Breaking News
Home / ਰੈਗੂਲਰ ਕਾਲਮ / ਨਸਲਕੁਸ਼ੀ

ਨਸਲਕੁਸ਼ੀ

ਜਦ ਸੱਤਾ ਦੇ ਸਿੰਘਾਸਣ ਉੱਪਰ
ਆ ਬੈਠਣ ਆਦਮਖ਼ੋਰ
ਦਹਾੜਨ ਲਹੂ ਪਿਆਸੇ ਮੁਕੱਦਮ
ਆਦਮ-ਬੋ ਕਰ ਰਹੀ ਹੋਵੇ ਜਨੂੰਨੀ ਭੀੜ
ਸਭ ਸ਼ੈਤਾਨ ਟੁੱਟ ਪੈਣ ਬੇਗੁਨਾਹਾਂ ‘ਤੇ
ਖੇਡਣ ਲਾਚਾਰ ਅਤੇ ਬੇਵੱਸਾਂ ਦੀ
ਖ਼ੂਨ ਦੀ ਹੋਲੀ
ਅਤੇ ਧਰਤ ਭਾਰਤ ਦੀ
ਥਾਂ-ਥਾਂ ਹੋ ਜਾਏ ਲਹੂ-ਲੁਹਾਣ….
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਰੱਖਿਅਕ ਹੀ ਬਣ ਜਾਣ ਭੱਖਿਅਕ
ਘੜਨ ਸਾਜਿਸ਼ ਖੁਰਾ-ਖੋਜ ਮਿਟਾਉਣ ਦੀ
ਕਰਨ ਜਨੂੰਨੀਆਂ ਦੀ ਪੁਸ਼ਤ- ਪਨਾਹੀ
ਦੇਣ ਖੁੱਲ੍ਹ ਮੌਤ ਦੇ ਤਾਂਡਵ ਦੀ
ਦਿਸੇ ਜਿਥੇ ਵੀ ‘ਖਾਸ’ ਨਸਲ ਦਾ ਸ਼ਖਸ
ਜਿਉਂਦੇ-ਜੀ ਸਾੜਨ ਸ਼ਰੇ- ਬਾਜ਼ਾਰ
ਨਾ ਬਖ਼ਸ਼ਣ ਉਸਦਾ ਘਰ ਪਰਿਵਾਰ…
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਸਰਕਾਰੀ ਅੱਤਿਵਾਦ ਦਾ ਹੋਵੇ ਨੰਗਾ-ਨਾਚ
ਆਕਾਸ਼ ਨੂੰ ਛੂਹ ਜਾਣ ਜਨੂੰਨੀ ਨਾਹਰਿਆਂ ਦੇ ਭਾਂਬੜ
‘ਮਖੌਟਾਧਾਰੀ ਨਕਲਚੀ’ ਪਾਵੇ ਬਲਦੀ ‘ਤੇ ਤੇਲ
ਤੇ ਚੀਖ- ਚੀਖ ਆਖੇ ‘ਖੂਨ ਦਾ ਬਦਲਾ ਖੂਨ’
ਇੱਕ- ਦੋ ਨਹੀਂ ਸੈਂਕੜੇ -ਹਜ਼ਾਰਾਂ ਦਾ ਖੂਨ
ਬੁੱਢੀ ਮਾਂ ਦਾ ਖੂਨ
ਬਿਰਧ ਬਾਪ ਦਾ ਖੂਨ
ਜਵਾਨ ਪੁੱਤ ਦਾ ਖੂਨ
ਮੁਟਿਆਰ ਧੀ ਦਾ ਖੂਨ
ਅਣਜੰਮੇ ਜੀਅ ਦਾ ਖੂਨ….
ਇਕੋ ਸ਼ਕਲ ਦਾ ਖੂਨ,
ਇਕੋ ਨਸਲ ਦਾ ਖੂਨ…
ਦੱਸੋ ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਨਿਸ਼ਾਨਾ ਬਣੇ ‘ਇੱਕ ਹੀ ਕੌਮ’
ਅਰਥਹੀਣ ਹੋ ਜਾਏ ਇਹ ਤਰਕ ਕਿ
ਕਿਹੜੀ ਹੈ ਉਸਦੀ ਸਿਆਸੀ ਜਮਾਤ?
ਕਿਹੜੀ ਹੈ ਉਸਦੀ ਵਿਚਾਰਧਾਰਾ?
ਕਿਹੜਾ ਹੈ ਉਸਦਾ ਵਪਾਰ-ਕਾਰੋਬਾਰ?
ਕੀ ਉਹ ਹੈ ਆਸਤਿਕ ਜਾਂ ਨਾਸਤਿਕ?
ਕੀ ਉਹ ਹੈ ਅਕਾਲੀ ਜਾਂ ਕਾਂਗਰਸੀ?
ਕੀ ਉਹ ਹੈ ਸੱਜੇਪੱਖੀ ਜਾਂ ਖੱਬੇਪੱਖੀ?
ਕੀ ਉਹ ਹੈ ਕਲੀਨਸ਼ੇਵ ਜਾਂ ਅੰਮ੍ਰਿਤਧਾਰੀ?
ਕੀ ਉਹ ਹੈ ਮਿਸ਼ਨਰੀ ਜਾਂ ਟਕਸਾਲੀ?
ਕੀ ਉਹ ਹੈ ਫੰਡਮੈਂਟਲਿਸਟ ਜਾਂ ਮਾਡਰੇਟ?
ਉਹ ਹੋਏ ਚਾਹੇ ਕਿਸੇ ਵੀ ਸ਼ਕਲ- ਸੂਰਤ ‘ਚ
ਉਸ ਦੀ ਹੋਂਦ ਮਿਟਾਉਣ ਲਈ ਬੱਸ ਏਨਾ ਹੀ ਕਾਫੀ
ਕਿ ਉਹ ਹੈ ਸਰਬੱਤ ਦਾ ਭਲਾ ਮੰਗਣ ਵਾਲਾ ‘ਸਿੱਖ’
ਉਸ ਦੀ ਅਲਖ ਮੁਕਾਉਣ ਲਈ ਬੱਸ ਏਨਾ ਹੀ ਬਹੁਤ ਕਿ
ਉਹ ਹੈ ਪੰਜਾਬ ਦਾ ਜਾਇਆ, ਗੁਰਮੁੱਖੀ ਦਾ ਪੁੱਤਰ
ਉਸ ਦੇ ਕਤਲ ਲਈ ਬੱਸ ਏਨੀ ਪਛਾਣ ਹੀ ਬਹੁਤ ਕਿ
ਉਸਨੇ ਹੱਥ ‘ਚ ਪਹਿਨਿਆ ਹੈ ‘ਕੜਾ’…
ਹੋਰ ਕਿਸਨੂੰ ਆਖੋਗੇ ਨਸਲਕੁਸ਼ੀ?
ਜਦ ਇੱਕ ਨਸਲ ‘ਤੇ ਆ ਝਪਟਣ ਸਾਰੇ ਸ਼ੈਤਾਨ
ਹੋਏ ਸਭ ਦਾ ਇਕ ਨਿਸ਼ਾਨਾ ਇਕ ਐਲਾਨ
ਹੈ ਮਿਟਾਉਣਾ ਸਿੱਖ ਕੌਮ ਦਾ ਨਾਮੋ-ਨਿਸ਼ਾਨ
ਇਕ ਕਹੇ ‘ਜਦ ਡਿੱਗੇ ਵੱਡਾ ਰੁੱਖ,
ਤਾਂ ਕੰਬਦੀ ਹੈ ਧਰਤੀ’
ਦੂਜਾ ਕਹੇ ‘ਪੀੜਤ ਖ਼ੁਦ ਹੀ ਹੈ ਦੋਸ਼ੀ
ਤੇ ਪੀੜਤ ਲਈ ਹੈ ‘ਸਬਕ’ ਵੱਡਾ ਰੁੱਖ ਡੇਗਣ ਦਾ
ਜਦ ਬਘਿਆੜਾਂ ਦੀ ਇੱਕ ਢਾਣੀ ਵਲੋਂ
ਲਹੂ ਪਿਆਸਾ ਭਿਅੰਕਰ ਰਾਜੀਵ
ਐਲਾਨ ਦਿੱਤਾ ਜਾਏ ‘ਭਾਰਤ ਰਤਨ’
ਤੇ ਬਘਿਆੜਾਂ ਦੀ ਦੂਜੀ ਢਾਣੀ ਵਲੋਂ
ਕੱਟੜਪੰਥੀ ਨਾਨਾ ਦੇਸ਼ਮੁਖ
ਐਲਾਨ ਦਿੱਤਾ ਜਾਏ ‘ਭਾਰਤ ਰਤਨ’
ਤੇ ਜਿਹੜੇ ਚੜ੍ਹ ਗਏ ਫਾਂਸੀਆਂ,
ਭੇਜੇ ਗਏ ਕਾਲੇਪਾਣੀਆਂ ਨੂੰ,
ਉਡਾਏ ਗਏ ਤੋਪਾਂ ਸਾਹਵੇਂ,
ਡੱਕੇ ਗਏ ਜੇਲ੍ਹਾਂ ਦੀਆਂ ਸਲਾਖਾਂ ਪਿਛੇ,
ਸ਼ਹੀਦ ਹੋਏ ਹੱਦਾਂ-ਸਰਹੱਦਾਂ ਦੀ ਰਾਖੀ ਕਰਦਿਆਂ,
ਉਨ੍ਹਾਂ ਨੂੰ ਮਿਲੇ ਇਹ ‘ਇਨਾਮ’..
ਨਸਲਕੁਸ਼ੀ! ਨਸਲਕੁਸ਼ੀ!! ਨਸਲਕੁਸ਼ੀ!!!
ਡਾ. ਗੁਰਵਿੰਦਰ ਸਿੰਘ, ਕੋਆਰਡੀਨੇਟਰ,
ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।
[email protected]
604-825-1550

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …