ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਸਿਸਟਮ ਠੀਕ ਚੱਲੇ ਇਸ ਲਈ ਵਧਾਇਆ ਸਮਾਂ
ਓਨਟਾਰੀਓ/ਬਿਊਰੋ ਨਿਊਜ਼ : 10 ਡਾਲਰ ਰੋਜ਼ਾਨਾ ਵਾਲੇ ਪ੍ਰੋਗਰਾਮ ਵਿੱਚ ਚਾਈਲਡ ਕੇਅਰ ਆਪਰੇਟਰਜ਼ ਨੂੰ ਸ਼ਾਮਲ ਕਰਨ ਲਈ ਓਨਟਾਰੀਓ ਸਰਕਾਰ ਵੱਲੋਂ ਡੈੱਡਲਾਈਨ ਵਿੱਚ ਦੋ ਮਹੀਨੇ ਦਾ ਵਾਧਾ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਡੇਅਕੇਅਰ ਆਪਰੇਟਰਜ਼ ਕੋਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪਹਿਲੀ ਸਤੰਬਰ ਤੱਕ ਦਾ ਸਮਾਂ ਸੀ। ਹੁਣ ਇਹ ਡੈੱਡਲਾਈਨ ਵਧਾ ਕੇ ਪਹਿਲੀ ਨਵੰਬਰ ਕਰ ਦਿੱਤੀ ਗਈ ਹੈ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਆਖਿਆ ਕਿ ਇਸ ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਹੀ ਵਾਧੂ ਸਮਾਂ ਦਿੱਤਾ ਜਾ ਰਿਹਾ ਹੈ। ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਡੇਅਕੇਅਰ ਆਪਰੇਟਰਜ਼ ਇਸ ਪ੍ਰੋਗਰਾਮ ਨਾਲ ਜੁੜ ਸਕਣ।
ਇਸ ਨਾਲ ਕਾਰਵਾਈ ਕਰਨ ਲਈ ਜਿੱਥੇ ਵਧੇਰੇ ਸਮਾਂ ਮਿਲ ਸਕੇਗਾ ਉੱਥੇ ਹੀ ਲਾਲ ਫੀਤਾਸ਼ਾਹੀ ਨੂੰ ਘਟਾਇਆ ਜਾਵੇਗਾ ਤੇ 2023 ਲਈ ਹੋਰ ਫੰਡ ਮੁਹੱਈਆ ਕਰਵਾਉਣ ਦੀ ਕਵਾਇਦ ਨੂੰ ਅਮਲ ਵਿੱਚ ਲਿਆਂਦਾ ਜਾ ਸਕੇਗਾ। ਇਸ ਨਾਲ ਵੱਧ ਤੋਂ ਵੱਧ ਆਪਰੇਟਰਜ਼ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਣਗੇ। ਇਸ ਬਾਰੇ ਕੁਈਨਜ ਪਾਰਕ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਸਟੀਫਨ ਲਿਚੇ ਨੇ ਹੋਰ ਵੇਰਵੇ ਤਾਂ ਮੁਹੱਈਆ ਨਹੀਂ ਕਰਵਾਏ ਪਰ ਮਿਊਂਸਪੈਲਿਟੀਜ਼ ਨੂੰ ਭੇਜੇ ਪੱਤਰ ਵਿੱਚ ਇਹ ਆਖਿਆ ਗਿਆ ਹੈ ਕਿ ਇਸ ਨਾਲ ਆਪਰੇਟਰਜ਼ ਨੂੰ ਫੈਸਲਾ ਲੈਣ ਵਿੱਚ ਵੱਧ ਸਮਾਂ ਮਿਲੇਗਾ ਤੇ ਮਾਪਿਆਂ ਵੱਲੋਂ ਬਚਤ ਯਕੀਨੀ ਬਣਾਈ ਜਾ ਸਕੇਗੀ।