ ਬਰਾੜ ਅਤੇ ਰਿਜਨਲ ਕੌਂਸਲਰ ਮਾਇਕਲ ਪਾਲੇਸ਼ੀ ਨੇ ਅਪਣੇ ਵਿਚਾਰ ਸਾਂਝੇ ਕਰਦਿਆਂ, ਕਲੱਬ ਦੇ ਮੈਂਬਰਾਂ ਨੂੰ ਆਪਣੇ ਵਲੋਂ ਇਸ ਇਲਾਕੇ ਵਿਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਹਰ ਕੰਮ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਮੈਂਬਰ ਪ੍ਰੋਵਿੰਸੀਲ ਗਵਰਨਮੈਂਟ ਅਮਰਜੋਤ ਸੰਧੂ ਨੇ ਓਨਟਾਰੀਓ ਸਰਕਾਰ ਵਲੋਂ ਬਜ਼ੁਰਗਾਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਦੱਸਿਆ। ਸੀਨੀਅਰ ਕਲੱਬਾਂ ਦੀ ਫੈਡਰੇਸ਼ਨ ਦੇ ਪ੍ਰਧਾਨ ਜਗੀਰ ਸਿੰਘ ਸੈਂਭੀ ਨੇ ਕਿਹਾ ਕਿ ਕਲੱਬ ਬਜ਼ੁਰਗਾਂ ਦੀ ਮਾਨਸਿਕ ਸਿਹਤ ਬਿਹਤਰ ਬਣਾਉਣ ਵਿੱਚ ਅਪਣਾ ਯੋਗਦਾਨ ਪਾ ਰਹੇ ਹਨ। ਹਰਚੰਦ ਸਿੰਘ ਬਾਸੀ ਨੇ ਇਸ ਮੌਕੇ ਆਪਣੀ ਕਵਿਤਾ ਸਾਂਝੀ ਕੀਤੀ।
ਡਾ ਬਲਜਿੰਦਰ ਸੇਖੋਂ ਨੇ ਮਨੁੱਖ ਦੇ 15000 ਸਾਲ ਪਹਿਲਾਂ ਇਸ ਖੇਤਰ ਵਿੱਚ ਪੈਰ ਪਾਉਣ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਬਾਰੇ ਸੰਖੇਪ ਵਿੱਚ ਵਿਚਾਰ ਰੱਖੇ। ਪ੍ਰੋਗਰਾਮ ਦੇ ਆਖਿਰ ਤੇ ਮੈਂਬਰ ਔਰਤਾਂ ਨੇ ਗਿੱਧਾ ਪਾ ਕੇ ਪੰਜਾਬ ਦੀਆਂ ਤੀਆਂ ਦਾ ਮਹੌਲ ਸਿਰਜ ਦਿੱਤਾ। ਇਸ ਸਮੇਂ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ ਸੀ। ਕਲੱਬ ਬਾਰੇ ਹੋਰ ਜਾਣਕਾਰੀ ਲਈ ਗਿਆਨ ਸਿੰਘ ਸੰਧੂ ਨਾਲ 416 712 4474 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।