Breaking News
Home / ਰੈਗੂਲਰ ਕਾਲਮ / ਰੰਧਾਵਾ ਉਤਸਵ ਦੇ ਅੰਗ ਸੰਗ

ਰੰਧਾਵਾ ਉਤਸਵ ਦੇ ਅੰਗ ਸੰਗ

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਡਾ ਐਮ.ਐਸ.ਰੰਧਾਵਾ ਜੀ ਨੂੰ ਕਦੇ ਨਾ ਦੇਖਿਆ ਤੇ ਨਾ ਮਿਲਿਆ ਸਾਂ ਪਰ ਹਮੇਸ਼ਾ ਇਉਂ ਲੱਗਿਆ ਹੈ ਕਿ ਉਹਨਾਂ ਨੂੰ ਜਿਵੇਂ ਰੋਜ਼ ਨੇੜੇ ਤੋਂ ਦੇਖਦਾ ਤੇ ਮਿਲਦਾ ਰਿਹਾ ਹਾਂ। ਦੇਰ ਪਹਿਲਾਂ ਉਹਨਾਂ ਦੀ ਸਵੈ-ਜੀਵਨੀ ‘ਮੇਰੀ ਆਪ ਬੀਤੀ’ ਕਹਾਣੀ ਸੀ ਤੇ ਉਦੋਂ ਕਦੇ ਇਹ ਵੀ ਨਾ ਸੀ ਸੋਚਿਆ ਕਿ ਇੱਕ ਦਿਨ ਇਸੇ ਰੰਧਾਵਾ ਸਾਹਿਬ ਦੀ ਚੰਡੀਗੜ੍ਹ ਸੈਕਟਰ ਸੋਲਾਂ ਰੋਜ਼ ਗਾਰਡਨ ਦੀ ਵੱਖੀ ਵਿਚ ਸਥਾਪਿਤ ਕੀਤੀ ਹੋਈ ਸੰਸਥਾ ਪੰਜਾਬ ਕਲਾ ਪਰਿਸ਼ਦ ਵਿਚ ਕੰਮ ਕਰਨ ਦਾ ਮੌਕਾ ਵੀ ਮਿਲੇਗਾ। ਇਸ ਸਾਲ ਦੇ ਮਾਰਚ ਵਿਚ ਇਸ ਟਿਕਾਣੇ ‘ਤੇ ਕੰਮ ਕਰਦਿਆਂ ਸਾਲ ਹੋ ਜਾਏਗਾ। ਵੰਨ-ਸੁਵੰਨੇ ਦਿਨ ਦੇਖੇ ਹਨ ਤੇ ਇਸ ਵੱਕਾਰੀ ਤੇ ਸਰਕਾਰੀ ਸ੍ਰਪਰਸਤੀ ਵਾਲੀ ਸੰਸਥਾ ਵਿਚ ਕਲਾ, ਸਾਹਿਤ, ਸਭਿਆਚਾਰ ਦੇ ਅਣਗਿਣਤ ਸਿਤਾਰਿਆਂ ਦੀ ਚਮਕ-ਦਮਕ ਦੇਖੀ ਹੈ ਤੇ ਦੇਖ ਰਿਹਾ ਹਾਂ। ਡਾ. ਐਮ ਐਸ ਰੰਧਾਵਾ ਜੀ ਦੀ ਯਾਦ ਵਿਚ ਹਰ ਸਾਲ ਹੋਣ ਵਾਲਾ ਕਲਾ ਉਤਸਵ ਜੋ ਦੋ ਫਰਵਰੀ ਤੋਂ ਉਹਨਾਂ ਦੇ ਜਨਮ ਦਿਨ ਮੌਕੇ ਆਰੰਭ ਹੁੰਦਾ ਹੈ, ਤੇ ਸਾਰਾ ਹਫਤਾ ਰੋਜ਼ ਗਾਰਡਨ ਦੇ ਨਾਲ ਕਲਾ ਦਾ ਸਮੁੰਦਰ ਠਾਠਾਂ ਮਰਦਾ ਹੈ, ਇਸ ਵਾਰੀ ਇਸ ਕਲਾ ਮੇਲੇ ਦਾ ਪ੍ਰਬੰਧਕੀ ਹਿੱਸੇਦਾਰ ਬਣਨ ਦਾ ਸੁਭਾਗ ਵੀ ਮਿਲਿਆ ਹੈ ਨਿਮਾਣੇ ਸੇਵਕ ਵਜੋਂ। ਇਸੇ ਦਿਨ ਆਥਣੇ ਰੰਧਾਵਾ ਜੀ ਦੇ ਸਪੁੱਤਰ ਜਤਿੰਦਰ ਸਿੰਘ ਰੰਧਾਵਾ ਤੇ ਪੋਤੇ ਸਤਿੰਦਰ ਰੰਧਾਵਾ ਦੇ ਦੀਦਾਰ ਕਰ ਕੇ ਲੱਗਿਆ ਕਿ ਜਿਵੇਂ ਰੰਧਾਵਾ ਜੀ ਨੂੰ ਵੀ ਮਿਲ ਲਿਆ ਹੋਵੇ! ਰੰਧਾਵਾ ਜੀ ਦੇ ਪੁੱਤ-ਪੋਤੇ ਸੱਚੇ ਦਿਲੋਂ ਪ੍ਰਸੰਨ ਹੋ ਰਹੇ ਸਨ ਕਲਾ ਭਵਨ ਦੀ ਰੌਣਕ ਤੇ ਵੰਨ-ਸੁਵੰਨੇੜੇ ਰੰਗਾਂ ਵਿਚ ਰੰਗਿਆ ਦੇਖ ਕਿ ਉਹਨਾਂ ਦੇ ਪੂਰਵਜ ਦੀ ਕਰਨੀ ਕਿੰਨੀ ਚੰਗੀ ਤਰ੍ਹਾਂ ਨਿੱਖਰ ਕੇ ਸਾਹਮਣੇ ਆਈ ਹੈ।
ਰੰਧਾਵਾ ਜੀ ਯਾਦਗਾਰੀ ਤਸਵੀਰਾਂ ਦੇ ਰੂਪ ਵਿਚ ਵੱਡੇ ਵੱਡੇ ਫਲੈਕਸਾਂ ‘ਤੇ ਮੁਸਕਰਾ ਰਹੇ ਸਨ। ਇੱਕ ਤਸਵੀਰ ਵਿਚ ਰੰਧਾਵਾ ਜੀ ਨਾਲ ਬੈਠਾ ਬਲਵੰਤ ਗਾਰਗੀ ਨਿੱਘ ਮਹਿਸੂਸ ਕਰ ਰਿਹਾ ਸੀ ਤੇ ਇੱਕ ਪਾਸੇ ਸ਼ਿਵ ਕੁਮਾਰ ਬਟਾਲਵੀ ਦੀ ਰੰਧਾਵਾ ਜੀ ਬਾਰੇ ਲਿਖੀ ਕਵਿਤਾ ਸ਼ੰਗਾਰ ਬਣੀ ਹੋਈ ਸੀ।
ਪੰਜਾਬ ਦੀਆਂ ਮਾਣਮੱਤੀਆਂ ਹਸਤੀਆਂ ਨੂੰ ‘ਗੌਰਵ ਪੰਜਾਬ ਪੁਰਸਕਾਰ’ ਭੇਟ ਕਰਨ ਮੌਕੇ ਸਟੇਜ ਉਤੇ ਲੱਗੀ ਡਿਊਟੀ ਸਮੇਂ ਹੱਥ-ਪੜੱਥੀ ਵਿਚ ਮਾਣ ਮਹਿਸੂਸ ਹੋਇਆ। ਸੱਤ ਫਰਵਰੀ ਦੀ ਸ਼ਾਮ ਇਹ ਉਤਸਵ ਸਮਾਪਤ ਹੋਇਆ ਆਪਣੇ ਰੰਗ ਬਿਖੇਰਦਾ। ਇੱਕ ਗੱਲ ਜੋ ਚੁਭਦੀ ਰਹਿੰਦੀ ਹੈ ਕਿ ਚੰਡੀਗੜ੍ਹੀਏ ਪੰਜਾਬੀ ਇਸ ਮਾਣਮੱਤੀ ਸੰਸਥਾ ਦੇ ਸਮਾਗਮਾਂ ਦੀ ਰੌਣਕ ਦਾ ਲਾਭ ਉਠਾਉਣ ਤੋਂ ਅਵੇਸਲੇ ਨਜ਼ਰ ਆਉਂਦੇ ਨੇ। ਇਹ ਸੰਸਥਾ ਪੰਜਾਬੀ ਕਲਾਵਾਂ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਖਾਤਰ ਰੰਧਾਵਾ ਜੀ ਨੇ ਸਰਕਾਰ ਦੀ ਸਰਪ੍ਰਸਤੀ ਹੇਠ ਸਥਾਪਿਤ ਕਰ ਕੇ ਪੰਜਾਬੀਆਂ ਨੂੰ ਸੌਂਪੀ ਸੀ। ਰੰਧਾਵਾ ਜੀ ਤੋਂ ਬਿਨਾਂ ਪੰਜਾਬ ਦੀਆਂ ਨਾਮੀਂ ਹਸਤੀਆਂ ਇਸ ਸੰਸਥਾ ਦੀਆਂ ਚੇਅਰਮੈਨ ਰਹੀਆਂ ਹਨ, ਜਿਨ੍ਹਾਂ ਵਿਚ ਕਰਤਾਰ ਸਿੰਘ ਦੁੱਗਲ ਦਾ ਨਾਂ ਵੀ ਸ਼ਾਮਿਲ ਹੈ ਤੇ ਅੱਜਕੱਲ੍ਹ ਡਾ. ਸੁਰਜੀਤ ਪਾਤਰ ਜੀ ਚੇਅਰਮੈਨ ਹਨ। ਗੌਰਵ ਪੰਜਾਬ ਹਾਸਿਲ ਕਰਨ ਆਈ ਡਾ. ਦਲੀਪ ਕੌਰ ਟਿਵਾਣਾ ਆਪਣੇ ਭਾਸ਼ਣ ਵਿਚ ਰੰਧਾਵਾ ਜੀ ਨੂੰ ਹੁੱਭ ਕੇ ਚੇਤੇ ਕਰ ਰਹੀ ਸੀ ਤੇ ਸਰੋਤੇ ਸਾਹ ਰੋਕ ਕੇ ਸੁਣ ਰਹੇ ਸਨ। ਇਹ ਪਲ ਮੈਨੂੰ ਪਿਆਰੇ ਪਿਆਰੇ ਲੱਗੇ ਤੇ ਯਾਦਗਾਰੀ ਵੀ।
ਕਲਾ ਭਵਨ ਦੇ ਪੱਕੇ ਵਿਹੜੇ ਵਿਚ ਮੰਜੇ ਜੋੜ ਕੇ ਉਹਨਾਂ ਉਤੇ ਸਪੀਕਰ ਬੰਨ੍ਹੇ ਜਾਂਦੇ ਹਨ ਤੇ ਕਾਲੇ ਤਵਿਆਂ ਵਿਚੋਂ ਗੀਤ ਗੂੰਜਦੇ ਨੇ-ਪਹਿਲੇ ਦਿਨ ਦੀ ਸਵੇਰ ਉਸਤਾਦ ਯਮਲੇ ਜੱਟ ਦਾ ਤਵਾ ਗੂੰਜਿਆਂ-‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ’-ਤਾਂ ਲੱਗਿਆ ਕਿ ਜਿਵੇਂ ਪਿੰਡ ਵਿਚ ਕਿਸੇ ਮੁੰਡੇ ਦੇ ਮੰਗਣੇ ਉਤੇ ਗੀਤ ਵੱਜ ਰਿਹਾ ਹੈ। ਨਾਭੇ ਕੋਲੋਂ ਪਿੰਡ ਲੁਬਾਣੇ ਤੋਂ ਤਵਿਆਂ ਦੀ ਸੰਭਾਲ ਕਰਨ ਵਾਲਾ ਭੀਮ ਸਿੰਘ ਹਰ ਸਾਲ ਤਵੇ ਗੂੰਜਾਉਣ ਆਉਂਦਾ ਹੈ। ਕਿਧਰੇ ਨੁੱਕੜ ਨਾਟਕ ਖੇਡਿਆ ਜਾ ਰਿਹਾ ਸੀ। ਕਿਧਰੇ ਕਵੀ ਦਰਬਾਰ ਵਿਚ ਕਵੀਆਂ ਦੇ ਤਰਾਨੇ ਗੂੰਜ ਰਹੇ ਸਨ। ਕਿਧਰੇ ਵੰਨ-ਸੁਵੰਂਨੀਆਂ ਨੁਮਾਇਸ਼ਾਂ ਲੱਗੀਆਂ ਹੋਈਆਂ। ਰੰਗ-ਬਿਰੰਗੇ ਝੰਡੇ ਝੂਲ ਰਹੇ ਸਨ ਤੇ ਕਿਧਰੇ ਸੂਫ਼ੀਆਨਾ ਕਲਾਮ ਗਾ ਰਿਹਾ ਸੀ ਰੱਬੀ ਸ਼ੇਰਗਿਲ। ਮਲਵੱਈ ਗਿੱਧਾ ਪਾ ਰਹੇ ਸਨ ਚੱਠੇ ਸੇਖਵਾਂ ਵਾਲੇ ਗੱਭਰੂ। ਦਿੱਲੀਓਂ ਆਏ ਡਾ ਮਦਨ ਗੋਪਾਲ ਦੀ ਗਾਇਕੀ ਨੇ ਸਰੋਤੇ ਮੋਹ ਲਏ। ਨਵੀਂ ਪੀੜ੍ਹੀ ਦੇ ਕਲਾਕਾਰ ਮਿਆਰੀ ਗਾਇਕੀ ਗਾ ਰਹੇ ਤੇ ਇਸ ਬਾਰੇ ਗੱਲਾਂਬਾਤਾਂ ਵੀ ਕਰ ਰਹੇ ਸਨ। ਚੇਅਰਮੈਨ ਡਾ. ਪਾਤਰ ਤੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਦੀ ਦੇਖ ਰੇਖ ਹੇਠ ਸਫਲਤਾ ਨਾਲ ਨੇਪਰੇ ਚੜ੍ਹੇ ਰੰਧਾਵਾ ਕਲਾ ਉਤਸਵ ਦੀਆਂ ਰੌਣਕਾਂ ਚਿਰ ਤੀਕ ਮਨ ਦੇ ਕੋਨਾਂ ਮੱਲੀ ਰੱਖਣਗੀਆਂ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …