Breaking News

ਕੋਰੜਾ

ਨਾ ਮਾਰੇ ਡਾਂਗ ਸੋਟਾ, ਬਸ ਮੱਤ ਮਾਰਦਾ।
ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ।
ਟੱਪ ਜਾਵੇ ਜਦੋਂ ਹੱਦਾਂ ਬੰਨੇ ਸਾਰੀਆਂ।
ਮੈਂ ਮੇਰੀ ਦੀਆਂ ਲੱਗੀਆਂ ਬਿਮਾਰੀਆਂ।
ਵੈਰ ਹੁੰਦਾ ਕਹਿੰਦੇ ਅੱਤ ਹੰਕਾਰ ਦਾ।
ਨਾ ਮਾਰੇ ਡਾਂਗ ਸੋਟਾ, ਬਸ ਮੱਤ ਮਾਰਦਾ।
ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ।

ਮੂਸਾ ਨੱਠਾ ਮੌਤੋਂ, ਉਹ ਅੱਗੇ ਆ ਖੜ੍ਹੀ।
ਬਚਣੇ ਦੀ ਕੀਤੀ ਭਾਵੇਂ ਹਿੰਮਤ ਬੜੀ।
ਹੋ ਗਿਆ ਬੇਹਾਲ, ਸਾਹ ਸੱਤ ਹਾਰਦਾ।
ਨਾ ਮਾਰੇ ਡਾਂਗ ਸੋਟਾ, ਬਸ ਮੱਤ ਮਾਰਦਾ।
ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ।

ਕੰਮ ਕੱਢ ਪਾਸੇ ਜਿਹੜੇ ਹੋ ਜਾਂਦੇ ਨੇ।
ਕਰਦੇ ਨੇ ਛੇਕ ਜਿਸ ਥਾਲੀ ਖਾਂਦੇ ਨੇ।
ਜਾਣਦੇ ਨਾ ਗੁਣ ਕੀਤੇ ਉੱਪਕਾਰ ਦਾ।
ਨਾ ਮਾਰੇ ਡਾਂਗ ਸੋਟਾ, ਬਸ ਮੱਤ ਮਾਰਦਾ।
ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ।

ਦਿਲ ਵਿੱਚ ਖੋਟ ਪਛਤਾਉਣਾ ਪਵੇਗਾ।
ਕੀਤੇ ਦਾ ਹਿਸਾਬ ਵੀ ਚੁਕਾਉਣਾ ਹੋਵੇਗਾ।
ਮੰਨ ਲੈ ਤੂੰ ਭਾਣਾ ਉਸ ਕਰਤਾਰ ਦਾ।
ਨਾ ਮਾਰੇ ਡਾਂਗ ਸੋਟਾ, ਬਸ ਮੱਤ ਮਾਰਦਾ।
ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ।

ਹਰ ਵੇਲ਼ੇ ਕਰੇ ਕਿਉਂ ਗ਼ੁਮਾਨ ਚੰਦਰਾ।
ਮਨ ਸਾਡਾ ਭੈੜਾ ਬੇਈਮਾਨ ਚੰਦਰਾ।
ਘੁੱਟ ਦਿੰਦਾ ਗਲ ਸੱਚੇ ਸੁੱਚੇ ਪਿਆਰ ਦਾ।
ਨਾ ਮਾਰੇ ਡਾਂਗ ਸੋਟਾ, ਬੱਸ ਮੱਤ ਮਾਰਦਾ।
ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ।

ਗੁੱਸੇ ‘ਚ ਹੁੰਦੀ ਕਦੇ ਸੋਚ ਵਿਚਾਰ ਨਾ।
ਉੱਡ ਜਾਂਦਾ ਚੈਨ ਰਹੇ ਕੋਈ ਸਾਰ ਨਾ।
ਆਵੇ ਨਾ ਖਿਆਲ ਹੋਏ ਸਤਿਕਾਰ ਦਾ।
ਨਾ ਮਾਰੇ ਡਾਂਗ ਸੋਟਾ, ਬਸ ਮੱਤ ਮਾਰਦਾ।
ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ।

ਭੁੱਲ ‘ਜੇ ਪਿਆਰੇ ਨੂੰ ਪਿਆਰ ਆਖਣਾ।
ਸ਼ੱਕ ਕਰ ਕਹੇ, ਦਿਲਦਾਰ ਪਰਖਣਾ।
ਸਭ ਝੂਠ ਭਾਵੇਂ ਕਹਿੰਦਾ ਜਿੰਦ ਵਾਰਦਾ।
ਨਾ ਮਾਰੇ ਡਾਂਗ ਸੋਟਾ, ਬਸ ਮੱਤ ਮਾਰਦਾ।
ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ।

ਨੇਕੀ ਕਰੋ ਹੱਕ ਨਾ ਜਿਤਾਓ ਮਿੱਤਰੋ।
ਕਰੋ ਭਲਾ ਭੁੱਲ ਫਿਰ ਜਾਓ ਮਿੱਤਰੋ।
‘ਹਕੀਰ’ ਮੰਨ ਲੈ ਅਸੂਲ ਸੰਸਾਰ ਦਾ।
ਨਾ ਮਾਰੇ ਡਾਂਗ ਸੋਟਾ , ਬਸ ਮੱਤ ਮਾਰਦਾ।
ਭੱਜਿਆ ਨਾ ਜਾਵੇ, ਘੇਰਾ ਘੱਤ ਮਾਰਦਾ।
ਸੁਲੱਖਣ ਸਿੰਘ
ਫੋਨ 647-786-6329

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 9ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਚਿੱਠੀਆਂ ਲਿਖਣ ਲਈ ਵੀ ਟਾਈਮ …