ਸਭ ਤੋਂ ਉੱਚਾ ਰਿਸ਼ਤਾ ਮਾਂ ਦਾ ਏ,
ਇਹਦੇ ਬਰਾਬਰ ਹੋਰ ਕੌਣ ਤੁੱਲ ਸਕਦਾ।
ਸਾਰੀ ਉਮਰ ਦੇਣ ਨਹੀਂ ਦੇ ਹੁੰਦਾ,
ਕੋਈ ਸੁਆਰਥੀ ਬੰਦਾ ਹੀ ਭੁੱਲ ਸਕਦਾ।
ਗੀਤ (ਸੱਚੀ ਘਟਨਾ ‘ਤੇ ਅਧਾਰਿਤ)
ਮਾਂ ਦੇ ਕੰਨੀ ਪਾਇਆ ਸੋਨਾ,
ਪੁੱਤਰਾਂ ਲਾਹੁਣਾ ਚਾਹਿਆ ਸੋਨਾ।
ਸਸਕਾਰ ਦੀ ਕਰਨ ਤਿਆਰੀ ਲੱਗੇ,
ਅਗਨ ਭੇਂਟ ਕਰਨ ਪਿਆਰੀ ਲੱਗੇ।
ਰਹੀ ਹੱਥਾਂ ਨਾਲ ਖੁਆਉਂਦੀ ਨਿਵਾਲੀਆਂ।
ਜਦੋਂ ਤੁਰ ਜਾਣ ਜਹਾਨੋਂ ਮਾਵਾਂ,
ਸੁਆਹ ਵਿੱਚੋਂ ਲੱਭਣ ਵਾਲ਼ੀਆਂ।
ਰਾਖ ਵਿੱਚੋਂ ਵੀ ਲੱਭਣਾ ਚਾਹੁੰਦੇ,
ਪਾਇਆ ਗਹਿਣਾ ਕੱਢਣਾ ਚਾਹੁੰਦੇ।
ਕਿਸੇ ਆਖਿਆ ਭਲਿਆ ਲੋਕਾ,
ਅੱਗ ‘ਚ ਸਭ ਕੁੱਝ ਜਲਿਆ ਲੋਕਾ।
ਕਿਉਂ ਪੁੱਤਰਾਂ ਨੇ ਸ਼ਰਮਾਂ ਲਾਹ ਲੀਆਂ।
ਜਦੋਂ ਤੁਰ ਜਾਣ ਜਹਾਨੋਂ ਮਾਵਾਂ,
ਸੁਆਹ ਵਿੱਚੋਂ ਲੱਭਣ ਵਾਲ਼ੀਆਂ।
ਮਾਵਾਂ ਦੀ ਕੁਰਬਾਨੀ ਭੁੱਲ ਗਏ,
ਕੋਈ ਨਾ ਇਹਦਾ ਸਾਨੀ ਭੁੱਲ ਗਏ।
ਕਦਰ ਕਿਉਂ ਨਾ ਪਾਈ ਭੋਰਾ,
ਤੁਰ ਗਈ ਲੈ ਕੇ ਦਿਲ ਵਿੱਚ ਝੋਰਾ।
ਜੀਉਂਦੇ ਜੀਅ ਫ਼ਿਕਰਾਂ ਨੇ ਖਾ ਲੀਆਂ।
ਜਦੋਂ ਤੁਰ ਜਾਣ ਜਹਾਨੋਂ ਮਾਵਾਂ,
ਸੁਆਹ ਵਿੱਚੋਂ ਲੱਭਣ ਵਾਲ਼ੀਆਂ।
ਕਿਹੜੇ ਰਾਹ ਅਸੀਂ ਪੈ ਗਏ ਲੋਕੋ,
ਰਿਸ਼ਤੇ ਕਿੱਥੇ ਰਹਿ ਗਏ ਲੋਕੋ।
ਜੀਉਂਦੇ ਜੀਅ ਨਾ ਸੇਵਾ ਕੀਤੀ,
ਮਾਂ ਦੇ ਦਿਲ ‘ਤੇ ਕੀ ਨਹੀਂ ਬੀਤੀ।
ਅੰਤ ਸਮੇਂ ਆ ਦਿੱਤੀਆਂ ਦਿਖਾਲੀਆਂ।
ਜਦੋਂ ਤੁਰ ਜਾਣ ਜਹਾਨੋਂ ਮਾਵਾਂ,
ਸੁਆਹ ਵਿੱਚੋੰ ਲੱਭਣ ਵਾਲ਼ੀਆਂ।
ਤੁਰ ਗਈ ਕਰਕੇ ਸੁੰਨਾਂ ਵਿਹੜਾ,
ਮਾਂ ਤੋਂ ਦੂਰ ਰਿਹਾ ਸੀ ਜਿਹੜਾ।
ਪਾਇਆ ਗਹਿਣਾ ਕਿਵੇਂ ਮੈਂ ਲਾਹਵਾਂ,
ਹੋਣ ਪੂਰੀਆਂ ਦਿਲੀ ਇਛਾਵਾਂ।
ਨੀਤਾਂ ਮਾੜੀਆਂ ਨਾ ਜਾਣ ਸੰਭਾਲੀਆ।
ਜਦੋਂ ਤੁਰ ਜਾਣ ਜਹਾਨੋਂ ਮਾਵਾਂ,
ਸੁਆਹ ਵਿੱਚੋਂ ਲੱਭਣ ਵਾਲ਼ੀਆਂ।
ਘੋਰ ਕਲਯੁੱਗ ਦੀ ਇਹੋ ਨਿਸ਼ਾਨੀ,
ਲੈ ਜਨਮ ਕੁੱਖੋਂ, ਮਾਂ ਨਾ ਪਹਿਚਾਨੀ।
ਸਭ ਦਾ ਅੰਤ ਸਮਾਂ ਹੈ ਆਉਣਾ,
ਹਰ ਕੋਈ ਇੱਥੇ ਵਾਂਙ ਪ੍ਰਾਹੁਣਾ।
‘ਸੁੱਖ’ ਲਾਲਚਾਂ ‘ਚ ਉਮਰਾਂ ਗਵਾ ਲੀਆਂ।
ਜਦੋਂ ਤੁਰ ਜਾਣ ਜਹਾਨੋਂ ਮਾਵਾਂ,
ਸੁਆਹ ਵਿੱਚੋਂ ਲੱਭਣ ਵਾਲ਼ੀਆਂ।
– ਸੁਲੱਖਣ ਮਹਿਮੀ
+647-786-6329