Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਯੂਨੀਵਰਸਿਟੀ ਦਾ ਅਗਲਾ ਸਮੈਸਟਰ ਚੱਲੇਗਾ ਆਨਲਾਈਨ

ਕੈਨੇਡਾ ਯੂਨੀਵਰਸਿਟੀ ਦਾ ਅਗਲਾ ਸਮੈਸਟਰ ਚੱਲੇਗਾ ਆਨਲਾਈਨ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਕਰੋਨਾ ਵਾਇਰਸ ਨੂੰ ਭਾਵੇਂ ਪ੍ਰਭਾਵੀ ਢੰਗ ਨਾਲ ਕੰਟਰੋਲ ਕੀਤਾ ਗਿਆ ਹੈ ਪਰ ਅਜੇ ਵੀ ਰੋਜ਼ਾਨਾ ਕੁਝ ਨਵੇਂ ਕੇਸ ਆ ਰਹੇ ਹਨ ਅਤੇ ਮੌਤਾਂ ਵੀ ਹੋ ਰਹੀਆਂ ਹਨ। ਦੇਸ਼ ਵਿਚ ਹੁਣ ਤੱਕ 115000 ਦੇ ਕਰੀਬ ਲੋਕਾਂ ਦਾ ਟੈਸਟ ਪਾਜ਼ੀਟਿਵ ਆ ਚੁੱਕਾ ਹੈ, ਜਿਨ੍ਹਾਂ ਵਿਚੋਂ ਲਗਪਗ 100000 ਮਰੀਜ਼ ਠੀਕ ਹੋ ਚੁੱਕੇ ਹਨ। ਮੌਤਾਂ ਦਾ ਅੰਕੜਾ 8900 ਨੂੰ ਪਾਰ ਕਰ ਗਿਆ। ਨੌਜਵਾਨਾਂ ਦਾ ਟੈਸਟ ਪਾਜ਼ੀਟਿਵ ਆਉਣ ਨੂੰ ਘੱਟ ਖ਼ਤਰਨਾਕ ਸਮਝਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਬਿਮਾਰੀਆਂ ਨਾਲ ਸਾਹਮਣਾ ਕਰਨ ਦੀ ਸਮਰੱਥਾ (ਇਮੀਊਨ ਸਿਸਟਮ) ਅਜੇ ਮਜ਼ਬੂਤ ਹੁੰਦਾ ਹੈ ਪਰ ਅਣਗਹਿਲੀਆਂ (ਬਚਾਅ ਲਈ ਸਾਵਧਾਨੀਆਂ ਨਾ ਵਰਤਣ) ਕਰਕੇ ਕਈ ਨੌਜਵਾਨਾਂ ਦੀਆਂ ਮੌਤਾਂ ਵੀ ਹੋਈਆਂ ਹਨ। ਇਸੇ ਦੌਰਾਨ ਕਰੋਨਾ ਵਾਇਰਸ ਦੀਆਂ ਰੁਕਾਵਟਾਂ ਕਾਰਨ ਕੈਨੇਡਾ ਭਰ ਵਿਚ ਕਾਰੋਬਾਰ ਪੜ੍ਹਾਅ ਵਾਰ ਖੋਲ੍ਹੇ ਜਾ ਰਹੇ ਹਨ ਪਰ ਵਿੱਦਿਅਕ ਅਦਾਰੇ ਖੋਲ੍ਹਣਾ ਸਰਕਾਰ ਦੀ ਪਹਿਲ ਵਿਚ ਨਹੀਂ ਹੈ। ਇਹ ਵੀ ਕਿ ਵਿੱਦਿਅਕ ਅਦਾਰਿਆਂ ਵਿਚ ਕੋਰੋਨਾ-ਸੱਭਿਆਚਾਰ ਦੇ ਮੁਤਾਬਿਕ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਸਤੰਬਰ 2020 ਤੋਂ ਕਲਾਸਾਂ ਵਿਚ ਸਰੀਰਕ ਦੂਰੀ ਵਾਸਤੇ ਵਿਦਿਆਰਥੀਆਂ ਦੀ ਗਿਣਤੀ ਘੱਟ (ਅੱਧੀ) ਕਰਨਾ ਅਤੇ ਆਨਲਾਈਨ ਪੜ੍ਹਾਈ ਕਰਵਾਉਣਾ ਸ਼ਾਮਿਲ ਹੈ। ਕੈਨੇਡਾ ਭਰ ਵਿਚ ਲਗਪਗ ਸਾਰੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਲੋਂ ਸਤੰਬਰ 2020 ਤੋਂ ਸ਼ੁਰੂ ਹੋਣ ਵਾਲੇ ਸਮੈਸਟਰ ਆਨਲਾਈਨ ਕੀਤਾ ਜਾ ਰਹੇ ਹੈ, ਜਿਸ ਦਾ ਭਾਵ ਹੈ ਕਿ ਕੈਨੇਡੀਅਨ ਵਿਦਿਆਰਥੀ ਵੀ ਘਰੋਂ ਹੀ ਪੜ੍ਹਾਈ ਕਰਕੇ ਆਪਣੇ ਪ੍ਰਾਜੈਕਟ ਤਿਆਰ ਕਰਨਗੇ। ਟੋਰਾਂਟੋ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ, ਯੂਨੀਵਰਸਿਟੀ ਆਫ਼ ਮਾਂਟਰੀਅਲ, ਮੈਕਗਿਲ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਵਿਕਟੋਰੀਆ ਦੇ ਸਤੰਬਰ 2020 ਸਮੈਸਟਰ ਦੇ ਵਧੇਰੇ ਕੋਰਸ ਆਨਲਾਈਨ ਕਰ ਦਿੱਤੇ ਗਏ ਹਨ।
ਕੁਝ ਲੈਬ ਸੈਸ਼ਨ ਕੈਂਪਸ ਵਿਚ ਹੋ ਸਕਦੇ ਹਨ ਪਰ ਉਨ੍ਹਾਂ ਵਿਚ ਵਿਦਿਆਰਥੀਆਂ ਦਾ ਇਕਦਮ ਭੀੜ ਨਹੀਂ ਪੈਣ ਦਿੱਤੀ ਜਾਵੇਗੀ। ਅਜਿਹੇ ਵਿਚ ਜਿਹੜੇ ਵਿਦਿਆਰਥੀ ਵਿਦੇਸ਼ਾਂ ਤੋਂ ਕੈਨੇਡਾ ਵਿਚ ਆ ਵੀ ਜਾਣਗੇ, ਉਨ੍ਹਾਂ ਦੀ ਪੜ੍ਹਾਈ ਇੰਟਰਨੈੱਟ ਰਾਹੀਂ ਘਰ ਤੋਂ ਹੀ ਹੋਵੇਗੀ ਜੋ ਉਹ ਆਪਣੇ ਦੇਸ਼ ਵਿਚ ਵੀ ਘਰ ਬੈਠ ਕੇ ਕਰ ਸਕਦੇ ਹਨ, ਜਿਸ ਨਾਲ ਵੱਡੇ ਖ਼ਰਚਿਆਂ ਦੀ ਬੱਚਤ ਸੰਭਵ ਹੈ। ਕੁਝ ਸਥਾਨਕ ਵਿਦਿਆਰਥੀ ਯੂਨੀਅਨਾਂ ਵਲੋਂ ਯੂਨੀਵਰਸਿਟੀ ਫ਼ੀਸਾਂ ਵਿਚ ਰਿਆਇਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਯੂਨੀਵਰਸਿਟੀ ਕੈਂਪਸ ਦੀ ਸਰਵਿਸ ਘਟੀ ਹੈ। ਇਸ ਬਾਰੇ ਅਜੇ ਕੋਈ ਹਾਂ ਪੱਖੀ ਨਤੀਜਾ ਨਹੀਂ ਨਿਕਲਿਆ। ਮੈਕਗਿਲ ਯੂਨੀਵਰਸਿਟੀ ਦੀ ਪ੍ਰਿੰਸੀਪਲ ਸੁਜਾਨਾ ਫੋਰਟੀਏਰ ਨੇ ਕਿਹਾ ਹੈ ਕਿ ਟਿਊਸ਼ਨ ਫ਼ੀਸ ਘੱਟ ਨਹੀਂ ਕੀਤੀ ਜਾ ਸਕਦੀ। ਵਿਦੇਸ਼ੀ ਵਿਦਿਆਰਥੀਆਂ ਵਾਸਤੇ ਇਸ ਯੂਨੀਵਰਸਿਟੀ ਦੀ ਕੋਰਸ ਮੁਤਾਬਿਕ ਸਾਲਾਨਾ ਟਿਊਸ਼ਨ ਫ਼ੀਸ 18 ਹਜ਼ਾਰ ਤੋਂ 48 ਹਜ਼ਾਰ ਡਾਲਰ ਤੱਕ ਹੈ।

Check Also

ਕੈਨੇਡਾ ਵਿਚ ਅੰਗਰੇਜ਼ੀ ਭਾਸ਼ਾ ਦਾ ਟੈਸਟ ਖ਼ਤਮ ਨਹੀਂ

ਕੈਨੇਡਾ ਸਰਕਾਰ ਨੇ ਕਿਸੇ ਵੀ ਕੈਟਾਗਿਰੀ ਵਿਚ ਟੈਸਟ ਖਤਮ ਕਰਨ ਦਾ ਨਹੀਂ ਕੀਤਾ ਕੋਈ ਐਲਾਨ …