Breaking News
Home / ਕੈਨੇਡਾ / ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਸਰਬ-ਸੰਮਤੀ ਨਾਲ ਹੋਈ

ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੀ ਕਾਰਜਕਾਰਨੀ ਕਮੇਟੀ ਦੀ ਚੋਣ ਸਰਬ-ਸੰਮਤੀ ਨਾਲ ਹੋਈ

ਪ੍ਰੀਤਮ ਸਿੰਘ ਸਰਾਂ ਤੀਸਰੀ ਵਾਰ ਇਸ ਕਲੱਬ ਦੇ ਪ੍ਰਧਾਨ ਬਣੇ
ਬਰੈਂਪਟਨ/ਡਾ.ਝੰਡ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੀ ਪਿਛਲੇ ਦਿਨੀਂ ਹੋਈ ਜਨਰਲ ਬਾਡੀ ਮੀਟਿੰਗ ਫ਼ਰਾਂਸਿਜ਼ ਐੱਚ. ਟੇਲਰ ਪਾਰਕ ਵਿਚ ਹੋਈ ਜਿਸ ਦਾ ਮੁੱਖ ਏਜੰਡਾ ਕਲੱਬ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕਰਨਾ ਸੀ। ਮੀਟਿੰਗ ਦੀ ਕਾਰਵਾਈ ਮਹਿੰਦਰਪਾਲ ਸਿੰਘ ਪੰਨੂੰ ਵੱਲੋਂ ਸ਼ੁਰੂ ਕੀਤੀ ਗਈ। ਉਪਰੰਤ, ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵੱਲੋਂ ਕਲੱਬ ਦੀਆਂ ਪਿਛਲੇ ਦੋ ਸਾਲਾਂ ਦੀਆਂ ਗ਼ਤੀਵਿਧੀਆਂ ਦਾ ਲੇਖਾ-ਜੋਖਾ ਮੈਂਬਰਾਂ ਅੱਗੇ ਪੇਸ਼ ਕੀਤਾ ਗਿਆ ਅਤੇ ਸਲਾਨਾ ਖ਼ਰਚਾ ਰਿਪੋਰਟ ਪੜ੍ਹੀ ਗਈ ਜਿਸ ਨੂੰ ਹਾਊਸ ਵੱਲੋਂ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਇਸ ਤੋਂ ਪਿੱਛੋਂ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵੱਲੋਂ ਕਲੱਬ ਦੀ ਪਿਛਲੀ ਕਾਰਜਕਾਰਨੀ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ ਗਿਆ ਅਤੇ ਆਉਂਦੇ ਸਮੇਂ ਲਈ ਨਵੀਂ ਕਾਰਜਕਾਰਨੀ ਕਮੇਟੀ ਦਾ ਗਠਨ ਕਰਨ ਲਈ ਕਿਹਾ ਗਿਆ। ਕਲੱਬ ਦੇ ਸੂਝਵਾਨ ਮੈਂਬਰਾਂ ਵੱਲੋਂ ਆਏ ਹੋਏ ਸੁਝਾਆਂ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰੀਤਮ ਸਿੰਘ ਸਰਾਂ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਖਾਈ ਗਈ ਸ਼ਾਨਦਾਰ ਕਾਗ਼ੁਜ਼ਾਰੀ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੂੰ ਤੀਸਰੀ ਵਾਰ ਮੁੜ ਸਰਬ-ਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਅਤੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਪ੍ਰੋ. ਲਾਲ ਸਿੰਘ ਬਰਾੜ ਮੀਤ-ਪ੍ਰਧਾਨ, ਮਹਿੰਦਰਪਾਲ ਸਿੰਘ ਸਿੱਧੂ ਸਕੱਤਰ, ਪਿਆਰੇ ਲਾਲ ਸ਼ਰਮਾ ਕੈਸ਼ੀਅਰ, ਸ਼ਿਵ ਕੁਮਾਰ ਅਭੀ ਪੈਟਰਨ, ਦਵਿੰਦਰ ਸਿੰਘ ਦਿਓਲ ਸਲਾਹਕਾਰ, ਵਿਸਾਖਾ ਸਿੰਘ ਤਾਤਲਾ ਕੋਆਰਡੀਨੇਟਰ ਅਤੇ ਡਾਇਰੈੱਕਟਰ ਸਾਹਿਬਾਨਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਕਿਹਾ ਜਾ ਸਕਦਾ ਹੈ। ਅਖ਼ੀਰ ਵਿਚ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵੱਲੋਂ ਸਮੂਹ-ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਪੂਰਨ ਵਿਸ਼ਵਾਸ ਦਿਵਾਇਆ ਗਿਆ ਕਿ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਨਵੀਂ ਕਾਰਜਕਾਰਨੀ ਕਮੇਟੀ ਪਹਿਲਾਂ ਨਾਲੋਂ ਵੀ ਵਧੇਰੇ ਉਤਸ਼ਾਹ ਨਾਲ ਕੰਮ ਕਰੇਗੀ ਅਤੇ ਬਰੈਂਪਟਨ ਵਿਚ ਇਸ ਕਲੱਬ ਦਾ ਨਾਂ ਰੌਸ਼ਨ ਕਰੇਗੀ। ਅੰਤ ਵਿਚ ਸਾਰੇ ਮੈਂਬਰਾਂ ਨੇ ਮਿਲ ਕੇ ਮਠਿਆਈ, ਪਕੌੜਿਆਂ ਅਤੇ ਚਾਹ ਦਾ ਅਨੰਦ ਮਾਣਿਆਂ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …