Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ‘ਚ ਸਿਰਫਿਰੇ ਨੇ ਰਾਹਗੀਰਾਂ ‘ਤੇ ਚੜ੍ਹਾਈ ਵੈਨ

ਟੋਰਾਂਟੋ ‘ਚ ਸਿਰਫਿਰੇ ਨੇ ਰਾਹਗੀਰਾਂ ‘ਤੇ ਚੜ੍ਹਾਈ ਵੈਨ

ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 10 ਹੋਈ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਆਬਾਦੀ ਪੱਖੋਂ ਸਭ ਤੋਂ ਵੱਡੇ ਅਤੇ ਰੁਝੇਵਿਆਂ ਵਿਚ ਰੁੱਝੇ ਰਹਿੰਦੇ ਲੋਕਾਂ ਦੇ ਸ਼ਹਿਰ ਟੋਰਾਂਟੋ ਵਿਚ (ਡਾਊਨ ਟਾਊਨ ਵਿਚ ਯੰਗ ਸਟਰੀਟ ਤੇ ਫਿੰਚ ਐਵੇਨਿਊ ਏਰੀਆ) ਦਿਨ ਦਿਹਾੜੇ ਇਕ ਸਿਰਫਿਰੇ ਨੇ ਸੜਕਾਂ ‘ਤੇ ਅੰਨ੍ਹੇਵਾਹ ਵੈਨ ਭਜਾ ਕੇ ਵੱਡੀ ਹਿਰਦੇਵੇਦਕ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ 10 ਤੱਕ ਪੁੱਜ ਗਈ ਹੈ।
ਇਸ ਘਟਨਾ ਨਾਲ਼ ਸ਼ਹਿਰ ਵਿਚ ਦਿਨ ਵੇਲੇ ਡੇਢ ਕੁ ਵਜੇ ਤਹਿਲਕੇ ਵਾਲੇ ਹਾਲਾਤ ਬਣ ਗਏ, ਜਿਸ ਦੌਰਾਨ ਪੁਲਿਸ ਤੇ ਬਚਾਅ ਅਮਲੇ ਨੇ ਸਰਗਰਮੀ ਨਾਲ ਦਖ਼ਲ ਦੇ ਕੇ ਹਮਲੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਹਸਪਤਾਲਾਂ ਵਿਚ ਪਹੁੰਚਾਇਆ। ਦੋਸ਼ੀ ਆਪਣਾ ਕਾਰਾ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਕੁਝ ਦੂਰੀ ਤੋਂ ਕਾਬੂ ਕਰ ਲਿਆ ਗਿਆ। ਪਤਾ ਲੱਗਾ ਹੈ ਕਿ ਸ਼ੱਕੀ ਦੀ ਪਛਾਣ ਅਲੈਕ ਮਨੇਸੀਅਨ (25) ਵਜੋਂ ਕੀਤੀ ਗਈ ਹੈ ਜੋ ਪੁਲਿਸ ਨੂੰ ਆਖ ਰਿਹਾ ਸੀ ਕਿ ਮੈਨੂੰ ਮਾਰ ਦਿਓ। ਟੋਰਾਂਟੋ ਡਾਊਨ ਟਾਊਨ ਵਿਚ (ਦਿੱਲੀ ਵਿਚ ਕਨਾਟ ਪਲੇਸ ਵਾਂਗ) ਜਿੱਥੇ ਦਿਨ ਭਰ ਵਾਹਨਾਂ ਦੀ ਭੀੜ ਰਹਿੰਦੀ ਹੈ, ਉੱਥੇ ਰਸਤੇ ਰਾਹਗੀਰਾਂ ਨਾਲ ਭਰੇ ਹੁੰਦੇ ਹਨ।
ਮੌਕੇ ‘ਤੇ ਹਾਜ਼ਰ ਗਵਾਹਾਂ ਨੇ ਦਰਦਨਾਕ ਘਟਨਾ ਦਾ ਬਿਆਨ ਕਰਦਿਆਂ ਦੱਸਿਆ ਕਿ ਦੋਸ਼ੀ ਨੇ ਸੜਕ ਦੇ ਪਾਸੇ ‘ਤੇ ਤੁਰਨ ਵਾਸਤੇ ਬਣੀ ਜਗ੍ਹਾ (ਸਾਈਡ ਵਾਕ) ਉੱਪਰ ਚਿੱਟੇ ਰੰਗ ਦੀ ਵੈਨ ਨੂੰ ਚੜ੍ਹਾ ਕੇ ਤੇਜ਼ ਭਜਾਈ, ਜਿਸ ਨਾਲ ਰਾਹਗੀਰਾਂ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਨਹੀਂ ਮਿਲਿਆ। ਸ਼ਹਿਰ ਦੇ ਮੇਅਰ ਜੌਨ ਟੋਰੀ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ। ਕੈਨੇਡਾ ਦੀ ਸੰਸਦ ਦੇ ਚੱਲਦੇ ਸੈਸ਼ਨ ਵਿਚ ਸਰਕਾਰੀ ਤੇ ਵਿਰੋਧੀ ਧਿਰ ਨੇ ਇਕਜੁਟਤਾ ਨਾਲ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਦੇਸ਼ ਦੇ ਜਨਤਕ ਸੁਰੱਖਿਆ ਮੰਤਰੀ ਰਾਲਫ ਗੁਡੇਲ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ ਤੇ ਇਸ ਦੇ ਕਾਰਨਾਂ ਅਤੇ ਦੋਸ਼ੀ ਦੇ ਇਰਾਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਓਨਟਾਰੀਓ ਦੀ ਮੁੱਖ ਮੰਤਰੀ ਕੈਥਲੀਨ ਵਿਨ ਨੇ ਘਟਨਾ ਸਥਾਨ ‘ਤੇ ਪੁੱਜ ਕੇ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।

Check Also

ਫੋਰਡ ਸਰਕਾਰ ਨੇ ਪੇਸ਼ ਕੀਤਾ 214 ਬਿਲੀਅਨ ਦੇ ਖਰਚੇ ਵਾਲਾ ਬਜਟ

ਲਿਬਰਲ ਆਗੂ ਬੌਨੀ ਕ੍ਰੌਂਬੀ ਨੇ ਬਜਟ ਦੀ ਜਮ ਕੇ ਕੀਤੀ ਆਲੋਚਨਾ ਓਨਟਾਰੀਓ/ਬਿਊਰੋ ਨਿਊਜ਼ : ਡਗ …