Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਨੂੰ ਇਮੀਗ੍ਰਾਂਟਾਂ ਦੀ ਲੋੜ : ਮਕੈਲਮ

ਕੈਨੇਡਾ ਨੂੰ ਇਮੀਗ੍ਰਾਂਟਾਂ ਦੀ ਲੋੜ : ਮਕੈਲਮ

Picture with the John McCallum copy copyਕਿਹਾ ਇਮੀਗ੍ਰੇਸ਼ਨ ਨੀਤੀਆਂ ‘ਚ ਕਰਾਂਗੇ ਢੁਕਵੇਂ ਬਦਲਾਅ, ਸਟੂਡੈਂਟਾਂ ਲਈ ਪੱਕੇ ਹੋਣਾ ਹੋਵੇਗਾ ਆਸਾਨ
ਬਰੈਂਪਟਨ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਸਿਟੀਜ਼ਨਸ਼ਿਪ, ਰਫਿਊਜੀ ਐਂਡ ਇਮੀਗ੍ਰੇਸ਼ਨ ਮੰਤਰੀ ਜੌਨ ਮਕੈਲਮ ਬੀਤੇ ਬੁੱਧਵਾਰ ਬਰੈਂਪਟਨ ਵਿਖੇ ਪੁੱਜੇ। ਬਰੈਂਪਟਨ ਦੇ ਸਾਰੇ 5 ਸੰਸਦ ਮੈਂਬਰਾਂ ਦੀ ਹਾਜ਼ਰੀ ‘ਚ ਉਨ੍ਹਾਂ ਨੇ ਆਪਣੇ ਮੰਤਰਾਲੇ ਰਾਹੀਂ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਨਾਲ ਸਬੰਧਿਤ ਕੁਝ ਮੁਸ਼ਕਿਲਾਂ ਹੱਲ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਮੌਕੇ ‘ਤੇ ਹਾਜ਼ਰ ਪੱਤਰਕਾਰਾਂ ਦੇ ਸਵਾਲਾਂ  ਦੇ ਜਵਾਬ ਦਿੱਤੇ। ਉਨ੍ਹਾਂ ਆਖਿਆ ਕਿ ਉਹ ਲੋਕਾਂ ਦੇ ਵਿਚਾਰ ਸੁਣ ਕੇ ਇਮੀਗ੍ਰੇਸ਼ਨ ਨੀਤੀਆ ‘ਚ ਢੁਕਵੇਂ ਅਤੇ ਲੋੜੀਂਦੇ ਬਦਲਾਅ ਕਰਨਾ ਚਾਹੁੰਦੇ ਹਨੇ। ਕੈਨੇਡਾ ਦੇ ਲੋਕਾਂ ਦੀ ਉਮਰ ਵੱਧ ਰਹੀ ਹੈ, ਬੱਚੇ ਘੱਟ ਪੈਦਾ ਹੋ ਰਹੇ ਹਨ ਜਿਸ ਕਰਕੇ ਦੇਸ਼ ਦੀ ਆਰਥਿਕਤਾ ਨੂੰ ਧੜਕਦੀ ਰੱਖਣ ਲਈ ਨਵੇਂ ਇਮੀਗ੍ਰਾਂਟਾਂ ਦੀ ਸਖਤ ਲੋੜ ਹੈ। ਵੈਸੇ ਤਾਂ ਸਾਰੇ ਦੇਸ਼ ਵਿੱਚ ਹੀ ਇਮੀਗ੍ਰਾਂਟ ‘ਵੈਲਕਮ’ ਹਨ ਪਰ ਪੂਰਬੀ ਇਲਾਕਿਆਂ ਵਿੱਚ ਨੌਜਵਾਨ ਵਸੋਂ ਵਧਾਉਣ ਲਈ ਇਮੀਗ੍ਰਾਂਟਾਂ ਨੂੰ ਵੱਧ ਮੌਕੇ ਮਿਲ ਸਕਦੇ ਹਨ। ਮੰਤਰੀ ਮਕੈਲਮ ਨੇ ਦੱਸਿਆ ਕਿ ਇਸ ਮਕਸਦ ਲਈ ਵਿਦੇਸ਼ੀ ਸਟੂਡੈਂਟਾਂ ਲਈ ਪੱਕੇ ਹੋਣਾ ਸੌਖਾ ਕਰਨਗੇ ਜਿਸ ਬਾਰੇ ਨੀਤੀ ਦਾ ਐਲਾਨ ਜਲਦੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਟੂਡੈਂਟ ਕੈਨੇਡਾ ਦੀਆਂ ਜਰੂਰਤਾਂ ਮੁਤਾਬਿਕ ਸਭ ਤੋਂ ਵਧੀਆਂ ਇਮੀਗ੍ਰਾਂਟ ਹਨ। ਇਹ ਵੀ ਕਿ ਕੈਨੇਡਾ ਨੂੰ ਓਥੋਂ ਦੇ ਲੋਕਾਂ ਦੀਆਂ ਜੌਬਾਂ ਖੋਹਣ ਵਾਲੇ ਇਮੀਗ੍ਰਾਂਟ ਨਹੀਂ ਚਾਹੀਦੇ ਸਗੋਂ ਅਜਿਹੇ ਇਮੀਗ੍ਰਾਂਟ ਵਾਰਾ ਖਾਂਦੇ ਹਨ ਜੋ ਜੌਬਾਂ ਪੈਦਾ ਕਰਨ ਭਾਵ ਕਾਰੋਬਾਰ ਸ਼ੁਰੂ ਕਰਨ ਅਤੇ ਹੋਰ ਲੋਕਾਂ ਨੂੰ ਆਪਣੇ ਕੋਲ ਨੌਕਰੀਆਂ ‘ਤੇ ਰੱਖਣ। ਇਕ ਗੱਲ ਮੰਤਰੀ ਮਕੈਲਮ ਨੇ ਇਹ ਆਖੀ ਕਿ ਚੰਡੀਗੜ੍ਹ ਸਥਿਤ ਕੈਨੇਡਾ ਦੇ ਕੌਂਸਲੇਟ ਦਾ ਬੜਾ ਬੁਰਾ ਹਾਲ ਹੈ। ਓਥੇ ਕਿਸੇ ਨੂੰ ਅੱਜ ਵੀਜ਼ਾ ਤੋਂ ਨਾਂਹ ਹੋ ਜਾਵੇ ਤਾਂ ਹੋ ਸਕਦਾ ਕਿ ਉਸ ਨੂੰ ਭਲ਼ਕੇ ਵੀਜ਼ਾ ਲਗਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕੌਂਸਲੇਟ ਦੇ ਕੰਮਕਾਜ ‘ਚ ਚੋਖੇ ਸੁਧਾਰਾਂ ਦੀ ਲੋੜ ਹੈ ਅਤੇ ਉਹ ਇਸ ਪਾਸੇ ਧਿਆਨ ਦੇ ਰਹੇ ਹਨ। ਰਜਿੰਦਰ ਸੈਣੀ ਹੁਰਾਂ ਦੇ ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਮਕੈਲਮ ਨੇ ਕਿਹਾ ਕਿ ਵਿਜ਼ਟਰ ਵੀਜ਼ਾ ਨਾਲ ਸਬੰਧਿਤ ਮੁਸ਼ਕਿਲਾਂ ਹੱਲ ਕਰਨਾ ਸਮੇਂ ਦੀ ਲੋੜ ਹੈ। ਵਿਜ਼ਟਰ ਵੀਜ਼ਾ ਲਈ ਫਾਰਮ ਨੂੰ ਸੌਖਾ ਕਰਨ ਦੇ ਮੁੱਦੇ ‘ਤੇ ਉਨ੍ਹਾਂ ਆਖਿਆ ਕਿ ਕੈਨੇਡਾ ਦਾ ਵੀਜ਼ਾ ਲਈ ਇੰਟਰਵਿਊ ਘੱਟ ਲਿਆ ਜਾਂਦਾ ਹੈ ਜਿਸ ਕਰਕੇ ਫਾਰਮ ਵਿੱਚ ਜ਼ਿਆਦਾ ਜਾਣਕਾਰੀ ਮੰਗੀ ਜਾਂਦੀ ਹੈ। ਅਮਰ ਸਿੰਘ ਭੁੱਲਰ ਵਲੋਂ ਕੀਤੇ ਸਵਾਲ ਬਾਰੇ ਉਨ੍ਹਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਲਈ ਫਰਾਡ ਦਾ ਸਹਾਰਾ ਲੈਣ ਵਾਲੇ ਲੋਕਾਂ ਪ੍ਰਤੀ ਸਿਸਟਮ ਸਖਤੀ ਨਾਲ ਪੇਸ਼ ਆਉਂਦਾ ਹੈ ਅਤੇ ਫਰਾਡ ਦੇ ਕੰਮ ਨੂੰ ਪਹਿਲਾਂ ਦੇ ਮੁਕਾਬਲੇ ਬਹੁਤ ਠੱਲ੍ਹਿਆ ਜਾ ਚੁੱਕਾ ਹੈ। ਇਸ ਮੌਕੇ ‘ਤੇ ਮੀਡੀਆ ਦੀ ਵੱਡੀ ਹਾਜ਼ਰੀ ਸੀ ਮੰਤਰੀ ਮਕੈਲਮ ਨੇ ਸਾਰਿਆਂ ਨੂੰ ਬੜੇ ਗਹੁ ਨਾਲ ਸੁਣਿਆ ਅਤੇ ਸਵਾਲਾਂ ਦੇ ਜਵਾਬ ਠਰ੍ਹੰਮੇ ਨਾਲ ਅਤੇ ਖਿੜੇ ਮੱਥੇ ਦਿੱਤੇ। ਮੰਤਰੀ ਦੇ ਬੋਲਣ ਤੋਂ ਪਹਿਲਾਂ ਐਮ.ਪੀ  ਰੂਬੀ ਸਹੋਤਾ, ਰਾਜ ਗਰੇਵਾਲ, ਕਮਲ ਖਹਿਰਾ, ਸੋਨੀਆ ਸਿੱਧੂ ਅਤੇ ਰਮੇਸ਼ਵਰ ਸੰਘਾ ਨੇ ਸਾਰੇ ਪੱਤਰਕਾਰਾਂ ਦਾ ਪਹੁੰਚਣ ਲਈ ਧੰਨਵਾਦ ਕੀਤਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …