Breaking News
Home / ਕੈਨੇਡਾ / ਮਜ਼ਬੂਤ ਮਿਡਲ ਕਲਾਸ ਅਤੇ ਜ਼ਿੰਮੇਵਾਰ ਵਿੱਤੀ-ਵਿਉਂਤਬੰਦੀ ਨਾਲ ਹੀ ਬਣਦਾ ਹੈ ਮਜ਼ਬੂਤ ਅਰਥਚਾਰਾ : ਰੂਬੀ ਸਹੋਤਾ

ਮਜ਼ਬੂਤ ਮਿਡਲ ਕਲਾਸ ਅਤੇ ਜ਼ਿੰਮੇਵਾਰ ਵਿੱਤੀ-ਵਿਉਂਤਬੰਦੀ ਨਾਲ ਹੀ ਬਣਦਾ ਹੈ ਮਜ਼ਬੂਤ ਅਰਥਚਾਰਾ : ਰੂਬੀ ਸਹੋਤਾ

ਬਰੈਂਪਟਨ : ਬਰੈਂਪਟਨ ਨੌਰਥ ਤੋਂ ਮੁੜ ਚੁਣ ਗਈ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਫ਼ੈੱਡਰਲ ਲਿਬਰਲ ਸਰਕਾਰ ਦੇ ਬੱਜਟ ਤੋਂ ਪਹਿਲਾਂ ਹੋਣ ਵਾਲੇ ਮਸ਼ਵਰਿਆਂ ਵਿਚ ਲੋਕਾਂ ਨੂੰ ਆਪਣਾ ਯੋਗਦਾਨ ਪਾਉਣ ਲਈ ਕਿਹਾ ਹੈ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦਾ ਮਜ਼ਬੂਤ ਅਰਥਚਾਰਾ ਉੱਥੋਂ ਦੇ ਮਜ਼ਬੂਤ ਮੱਧ-ਵਰਗ ਅਤੇ ਜ਼ਿੰਮੇਵਾਰ ਵਿੱਤੀ-ਵਿਉਂਤਬੰਦੀ ਤੋਂ ਸ਼ੁਰੂ ਹੁੰਦਾ ਹੈ। ਪਿਛਲੇ ਚਾਰ ਸਾਲਾਂ ਦੌਰਾਨ ਲੋਕਾਂ ਅਤੇ ਕਮਿਊਨਿਟੀਆਂ ਵਿਚ ਪੂੰਜੀ-ਨਿਵੇਸ਼ ਅਤੇ ਕੈਨੇਡੀਅਨਾਂ ਦੀ ਸਖ਼ਤ ਮਿਹਨਤ ਸਦਕਾ ਦੇਸ਼ ਵਿਚ ਇਕ ਮਿਲੀਅਨ ਤੋਂ ਵਧੇਰੇ ਨੌਕਰੀਆਂ ਪੈਦਾ ਕਰਨ, ਵਿੱਤੀ ਵਾਧੇ ਅਤੇ ਲੋਕਾਂ ਦੇ ਜੀਵਨ-ਪੱਧਰ ਨੂੰ ਉੱਚਾ ਚੁੱਕਣ ਵਿਚ ਮਦਦ ਮਿਲੀ ਹੈ। ਇਸ ਪ੍ਰਗਤੀ ਨੂੰ ਅੱਗੋਂ ਲਗਾਤਾਰ ਜਾਰੀ ਰੱਖਣ ਲਈ ਲੋਕਾਂ ਦੇ ਸਹਿਯੋਗ ਅਤੇ ਸੁਹਿਰਦ ਮਸ਼ਵਰਿਆਂ ਦੀ ਜ਼ਰੂਰਤ ਹੈ। ਪਿਛਲੇ ਹਫ਼ਤੇ ਵਿੱਤ ਮੰਤਰੀ ਬਿਲ ਮੌਰਨਿਉ ਨੇ ਕੈਨੇਡਾ ਦੇ ਬੱਜਟ 2020 ਦੇ ਲਈ ਸਲਾਹ-ਮਸ਼ਵਰੇ ਦਾ ਦੌਰ ਸ਼ੁਰੂ ਕੀਤਾ ਸੀ। ਇਹ ਮਸ਼ਵਰੇ ‘ਕੈਨੇਡਾ ਦੇ ਤਾਜ’ ਵੱਲੋਂ 2019 ਵਿਚ ਦਿੱਤੇ ਗਏ ਭਾਸ਼ਨ ਵਿਚ ਦਰਸਾਈਆਂ ਗਈਆਂ ਤਰਜੀਹਾਂ ਉੱਪਰ ਕੇਂਦ੍ਰਿਤ ਹੋਣਗੇ ਜਿਸ ਵਿਚ ਮੱਧ-ਵਰਗ ਨੂੰ ਮਜ਼ਬੂਤ ਕਰਨਾ, ਦੇਸ਼ ਦੇ ਅਰਥਚਾਰੇ ਵਿਚ ਵਾਧਾ ਕਰਨਾ, ਵਾਤਾਵਰਣ ਵਿਚ ਹੋ ਰਹੀਆਂ ਤਬਦੀਲੀਆਂ ਵਿਰੁੱਧ ਲੜਨਾ ਅਤੇ ਵਾਤਾਵਰਣ ਨੂੰ ਬਚਾਉਣ ਲਈ ਤਿਆਰੀ ਕਰਨਾ, ਕੈਨੇਡਾ-ਵਾਸੀਆਂ ਨੂੰ ਤੰਦਰੁਸਤ ਤੇ ਸੁਰੱਖ਼ਿਅਤ ਰੱਖਣਾ, ਅਤੇ ਕੈਨੇਡਾ ਦੇ ਪੁਰਾਤਨ-ਵਾਸੀਆਂ ਵਿਚ ਵਿਸ਼ਵਾਸ ਨੂੰ ਵਧਾਉਣਾ, ਆਦਿ ਸ਼ਾਮਲ ਹਨ।
ਮੰਤਰੀ ਮੌਰਨਿਊ ਅਤੇ ਐੱਮ.ਪੀ. ਰੂਬੀ ਸਹੋਤਾ ਸਾਰੇ ਕੈਨੇਡਾ ਵਾਸੀਆਂ ਕੋਲੋਂ ਉਨ੍ਹਾਂ ਦੇ ਸੁਝਾਵਾਂ ਦੀ ਮੰਗ ਕਰਦੇ ਹਨ ਜਿਨ੍ਹਾਂ ਨਾਲ ਸਰਕਾਰ ਨੂੰ ਅਜਿਹਾ ਅਰਥਚਾਰਾ ਬਨਾਉਣ ਵਿਚ ਮਦਦ ਮਿਲੇ ਜੋ ਹਰੇਕ ਦੇਸ਼-ਵਾਸੀ ਲਈ ਲਾਹੇਵੰਦ ਹੋਵੇ। ਲੋਕ ਆਪਣੇ ਸੁਝਾਅ ਐੱਮ.ਪੀ. ਰੂਬੀ ਸਹੋਤਾ ਦੇ ਦਫ਼ਤਰ ਵਿਚ ਆ ਕੇ ਦੇ ਸਕਦੇ ਹਨ ਅਤੇ ਉਹ ਬੱਜਟ ਦੀ ਵੈੱਬਸਾਈਟ http://budget.gc.ca/2020/prebudget-prebudgetaire/index-en.html ‘ਤੇ ਜਾ ਕੇ ਆਪਣੇ ਵਿਚਾਰ ਦਰਜ ਕਰ ਸਕਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …