ਆਉ ਰਲ਼ ਕੇ ਮਨਾਈਏ ਦੀਵਾਲੀ।
ਦੀਵੇ ਬਾਲ਼ ਰੁਸ਼ਨਾਈਏ ਦੀਵਾਲੀ।
ਖੁਸ਼ੀਆਂ ਖੇੜੇ ਸਭ ਦੇ ਵਿਹੜੇ,
ਮਿਲੀਏ ਜੁਲੀਏ ਗਾਈਏ ਦੀਵਾਲੀ।
ਰੱਜਿਆਂ ਨੂੰ ਕੀ ਹੋਰ ਰਜਾਉਣਾ,
ਭੁੱਖਿਆਂ ਤਾਈਂ ਖੁਆਈਏ ਦੀਵਾਲੀ।
ਗਿਲੇ ਸ਼ਿਕਵੇ ਭੁਲਾਅ ਕੇ ਸਾਰੇ,
ਰੁੱਸੇ ਗਲ਼ ‘ਨਾ ਲਾਈਏ ਦੀਵਾਲੀ।
ਘਰ ਦੀ ਸਾਫ਼ ਸਫ਼ਾਈ ਕਰੀਏ,
ਮਨ ਦੀ ਮੈਲ਼ ਲਾਹੀਏ ਦੀਵਾਲੀ।
ਸੁਧਰ ਜਾਣਗੇ ਰਿਸ਼ਤੇ ਐਪਰ,
ਪਿਆਰ ਦਾ ਹੱਥ ਵਧਾਈਏ ਦੀਵਾਲੀ।
ਜਿੱਤ ਨੇਕੀ ਦੀ ਹੋਈ ਬਦੀ ‘ਤੇ,
ਅਸੀਂ ਵੀ ਨੇਕੀ ਵਿਖਾਈਏ ਦੀਵਾਲੀ।
ਆ ‘ਜੇ ਕੋਈ ਸਵਾਲੀ ਦਰ ‘ਤੇ,
ਮੱਥੇ ਵੱਟ ਨਾ ਪਾਈਏ ਦੀਵਾਲੀ।
ਰੱਖ ਦਰ ਖੁੱਲ੍ਹੇ ਲੱਛਮੀ ਬੁਲਾਵੇਂ,
ਆਪਣੇ ਵੀ ਬੁਲਾਈਏ ਦੀਵਾਲੀ।
ਪਰ ਕੀ ਫ਼ਾਇਦਾ ਜਸ਼ਨ ਮਨਾਈਏ,
ਆਪੇ ਵੰਡ ਕੇ ਆਪੇ ਖਾਈਏ।
ਬਿਰਧ ਘਰਾਂ ‘ਚ ਰੁਲ਼ਦੇ ਮਾਪੇ,
ਜੱਗ ਉਹਨਾਂ ਨੂੰ ਸੁੰਨਾਂ ਜਾਪੇ।
ਫ਼ਰਜ਼ ਪਛਾਣ ਕੇ ਆਪਣਾ,
ਉਨ੍ਹਾਂ ਦੀ ਘਰ ‘ਚ ਥਾਂ ਬਣਾਈਏ।
‘ਹਕੀਰ’ ਨਾ ਸੀਨੇ ਹੋਰ ਤਪਾਈਏ,
ਆਓ ਸਾਰੇ ਕਸਮਾਂ ਖਾਈਏ।
ਜਰੂਰ ਆਪਾਂ ਮਨਾਈਏ ਦੀਵਾਲੀ।
‘ਅੰਦਰ’ ਵੀ ਰੁਸ਼ਨਾਈਏ ਦੀਵਾਲੀ।
ਸੁਲੱਖਣ ਸਿੰਘ +647-786-6329