ਬਰੈਂਪਟਨ/ਡਾ. ਝੰਡ : ਪਿਛਲੇ 4-5 ਸਾਲ ਤੋਂ ਬਰੈਂਪਟਨ ਵਿਚ ਵਿਚਰ ਰਹੀ ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ‘ਪੀ.ਐੱਸ.ਬੀ. ਸੀਨੀਅਰਜ਼ ਕਲੱਬ’ ਦੇ ਮੈਂਬਰਾਂ ਨੇ 28 ਮਈ ਨੂੰ ਟੋਰਾਂਟੋ ਦੇ ਸੈਂਟਰ ਆਈਲੈਂਡ ਦਾ ਪਰਿਵਾਰਕ ਟੂਰ ਲਗਾਇਆ ਜਿਸ ਵਿਚ ਇਸਦੇ 104 ਮੈਂਬਰਾਂ ਨੇ ਸ਼ਾਮਲ ਹੋ ਕੇ ਇਸ ਦਾ ਭਰਪੂਰ ਅਨੰਦ ਮਾਣਿਆਂ। ਓਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂਘਰ ਦੀ ਪਾਰਕਿੰਗ ਵਿਚ ਖੜ੍ਹੀਆਂ ਤਿੰਨ ਬੱਸਾਂ ‘ਤੇ ਸਵੇਰੇ 10.00 ਵਜੇ ਸਵਾਰ ਹੋ ਕੇ ਉਹ ਪੌਣੇ ਗਿਆਰਾਂ ਵਜੇ ਦੇ ਕਰੀਬ ਟੋਰਾਂਟੋ ਡਾਊਨ ਟਾਊਨ ਤੋਂ ਸੈਂਟਰ ਆਈਲੈਂਡ ਨੂੰ ਜਾਣ ਵਾਲੀਆਂ ਫ਼ੈਰੀਆਂ ਦੇ ਸਟੇਸ਼ਨ ‘ਤੇ ਪਹੁੰਚ ਗਏ ਅਤੇ ਜਲਦੀ ਹੀ ਸਾਰੇ ਇਕ ਫ਼ੈਰੀ ਵਿਚ ਸਵਾਰ ਹੋ ਗਏ।
ਫ਼ੈਰੀ ਦਾ ਇਹ ਸਫ਼ਰ ਬੜਾ ਸੁਹਾਵਣਾ ਤੇ ਦਿਲਚਸਪ ਸੀ ਅਤੇ ਪਹਿਲੀ ਵਾਰ ਇਸ ਵਿਚ ਬੈਠਣ ਵਾਲਿਆਂ ਲਈ ਤਾਂ ਇਹ ਹੋਰ ਵੀ ਖਿੱਚ ਭਰਪੂਰ ਸੀ। ਫ਼ੈਰੀ ਵਿਚ ਕਈਆਂ ਨੇ ਟੋਰਾਂਟੋ ਡਾਊਨ ਟਾਊਨ ਦੀਆਂ ਅਸਮਾਨ ਛੂੰਹਦੀਆਂ ਇਮਾਰਤਾਂ ਅਤੇ ਸੀ.ਐੱਨ ਟਾਵਰ ਦੀਆਂ ਤਸਵੀਰਾਂ ਆਪਣੇ ਸੈੱਲ-ਫ਼ੋਨਾਂ ਨਾਲ ਲਈਆਂ। ਫ਼ੈਰੀ ਦੇ ਦੋਵੇਂ ਪਾਸੇ ਚੱਲ ਰਹੀਆਂ ਕਿਸ਼ਤੀਆਂ ਅਤੇ ਸੈਂਟਰ ਆਈਲੈਂਡ ਦੇ ਛੋਟੇ ਜਿਹੇ ਹਵਾਈ-ਅੱਡੇ ‘ਤੇ ਚੜ੍ਹਦੇ-ਉੱਤਰਦੇ ਹਵਾਈ-ਜਹਾਜ਼ ਵੀ ਸਾਰਿਆਂ ਦੀ ਖਿੱਚ ਦਾ ਕਾਰਨ ਬਣੇ ਹੋਏ ਸਨ। 40 ਕੁ ਮਿੰਟਾਂ ਵਿਚ ਫ਼ੈਰੀ ਸੈਂਟਰ ਆਈਲੈਂਡ ਦੇ ਕੰਢੇ ਬਣੇ ਸ਼ਾਨਦਾਰ ਘਾਟ ‘ਤੇ ਪਹੁੰਚ ਗਈ। ਫ਼ੈਰੀ ਵਿਚੋਂ ਉੱਤਰ ਕੇ ਸਾਰੇ ਜਣੇ ਇਕ ਪਾਰਕ ਵਿਚ ਇਕੱਠੇ ਹੋ ਗਏ। ਇੱਥੇ ਸਾਰੇ ਮੈਂਬਰਾਂ ਨੂੰ ਸਨੈਕਸ, ਜੂਸ ਅਤੇ ਪਾਣੀ ਦੀਆਂ ਬੋਤਲਾਂ ਸਰਵ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਬੱਸਾਂ ਤੇ ਫ਼ੇਰੀ ਦੇ ਕਿਰਾਏ ਸਮੇਤ ਇਸ ਸੱਭ ਕਾਸੇ ਦੇ ਲਈ ਪ੍ਰਬੰਧਕਾਂ ਵੱਲੋਂ ਉਨ੍ਹਾਂ ਕੋਲੋਂ ਕੋਈ ਖ਼ਰਚਾ ਵਸੂਲ ਨਹੀਂ ਕੀਤਾ ਗਿਆ। ਪੀ.ਐੱਸ.ਬੀ. ਦੇ ਪ੍ਰਧਾਨ ਗੁਰਚਰਨ ਸਿੰਘ ਖੱਖ, ਮੀਤ-ਪ੍ਰਧਾਨ ਗਿਆਨ ਪਾਲ ਤੇ ਸਕੱਤਰ ਹਰਚਰਨ ਸਿੰਘ ਰਾਜਪੂਤ ਵੱਲੋਂ ਆਪਣੇ ਸੰਬੋਧਨਾਂ ਰਾਹੀਂ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਪਿਕਨਿਕ ਦੇ ਪ੍ਰੋਗਰਾਮ ਦਾ ਵੇਰਵਾ ਦੱਸਿਆ ਗਿਆ। ਕਾਰਜਕਾਰਨੀ ਦੇ ਮੈਂਬਰ ਸੁਖਦੇਵ ਸਿੰਘ ਬੇਦੀ ਨੇ ਇਸ ਆਈਲੈਂਡ ਵਿਚ ਮੌਜੂਦ ਦਿਲਚਸਪ ਤੇ ਮਹੱਤਵਪੂਰਨ ਥਾਵਾਂ ਅਤੇ ਸਹੂਲਤਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਪਿਕਨਿਕ ਵਿਚ ਸ਼ਾਮਲ ਸਾਰੇ ਮੈਂਬਰਾਂ ਦੀ ਇਕ ਗਰੁੱਪ ਫੋਟੋ ਵੀ ਲਈ ਗਈ।ਉਪਰੰਤ, ਸਾਰੇ ਮੈਂਬਰ ਛੋਟੇ-ਛੋਟੇ ਗਰੁੱਪਾਂ ਵਿਚ ਆਈਲੈਂਡ ਦੀ ਸੈਰ ਨੂੰ ਚੱਲ ਪਏ। ਉਨ੍ਹਾਂ ਨੇ ਇੱਥੇ ਬਣੇ ਸ਼ਾਨਦਾਰ ਪਾਰਕਾਂ, ਫੁਹਾਰਿਆਂ ਅਤੇ ਕੁਦਰਤੀ ਨਜ਼ਾਰਿਆਂ ਦਾ ਰੱਜ ਕੇ ਲੁਤਫ ਲਿਆ। ਗਰੁੱਪਾਂ ਵਿਚ ਬੈਠ ਕੇ ਹੀ ਦੁਪਹਿਰ ਦਾ ਭੋਜਨ ਛਕਿਆ ਜੋ ਉਹ ਆਪਣੇ ਨਾਲ ਲਿਆਏ ਸਨ। ਕਈਆਂ ਨੇ ਸਾਈਕਲਿੰਗ ਦਾ ਅਤੇ ਕਈਆਂ ਬੀਚ ਦੇ ਕੰਢੇ ਬੈਠ ਕੇ ਸੁਹਾਵਣੇ ਮੌਸਮ ਵਿਚ ਸੂਰਜ ਦੀ ਨਿੱਘੀ ਧੁੱਪ ਦਾ ਅਨੰਦ ਲਿਆ। ਚਾਹ ਅਤੇ ਕੌਫੀ ਦੀਆਂ ਚੁਸਕੀਆਂ ਦੌਰਾਨ ਚੁਟਕਲੇ-ਬਾਜ਼ੀ, ਕਵਿਤਾ-ਉਚਾਰਨ, ਗੀਤ-ਸੰਗੀਤ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦਾ ਦੌਰ ਵੀ ਚੱਲਦਾ ਰਿਹਾ। ਗੱਲ ਕੀ, ਇਸ ਮੌਕੇ ਲੱਗਭੱਗ ਸਾਰਿਆਂ ਨੇ ਹੀ ਆਪੋ-ਆਪਣੇ ਢੰਗ ਨਾਲ ਖ਼ੁਸ਼ੀ ਦਾ ਇਜ਼ਹਾਰ ਕੀਤਾ। ਏਨੇ ਨੂੰ ਸ਼ਾਮ ਦੇ ਪੌਣੇ ਚਾਰ ਵੱਜ ਗਏ ਅਤੇ ਫਿਰ ਸਾਰਿਆਂ ਨੇ ਘਰਾਂ ਨੂੰ ਵਾਪਸੀ ਦੀ ਤਿਆਰੀ ਕਰ ਲਈ। ਚਾਰ ਕੁ ਵਜੇ ਫ਼ੈਰੀ ਲੈ ਕੇ ਜਦੋਂ ਵਾਪਸ ਪਹੁੰਚੇ ਤਾਂ ਅੱਗੇ ਬੱਸਾਂ ਤਿਆਰ ਖੜ੍ਹੀਆਂ ਸਵਾਰੀਆਂ ਦੀ ਉਡੀਕ ਕਰ ਰਹੀਆਂ ਸਨ ਅਤੇ ਉਨ੍ਹਾਂ ਵਿਚ ਸਵਾਰ ਹੋ ਕੇ ਘਰ-ਵਾਪਸੀ ਦਾ ਸਫ਼ਰ ਅਰੰਭ ਹੋ ਗਿਆ। ਖ਼ੁਸ਼ੀਆਂ ਭਰਪੂਰ ਇਸ ਪਿਕਨਿਕ ਦਾ ਸਾਰਿਆਂ ਨੇ ਪੂਰਾ ਅਨੰਦ ਮਾਣਿਆਂ ਅਤੇ ਇਸ ਦੀ ਸੁਹਾਵਣੀ ਯਾਦ ਲੰਮੇਂ ਸਮੇਂ ਤੱਕ ਸੱਭਨਾਂ ਦੇ ਮਨ ਵਿਚ ਰਹੇਗੀ।